ਸਰਕਾਰ ਕਿਸਾਨਾਂ ਦੇ ਅੰਦਲੋਨ ਨੂੰ ਬਦਨਾਮ ਕਰਨ ਦੀ ਕਰ ਰਹੀ ਹੈ ਕੋਸ਼ਿਸ਼ : ਰੁਲਦੂ ਸਿੰਘ
Friday, Jan 29, 2021 - 03:42 PM (IST)

ਨਵੀਂ ਦਿੱਲੀ– ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨੀ ਅਦੰਲੋਨ ਨੂੰ ਦੋ ਮਹੀਨਿਆਂ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਵਲੋਂ ਕੱਢੀ ਟਰੈਕਟਰ ਪਰੇਡ ਦੌਰਾਨ ਕਈ ਥਾਵਾਂ ’ਤੇ ਹਿੰਸਕ ਘਟਨਾਵਾਂ ਵਾਪਰੀਆਂ ਨਾਲ ਕਿਸਾਨੀ ਅੰਦੋਲਨ ’ਤੇ ਸਵਾਲ ਵੀ ਉੱਠ ਰਹੇ ਹਨ। ਇਸ ਦਰਮਿਆਨ ਕਿਸਾਨ ਏਕਤਾ ਮੋਰਚਾ ਵਲੋਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਪੰਜਾਬ ਤੋਂ ਲੈ ਕੇ ਕਿਸਾਨੀ ਅਦੰਲੋਨ ਲਗਭਗ 5ਵੇਂ ਮਹੀਨੇ ’ਚ ਪਹੁੰਚ ਗਿਆ ਹੈ। ਦੋ ਮਹੀਨੇ ਪੰਜਾਬ ਅਤੇ ਲਗਭਗ ਦੋ ਮਹੀਨੇ ਦਿੱਲੀ ’ਚ ਕਿਸਾਨੀ ਅੰਦੋਲਨ ਚੱਲ ਰਿਹਾ ਹੈ।
26 ਜਨਵਰੀ ਦੀ ਟਰੈਕਟਰ ਪਰੇਡ ਨੂੰ ਲੈ ਕੇ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਸਰਕਾਰ ਟਰੈਕਟਰ ਪਰੇਡ ਦੇ ਸ਼ੁਰੂ ਤੋਂ ਹੀ ਖ਼ਿਲਾਫ਼ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਭਾਵੇਂ ਹੀ ਟਰੈਕਟਰ ਪਰੇਡ ਦੀ ਕਿਸਾਨਾਂ ਨੂੰ ਮਨਜ਼ੂਰੀ ਦੇ ਦਿੱਤੀ ਸੀ ਪਰ ਕੁਝ ਤਾਕਤਾਂ ਨਾਲ ਮਿਲ ਕੇ ਸਰਕਾਰ ਕਿਸਾਨਾਂ ਦੇ ਅਕਸ ਨੂੰ ਖ਼ਰਾਬ ਕਰਨਾ ਚਾਹੁੰਦੀ ਸੀ। ਰੁਲਦੂ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਕੁਝ ਤਾਕਤਾਂ ਨਾਲ ਮਿਲ ਕੇ ਕਿਸਾਨੀ ਅੰਦੋਲਨ ਨੂੰ ਬਦਨਾਮ ਕੀਤਾ। ਕਿਸਾਨਾਂ ਦੀਆਂ 40 ਜਥੇਬੰਦੀਆਂ ਨੇ ਟਰੈਕਟਰ ਪਰੇਡ ਉਥੇ ਹੀ ਕੱਢੀ ਜੋ ਰਸਤਾ ਦਿੱਲੀ ਪੁਲਸ ਵਲੋਂ ਤੈਅ ਕੀਤਾ ਗਿਆ ਸੀ। ਹਿੰਸਾ ਸਿਰਫ ਉਥੇ ਭੜਕੀ ਜਿਥੇ ਕੁਝ ਸ਼ਰਾਰਤੀ ਅਨਸਰਾਂ ਨੇ ਅੰਦੋਲਨ ਨੂੰ ਭਟਕਾ ਕੇ ਗਲਤ ਰਸਤੇ ’ਤੇ ਪਾਇਆ। ਰੁਲਦੂ ਸਿੰਘ ਨੇ ਕਿਹਾ ਕਿ ਜਦੋਂ ਤੋਂ ਅੰਦੋਲਨ ਸ਼ੁਰੂ ਹੋਇਆ ਹੈ ਅਸੀਂ ਕਦੇਂ ਨਹੀਂ ਕਿਹਾ ਕਿ ਅਸੀਂ ਲਾਲ ਕਿਲ੍ਹੇ ’ਤੇ ਝੰਡਾ ਲਹਿਰਾਉਣਾ ਹੈ। ਲਾਲ ਕਿਲ੍ਹੇ ’ਤੇ ਕਿਸੇ ਧਰਮ ਦਾ ਝੰਡਾ ਨਹੀਂ ਸਿਰਫ ਕੌਮੀ ਝੰਡਾ ਹੀ ਲਹਿਰਾਇਆ ਜਾਣਾ ਚਾਹੀਦਾ ਹੈ। ਇਹ ਸਭ ਸਰਕਾਰ ਦੀ ਮਿਲੀ ਭੁਗਤ ਨਾਲ ਹੋਇਆ ਹੈ।
ਉਨ੍ਹਾਂ ਅੱਗੇ ਕਿਹਾ ਕਿ 26 ਜਨਵਰੀ ਦੀ ਟਰੈਕਟਰ ਪਰੇਡ ’ਚ ਭੜਕੀ ਹਿੰਸਾ ਦੌਰਾਨ ਘੱਟੋ-ਘੱਟ 50 ਟਰੈਕਟਰਾਂ ਦਾ ਅਜੇ ਤਕ ਕੁਝ ਪਤਾ ਨਹੀਂ ਲੱਗਾ। ਇੰਨਾ ਹੀ ਨਹੀਂ 200 ਤੋਂ 250 ਨੌਜਵਾਨ ਅਜੇ ਤਕ ਗਾਇਬ ਹਨ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ ਕਿ ਉਹ ਕਿੱਥੇ ਹਨ। ਇਸ ਦੌਰਾਨ 2 ਨੌਜਵਾਨਾਂ ਦੀ ਮੌਤ ਵੀ ਹੋ ਗਈ।