ਰੂਸ-ਯੂਕ੍ਰੇਨ ਜੰਗ ’ਤੇ ਜੈਸ਼ੰਕਰ ਬੋਲੇ- ਖੂਨ ਵਹਾ ਕੇ ਅਤੇ ਮਾਸੂਮਾਂ ਦੀ ਜਾਨ ਲੈਣ ਨਾਲ ਕੋਈ ਹੱਲ ਨਹੀਂ ਨਿਕਲਦਾ

04/06/2022 5:53:59 PM

ਨਵੀਂ ਦਿੱਲੀ– ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਲੋਕ ਸਭਾ ’ਚ ਯੂਕ੍ਰੇਨ ਦੇ ਬੂਚਾ ਕਤਲੇਆਮ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਇਸ ਜੰਗ ਦੇ ਖ਼ਿਲਾਫ਼ ਹਾਂ। ਸਾਡਾ ਮੰਨਣਾ ਹੈ ਕਿ ਖੂਨ ਵਹਾ ਕੇ ਅਤੇ ਮਾਸੂਮਾਂ ਦੀ ਜਾਨ ਲੈਣ ਨਾਲ ਕੋਈ ਹੱਲ ਨਹੀਂ ਨਿਕਲ ਸਕਦਾ। ਇਸ ਲਈ ਗੱਲਬਾਤ ਅਤੇ ਕੂਟਨੀਤੀ ਦਾ ਰਸਤਾ ਅਪਣਾਉਣਾ ਚਾਹੀਦਾ ਹੈ। ਜੈਸ਼ਕਰ ਨੇ ਨਿਯਮ 193 ਤਹਿਤ ਯੂਕ੍ਰੇਨ ’ਚ ਹਾਲਾਤ ’ਤੇ ਚਰਚਾ ਦਾ ਸਦਨ ’ਚ ਜਵਾਬ ਦਿੰਦੇ ਹੋਏ ਕਿਹਾ ਕਿ ਯੁੱਧ ਨਾਲ ਵਿਵਾਦ ਦਾ ਹੱਲ ਨਹੀਂ ਨਿਕਲ ਸਕਦਾ। 

ਬੂਚਾ ਕਤਲੇਆਮ ਦੀ ਹੋਣੀ ਚਾਹੀਦੀ ਹੈ ਨਿਰਪੱਖ ਜਾਂਚ-
ਵਿਦੇਸ਼ ਮੰਤਰੀ ਨੇ ਕਿਹਾ ਕਿ ਬੂਚਾ ’ਚ ਆਮ ਨਾਗਰਿਕਾਂ ਦਾ ਕਤਲ ਇਕ ਨਿੰਦਾਯੋਗ ਅਪਰਾਧ ਹੈ। ਇਹ ਇਕ ਗੰਭੀਰ ਮਸਲਾ ਹੈ। ਇਸ ਦੀ ਸੁਤੰਤਰ ਏਜੰਸੀ ਵਲੋਂ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਯੂਕ੍ਰੇਨ ਜੰਗ ਦਾ ਗਲੋਬਲ ਅਤੇ ਭਾਰਤ ਦੀ ਅਰਥਵਿਵਸਥਾ ’ਤੇ ਕਾਫੀ ਪ੍ਰਭਾਵ ਪਿਆ ਹੈ। ਅਜਿਹੇ ’ਚ ਹਰ ਦੇਸ਼ ਆਪਣੀਆਂ ਨੀਤੀਆਂ ਬਦਲ ਰਿਹਾ ਹੈ ਅਤੇ ਇਸ ਜੰਗ ਦੇ ਨਤੀਜਿਆਂ ਦਾ ਮੁਲਾਂਕਣ ਕਰ ਰਿਹਾ ਹੈ। ਅਸੀ ਵੀ ਤੈਅ ਕਰ ਰਹੇ ਹਾਂ ਕਿ ਸਾਡੇ ਲਈ ਰਾਸ਼ਟਰੀ ਹਿੱਤ ’ਚ ਸਭ ਤੋਂ ਚੰਗਾ ਕੀ ਹੈ। 

