ਨਵਾਬ ਮਲਿਕ ਦਾ ਵਾਨਖੇੜੇ ਨੂੰ ਸਵਾਲ- ਕੀ ਨਸ਼ੀਲੇ ਪਦਾਰਥਾਂ ਦੀ ਤਸਕਰੀ ’ਚ ਤੁਹਾਡੀ ਸਾਲ਼ੀ ਵੀ ਹੈ ਸ਼ਾਮਲ?

Monday, Nov 08, 2021 - 04:49 PM (IST)

ਨਵਾਬ ਮਲਿਕ ਦਾ ਵਾਨਖੇੜੇ ਨੂੰ ਸਵਾਲ- ਕੀ ਨਸ਼ੀਲੇ ਪਦਾਰਥਾਂ ਦੀ ਤਸਕਰੀ ’ਚ ਤੁਹਾਡੀ ਸਾਲ਼ੀ ਵੀ ਹੈ ਸ਼ਾਮਲ?

ਮੁੰਬਈ- ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੇ ਐੱਨ.ਸੀ.ਬੀ. ਦੇ ਮੁੰਬਈ ਖੇਤਰ ਦੇ ਡਾਇਰੈਕਟਰ ਸਮੀਰ ਵਾਨਖੇੜੇ ’ਤੇ ਤਾਜ਼ਾ ਹਮਲਾ ਬੋਲਦੇ ਹੋਏ ਸੋਮਵਾਰ ਨੂੰ ਸਵਾਲ ਕੀਤਾ ਕਿ ਕੀ ਅਧਿਕਾਰੀ ਦੀ ਸਾਲੀ ‘ਨਸ਼ੀਲੇ ਪਦਾਰਥਾਂ ਦੀ ਤਸਕਰੀ’ ’ਚ ਸ਼ਾਮਲ ਸੀ। ਇਸ ਦੇ ਨਾਲ ਹੀ ਮਲਿਕ ਨੇ ਦਾਅਵਾ ਕੀਤਾ ਕਿ ਪੁਣੇ ਦੀ ਇਕ ਅਦਾਲਤ ’ਚ ਉਨ੍ਹਾਂ ਵਿਰੁੱਧ ਇਕ ਮਾਮਲਾ ਪੈਂਡਿੰਗ ਹੈ। ਹਾਲਾਂਕਿ ਨਾਰਕੋਟਿਕਸ ਕੰਟਰੋਲ ਬਿਊਰ (ਐੱਨ.ਸੀ.ਬੀ.) ਦੇ ਇਕ ਅਧਿਕਾਰੀ ਨੇ ਕਿਹਾ ਕਿ ਜਿਸ ਸਮੇਂ ਮਾਮਲਾ ਸਾਹਮਣੇ ਆਇਆ ਸੀ, ਉਸ ਸਮੇਂ ਵਾਨਖੇੜੇ ਮਾਲੀਆ ਸੇਵਾ ’ਚ ਵੀ ਨਹੀਂ ਆਏ ਸਨ। ਮਲਿਕ ਨੇ ਟਵੀਟ ਕਰ ਕੇ ਕਿਹਾ,‘‘ਸਮੀਰ ਦਾਊਦ ਵਾਨਖੇੜੇ, ਕੀ ਤੁਹਾਡੀ ਸਾਲੀ ਹਰਸ਼ਦਾ ਦੀਨਾਨਾਥ ਰੇਡਕਰ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ’ਚ ਸ਼ਾਮਲ ਹੈ? ਤੁਹਾਨੂੰ ਜਵਾਬ ਦੇਣਾ ਚਾਹੀਦਾ, ਕਿਉਂਕਿ ਉਨ੍ਹਾਂ ਦਾ ਮਾਮਲਾ ਪੁਣੇ ਦੀ ਅਦਾਲਤ ’ਚ ਪੈਂਡਿੰਗ ਹੈ। ਇੱਥੇ ਉਸ ਦਾ ਸਬੂਤ ਹੈ।’’

ਇਹ ਵੀ ਪੜ੍ਹੋ : ਛੱਤੀਸਗੜ੍ਹ : CRPF ਕੈਂਪ ’ਚ ਜਵਾਨ ਨੇ ਆਪਣੇ ਸਾਥੀਆਂ ’ਤੇ ਚਲਾਈਆਂ ਗੋਲੀਆਂ, ਚਾਰ ਸ਼ਹੀਦ

ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਨੇਤਾ ਨੇ ਉਸ ਮਾਮਲੇ ਨਾਲ ਜੁੜੇ ਇਕ ਦਸਤਾਵੇਜ਼ ਦੀ ਤਸਵੀਰ ਵੀ ਪੋਸਟ ਕੀਤੀ। ਮਲਿਕ ਦੇ ਦਾਅਵਿਆਂ ’ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਐੱਨ.ਸੀ.ਬੀ. ਦੇ ਇਕ ਅਧਿਕਾਰੀ ਨੇ ਕਿਹਾ ਕਿ ਵਾਨਖੇੜੇ ਸਤੰਬਰ 2008 ’ਚ ਭਾਰਤੀ ਮਾਲੀਆ ਸੇਵਾ (ਆਈ.ਆਰ.ਐੱਸ.) ’ਚ ਸ਼ਾਮਲ ਹੋਏ, ਜਦੋਂ ਕਿ ਮਾਮਲਾ (ਉਨ੍ਹਾਂ ਦੀ ਸਾਲੀ ਨਾਲ ਸੰਬੰਧਤ) ਜਨਵਰੀ 2008 ’ਚ ਦਰਜ ਕੀਤਾ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਵਾਨਖੇੜੇ ਨੇ 2017 ’ਚ ਹਰਸ਼ਦਾ ਰੇਡਕਰ ਦੀ ਭੈਣ ਕ੍ਰਾਂਤੀ ਰੇਡਕਰ ਨਾਲ ਵਿਆਹ ਕੀਤਾ। ਅਧਿਕਾਰੀ ਨੇ ਕਿਹਾ,‘‘ਔਰਤਾਂ ਵਿਰੁੱਧ ਹਮਲੇ ਮਲਿਕ ਕਦੋਂ ਰੋਕਣਗੇ? ਜਿੱਥੇ ਤੱਕ ਹਰਸ਼ਦਾ ਦੀਨਾਨਾਥ ਰੇਡਕਰ ਨਾਲ ਸੰਬੰਧਤ ਮਾਮਲੇ ਦਾ ਸਵਾਲ ਹੈ, ਇਹ ਕਾਫ਼ੀ ਪੁਰਾਣਾ ਮਾਮਲਾ ਹੈ ਅਤੇ ਅਦਾਲਤ ’ਚ ਹੈ। ਵਾਨਖੇੜੇ ਦਾ ਹਰਸ਼ਦਾ ਦੇ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।’’ ਉਨ੍ਹਾਂ ਕਿਹਾ,‘‘ਮਲਿਕ ਅਜਿਹੇ ਦੋਸ਼ ਕਿਉਂ ਲਗਾ ਰਹੇ ਹਨ, ਜਿਨ੍ਹਾਂ ਦੀ ਕੋਈ ਭਰੋਸੇਯੋਗਤਾ ਨਹੀਂ ਹੈ।’’ 

ਇਹ ਵੀ ਪੜ੍ਹੋ : RTI ’ਚ ਖ਼ੁਲਾਸਾ, ਭਾਰਤ ’ਚ 33 ਲੱਖ ਤੋਂ ਵੱਧ ਬੱਚੇ ਮਾੜੇ ਪਾਲਣ-ਪੋਸ਼ਣ ਦਾ ਸ਼ਿਕਾਰ

ਦੱਸਣਯੋਗ ਹੈ ਕਿ ਵਾਨਖੇੜੇ ਦੀ ਅਗਵਾਈ ’ਚ ਐੱਨ.ਸੀ.ਬੀ. ਦੀ ਇਕ ਟੀਮ ਨੇ ਪਿਛਲੇ ਮਹੀਨੇ ਮੁੰਬਈ ਤੱਟ ਕੋਲ ਇਕ ਕਰੂਜ਼ ਜਹਾਜ਼ ’ਤੇ ਛਾਪਾ ਮਾਰਿਆ ਸੀ ਅਤੇ ਦਾਅਵਾ ਕੀਤਾ ਸੀ ਜਹਾਜ਼ ਤੋਂ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ। ਇਸ ਮਾਮਲੇ ’ਚ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਅਤੇ 19 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮਲਿਕ ਨੇ ਵਾਰ-ਵਾਰ ਕਰੂਜ਼ ਮਾਮਲੇ ਨੂੰ ਫਰਜ਼ੀ ਕਰਾਰ ਦਿੱਤਾ ਅਤੇ ਉਨ੍ਹਾਂ ਨੇ ਵਾਨਖੇੜੇ ਵਿਰੁੱਧ ਕਈ ਦੋਸ਼ ਲਗਾਏ ਹਨ। ਹਾਲਾਂਕਿ ਵਾਨਖੇੜੇ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News