ਕਿਸਾਨੀ ਹੱਕਾਂ ਲਈ ਸੰਤ ਰਾਮ ਸਿੰਘ ਨੇ ਦਿੱਤੀ ਜਾਨ, ਖੱਟੜ ਨੇ ਟਵੀਟ ਕਰ ਜਤਾਇਆ ਦੁੱਖ
Thursday, Dec 17, 2020 - 11:21 AM (IST)
ਹਰਿਆਣਾ/ਨਵੀਂ ਦਿੱਲੀ— ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ’ਤੇ ਕਿਸਾਨ ਪਿਛਲੇ 21 ਦਿਨਾਂ ਤੋਂ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਹੋਏ ਹਨ। ਇਸ ਦੌਰਾਨ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ। ਸਿੰਘੂ ਸਰਹੱਦ ’ਤੇ ਬੁੱਧਵਾਰ ਨੂੰ ਕਿਸਾਨਾਂ ਦੇ ਧਰਨੇ ’ਚ ਸ਼ਾਮਲ ਸੰਤ ਬਾਬਾ ਰਾਮ ਸਿੰਘ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਸੰਤ ਬਾਬਾ ਰਾਮ ਸਿੰਘ ਕਰਨਾਲ ਦੇ ਰਹਿਣ ਵਾਲੇ ਸਨ। ਉਨ੍ਹਾਂ ਦਾ ਇਕ ਸੁਸਾਈਡ ਨੋਟ ਵੀ ਸਾਹਮਣੇ ਆਇਆ ਹੈ। ਪੁਲਸ ਇਸ ਮਾਮਲੇ ਦੀ ਜਾਂਚ ’ਚ ਜੁਟੀ ਹੋਈ ਹੈ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਟਵਿੱਟਰ ’ਤੇ ਟਵੀਟ ਕਰਦਿਆਂ ਲਿਖਿਆ- ਸੰਤ ਬਾਬਾ ਰਾਮ ਸਿੰਘ ਜੀ ਦਾ ਦਿਹਾਂਤ ਸੰਤ ਸਮਾਜ, ਦੇਸ਼, ਸੂਬੇ ਅਤੇ ਮੇਰੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਹ ਅਤਿਅੰਤ ਦੁੱਖ ਦਾ ਪਲ ਹੈ, ਬਾਬਾ ਜੀ ਦੀ ਆਤਮਾ, ਪਰਮਾਤਮਾ ’ਚ ਵਿਲੀਨ ਹੋਵੇ। ਅਸੀ ਉਨ੍ਹਾਂ ਦੇ ਦਿਖਾਏ ਮਨੁੱਖੀ ਕਲਿਆਣ ਦੇ ਰਾਹ ’ਤੇ ਚੱਲਣ ਨੂੰ ਵਚਨਬੱਧ ਹਾਂ, ਇਹ ਹੀ ਉਨ੍ਹਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ।
ਦੱਸਣਯੋਗ ਹੈ ਕਿ ਸੰਤ ਬਾਬਾ ਰਾਮ ਸਿੰਘ ਕਰਨਾਲ ਜ਼ਿਲ੍ਹੇ ਦੇ ਪਿੰਡ ਸੀਂਘੜਾ ’ਚ ਰਹਿੰਦੇ ਸਨ, ਜਿੱਥ ਉਨ੍ਹਾਂ ਦਾ ਡੇਰਾ ਸੀ। ਆਪਣੇ ਭਗਤਾਂ ਵਿਚ ਉਹ ਸੀਂਘੜਾ ਵਾਲੇ ਬਾਬਾ ਦੇ ਨਾਂ ਤੋਂ ਜਾਣੇ ਜਾਂਦੇ ਸਨ। ਉਨ੍ਹਾਂ ਨੇ ਕਿਸਾਨ ਅੰਦੋਲਨ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਸੁਸਾਈਡ ਨੋਟ ਮੁਤਾਬਕ ਸੰਤ ਰਾਮ ਸਿੰਘ ਨੇ ਕਿਸਾਨਾਂ ’ਤੇ ਸਰਕਾਰ ਦੇ ਜ਼ੁਲਮ ਖ਼ਿਲਾਫ਼ ਖ਼ੁਦਕੁਸ਼ੀ ਕੀਤੀ ਹੈ। ਬਾਬਾ ਰਾਮ ਸਿੰਘ ਵੀ ਖ਼ੁਦ ਇਕ ਕਿਸਾਨ ਸਨ ਅਤੇ ਹਰਿਆਣਾ ਐੱਸ. ਜੀ. ਪੀ. ਸੀ. ਦੇ ਨੇਤਾ ਸਨ।
ਸੰਤ ਬਾਬਾ ਰਾਮ ਸਿੰਘ ਨੇ ਸੁਸਾਈਡ ਨੋਟ ਵਿਚ ਲਿਖਿਆ ਹੈ ਕਿ ਕਿਸਾਨਾਂ ਦਾ ਦੁੱਖ ਦੇਖਿਆ। ਉਹ ਆਪਣਾ ਹੱਕ ਲੈਣ ਲਈ ਸੜਕਾਂ ’ਤੇ ਹਨ। ਬਹੁਤ ਦਿਲ ਦੁਖਿਆ। ਸਰਕਾਰ ਨਿਆਂ ਨਹੀਂ ਦੇ ਰਹੀ। ਜ਼ੁਲਮ ਹੈ, ਜ਼ੁਲਮ ਕਰਨਾ ਪਾਪ ਹੈ, ਜ਼ੁਲਮ ਸਹਿਣਾ ਵੀ ਪਾਪ ਹੈ। ਕਿਸੇ ਨੇ ਕਿਸਾਨਾਂ ਦੇ ਹੱਕ ਵਿਚ ਅਤੇ ਜ਼ੁਲਮ ਖ਼ਿਲਾਫ ਕੁਝ ਨਹੀਂ ਕੀਤਾ। ਕਈਆਂ ਨੇ ਸਨਮਾਨ ਵਾਪਸ ਕੀਤੇ। ਇਹ ਜ਼ੁਲਮ ਖ਼ਿਲਾਫ਼ ਆਵਾਜ਼ ਹੈ।