ਵੱਡੀ ਗਿਣਤੀ ’ਚ ਯੂਕ੍ਰੇਨ ਤੋਂ ਵਿਦਿਆਰਥੀਆਂ ਨੂੰ ਕੱਢਿਆ-
ਜੈਸ਼ੰਕਰ ਨੇ ਕਿਹਾ  ਕਿ ‘ਆਪ੍ਰੇਸ਼ਨ ਗੰਗਾ’ ਇਕ ਵੱਡੀ ਚੁਣੌਤੀ ਸੀ। ਯੁੱਧ ਵਿਚਾਲੇ ਅਸੀਂ ਲੋਕਾਂ ਨੂੰ ਉਥੋਂ ਸੁਰੱਖਿਅਤ ਕੱਢਿਆ। ਨਾਲ ਹੀ ਦੂਜੇ ਦੇਸ਼ਾਂ ਦੇ ਨਾਗਰਿਕਾਂ ਨੂੰ ਵੀ ਉੱਥੋਂ ਕੱਢਿਆ, ਅਜਿਹਾ ਕਿਸੇ ਦੇਸ਼ ਨੇ ਨਹੀਂ ਕੀਤਾ। ਬਾਕੀ ਦੇਸ਼ ਸਾਡਾ ਉਦਾਹਰਣ ਦੇ ਰਹੇ ਹਨ ਅਤੇ ਖ਼ੁਦ ਪ੍ਰੇਰਣਾ ਲੈ ਰਹੇ ਹਨ। ਉੱਥੋਂ ਦੇ ਵਿਦਿਆਰਥੀਆਂ ਨੇ ਬਹੁਤ ਸਾਹਸ ਵਿਖਾਇਆ। ਇਹ ਗੱਲ ਵੀ ਜ਼ਰੂਰ ਕਹਾਂਗਾ ਕਿ ਜੇਕਰ ਸਾਡੇ 4 ਮੰਤਰੀ ਯੂਕ੍ਰੇਨ ਦੇ ਗੁਆਂਢੀ ਦੇਸ਼ਾਂ ’ਚ ਨਾ ਜਾਂਦੇ ਤਾਂ ਇਹ ਕੰਮ ਓਨੀਂ ਆਸਾਨੀ ਨਾਲ ਨਹੀਂ ਹੁੰਦਾ। ਮੈਂ ਇਸ ਪੂਰੇ ਟੀਮ ਵਰਕਰ ਦੀ ਪ੍ਰਸ਼ੰਸਾ ਕਰਦਾ ਹਾਂ। ਵਿਦੇਸ਼ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਖ਼ੁਦ ਦੋਹਾਂ ਦੇਸ਼ਾਂ ਦੇ ਨੇਤਾਵਾਂ ਨਾਲ ਗੱਲ ਕੀਤੀ, ਜਿੱਥੇ ਲੋਕ ਫਸੇ ਸਨ, ਉੱਥੇ ਯੁੱਧ ਰੁਕਵਾਇਆ। ਦੋਹਾਂ ਦੇਸ਼ਾਂ ਨੂੰ ਬੇਨਤੀ ਕੀਤੀ ਕਿ ਜਿੱਥੋਂ ਵਿਦਿਆਰਥੀ ਨਿਕਲ ਰਹੇ ਹਨ, ਉੱਥੇ ਗੋਲੀਬਾਰੀ ਨਾ ਕਰੋ ਅਤੇ ਇਸ ਤਰ੍ਹਾਂ ਵਿਦਿਆਰਥੀਆਂ ਨੂੰ ਖਾਰਕੀਵ ’ਚੋਂ ਨਿਕਲਣ ’ਚ ਮਦਦ ਮਿਲੀ। 


Tanu

Content Editor

Related News