ਪਿੱਠ ਤੇ ਸਿਰ ’ਤੇ ਹੱਥ ਫੇਰਨ ਨਾਲ ਕੁੜੀ ਦੀ ਲੱਜਾ ਭੰਗ ਨਹੀਂ ਹੁੰਦੀ : ਹਾਈ ਕੋਰਟ
Wednesday, Mar 15, 2023 - 10:19 AM (IST)
ਮੁੰਬਈ (ਭਾਸ਼ਾ)- ਬੰਬੇ ਹਾਈ ਕੋਰਟ ਦੀ ਨਾਗਪੁਰ ਬੈਂਚ ਨੇ 28 ਸਾਲਾ ਇਕ ਵਿਅਕਤੀ ਦੀ ਦੋਸ਼ਸਿੱਧੀ ਰੱਦ ਕਰਦੇ ਹੋਏ ਕਿਹਾ ਕਿ ਕਿਸੇ ਗਲਤ ਨੀਅਤ ਤੋਂ ਬਿਨਾਂ ਨਾਬਾਲਿਗ ਕੁੜੀ ਦੀ ਪਿੱਠ ਅਤੇ ਸਿਰ ’ਤੇ ਸਿਰਫ਼ ਹੱਥ ਫੇਰ ਦੇਣ ਨਾਲ ਉਸ ਦੀ ਲੱਜਾ ਭੰਗ ਨਹੀਂ ਹੁੰਦੀ। ਮਾਮਲਾ 2012 ਦਾ ਹੈ, ਜਦੋਂ 18 ਸਾਲ ਦੇ ਨੌਜਵਾਨ ’ਤੇ 12 ਸਾਲ ਦੀ ਇਕ ਕੁੜੀ ਦੀ ਲੱਜਾ ਭੰਗ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਸੀ।
ਪੀੜਤਾ ਮੁਤਾਬਕ ਦੋਸ਼ੀ ਨੇ ਉਸ ਦੀ ਪਿੱਠ ਅਤੇ ਸਿਰ ’ਤੇ ਹੱਥ ਫੇਰਦੇ ਹੋਏ ਕਿਹਾ ਸੀ ਕਿ ਉਹ ਵੱਡੀ ਹੋ ਗਈ ਹੈ। ਅਦਾਲਤ ਨੇ 10 ਫਰਵਰੀ ਨੂੰ ਮਾਮਲੇ ਵਿਚ ਫੈਸਲਾ ਸੁਣਾਇਆ, ਜਿਸ ਦੀ ਕਾਪੀ 13 ਮਾਰਚ ਨੂੰ ਮੁਹੱਈਆ ਹੋਈ। ਜਸਟਿਸ ਭਾਰਤੀ ਡਾਂਗਰੇ ਦੀ ਸਿੰਗਲ ਬੈਂਚ ਨੇ ਦੋਸ਼ਸਿੱਧੀ ਰੱਦ ਕਰਦੇ ਹੋਏ ਕਿਹਾ ਕਿ ਅਜਿਹਾ ਪ੍ਰਤੀਤ ਨਹੀਂ ਹੁੰਦਾ ਕਿ ਦੋਸ਼ੀ ਦਾ ਕੋਈ ਗਲਤ ਇਰਾਦਾ ਸੀ ਸਗੋਂ ਉਸ ਦੀ ਗੱਲ ਤੋਂ ਲੱਗਦਾ ਹੈ ਕਿ ਉਹ ਪੀੜਤਾ ਨੂੰ ਬੱਚੀ ਦੇ ਤੌਰ ’ਤੇ ਦੇਖ ਰਿਹਾ ਸੀ।