ਅੱਤਵਾਦ ਖ਼ਤਮ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਏ ਸਾਰਕ: ਜੈਸ਼ੰਕਰ

09/25/2020 2:52:03 PM

ਨਵੀਂ ਦਿੱਲੀ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀਰਵਾਰ ਨੂੰ ਕਿਹਾ ਕਿ ਸਾਰਕ ਨੂੰ ਅੱਤਵਾਦ, ਕਾਰੋਬਾਰ ਅਤੇ ਸੰਪਰਕ 'ਚ ਰੁਕਾਵਟ ਪੈਦਾ ਕਰਨ ਨਾਲ ਜੁੜੀਆਂ ਤਿੰਨ ਮਹੱਤਵਪੂਰਨ ਚੁਣੌਤੀਆਂ ਦਾ ਨਿਪਟਾਰਾ ਕਰਨ ਦੀ ਜ਼ਰੂਰਤ ਹੈ। ਵਿਦੇਸ਼ ਮੰਤਰੀ ਨੇ ਇਹ ਗੱਲ ਸਾਰਕ ਸਮੂਹ ਦੀ ਡਿਜ਼ੀਟਲ ਮਾਧਿਅਮ ਨਾਲ ਹੋਈ ਬੈਠਕ 'ਚ ਕਹੀ, ਜਿਸ ਨੂੰ ਪਾਕਿਸਤਾਨ ਦੀ ਆਲੋਚਨਾ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਸਾਰਕ ਵਿਦੇਸ਼ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਜੈਸ਼ੰਕਰ ਨੇ ਅੱਤਵਾਦ ਦਾ ਪੋਸ਼ਣ, ਸਮਰਥਨ ਅਤੇ ਉਤਸ਼ਾਹਤ ਕਰਨ ਵਾਲੀਆਂ ਤਾਕਤਾਂ ਸਮੇਤ ਅੱਤਵਾਦ ਦੀ ਬੁਰਾਈ ਨੂੰ ਖਤਮ ਕਰਨ ਲਈ ਸਮੂਹਕ ਸੰਕਲਪ ਦੀ ਜ਼ਰੂਰਤ ਦੱਸੀ। ਵਿਦੇਸ਼ ਮੰਤਰੀ ਨੇ 'ਗੁਆਂਢ ਪਹਿਲੇ' ਦੀ ਭਾਰਤ ਦੀ ਵਚਨਬੱਧਤਾ ਦੀ ਮੁੜ ਪੁਸ਼ਟੀ ਕੀਤੀ ਅਤੇ ਇਕ-ਦੂਜੇ ਨਾਲ ਜੁੜੇ, ਤਾਲਮੇਲ ਅਤੇ ਖੁਸ਼ਹਾਲ ਦੱਖਣੀ ਏਸ਼ੀਆ ਦੀ ਕਾਮਨਾ ਕੀਤੀ। ਇਸ ਬੈਠਕ 'ਚ ਹੋਰ ਲੋਕਾਂ ਤੋਂ ਇਲਾਵਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਹਿੱਸਾ ਲਿਆ।

ਇਸ ਦਾ ਆਯੋਜਨ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਤੋਂ ਵੱਖ ਇਸ ਸਮੂਹ ਦੇ ਵਿਦੇਸ਼ ਮੰਤਰੀਆਂ ਦਰਮਿਆਨ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਸੰਯੁਕਤ ਰਾਸ਼ਟਰ ਮਹਾਸਭਾ ਦਾ 75ਵਾਂ ਸੈਸ਼ਨ ਹਾਲੇ ਜਾਰੀ ਹੈ। ਜੈਸ਼ੰਕਰ ਨੇ ਕਿਹਾ ਕਿ ਸਾਰਕ ਨੇ ਪਿਛਲੇ 35 ਸਾਲਾਂ 'ਚ ਕਾਫ਼ੀ ਤਰੱਕੀ ਕੀਤੀ ਹੈ ਪਰ ਸਮੂਹਕ ਸਹਿਯੋਗ ਅਤੇ ਖੁਸ਼ਹਾਲੀ ਦੀ ਦਿਸ਼ਾ 'ਚ ਕੋਸ਼ਿਸ਼, ਅੱਤਵਾਦ ਅਤੇ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਨਾਲ ਜੁੜੀਆਂ ਗਤੀਵਿਧੀਆਂ ਕਾਰਨ ਪ੍ਰਭਾਵਿਤ ਹੋਏ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਉਨ੍ਹਾਂ ਦਾ ਹਵਾਲਾ ਦਿੰਦੇ ਹੋਏ ਕਈ ਟਵੀਟ ਰਾਹੀਂ ਇਹ ਗੱਲ ਦੱਸੀ। ਜੈਸ਼ੰਕਰ ਨੇ ਕਿਹਾ ਕਿ ਸਾਰਕ ਨੂੰ ਸਰਹੱਦ ਪਾਰ, ਅੱਤਵਾਦ, ਕਾਰੋਬਾਰ ਅਤੇ ਸੰਪਰਕ 'ਚ ਰੁਕਾਵਟ ਪੈਦਾ ਕਰਨ ਨਾਲ ਜੁੜੀਆਂ ਤਿੰਨ ਮਹੱਤਵਪੂਰਨ ਚੁਣੌਤੀਆਂ ਦਾ ਨਿਪਟਾਰਾ ਕਰਨ ਦੀ ਜ਼ਰੂਰਤ ਹੈ। ਇਸ ਤੋਂ ਬਾਅਦ ਹੀ ਅਸੀਂ ਦੱਖਣੀ ਏਸ਼ੀਆ 'ਚ ਟਿਕਾਊ ਸ਼ਾਂਤੀ, ਖੁਸ਼ਹਾਲੀ ਅਤੇ ਸੁਰੱਖਿਆ ਦੇਖ ਸਕਾਂਗੇ। ਦੱਸਣਯੋਗ ਹੈ ਕਿ ਪਾਕਿਤਾਨ ਨੇ 6 ਸਾਲ ਪਹਿਲਾਂ ਸਾਰਕ ਢਾਂਚੇ ਦੇ ਅਧੀਨ ਮਹੱਤਵਪੂਰਨ ਸੰਪਰਕ ਪਹਿਲ ਅਤੇ ਸਮੂਹ ਦੇ ਮੈਂਬਰ ਦੇਸ਼ਾਂ ਦਰਮਿਆਨ ਕਾਰੋਬਾਰ ਦੇ ਮਾਰਗ ਨੂੰ ਰੋਕਿਆ ਸੀ। ਸਾਰਕ 2016 ਦੇ ਬਾਅਦ ਤੋਂ ਓਨਾ ਪ੍ਰਭਾਵੀ ਨਹੀਂ ਰਿਹਾ ਅਤੇ ਇਸ ਦੀ ਆਖਰੀ ਬੈਠਕ 2014 'ਚ ਕਾਠਮੰਡੂ 'ਚ ਹੋਈ ਸੀ।


DIsha

Content Editor

Related News