ਰਾਸ਼ਟਰ ਦੇ ਨਾਂ ਸੰਬੋਧਨ ’ਚ ਬੋਲੀ ਰਾਸ਼ਟਰਪਤੀ ਮੁਰਮੂ, ‘ਇਕ ਰਾਸ਼ਟਰ, ਇਕ ਚੋਣ’ ਦਲੇਰ ਦ੍ਰਿਸ਼ਟੀਕੋਣ ਦੀ ਕੋਸ਼ਿਸ਼
Saturday, Jan 25, 2025 - 10:50 PM (IST)
ਨਵੀਂ ਦਿੱਲੀ, (ਭਾਸ਼ਾ)- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਾਉਣ ਸਬੰਧੀ ਸਰਕਾਰ ਦੀ ਪਹਿਲ ਨੂੰ ‘ਦਲੇਰਾਨਾ ਦ੍ਰਿਸ਼ਟੀਕੋਣ’ ਦੀ ਇਕ ਕੋਸ਼ਿਸ਼ ਦੱਸਿਆ ਅਤੇ ਕਿਹਾ ਕਿ ‘ਇਕ ਰਾਸ਼ਟਰ ਇਕ ਚੋਣ’ ਨਾਲ ਸ਼ਾਸਨ ਨੂੰ ਨਵੇਂ ਆਯਾਮ ਦਿੱਤੇ ਜਾ ਸਕਦੇ ਹਨ।
ਰਾਸ਼ਟਰਪਤੀ ਮੁਰਮੂ ਨੇ 76ਵੇਂ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ’ਤੇ ਸ਼ਨੀਵਾਰ ਨੂੰ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਸਰਕਾਰ ਦੇ ਕਈ ਸੁਧਾਰ ਕਰਨ ਵਾਲੇ ਅਤੇ ਕਲਿਆਣਕਾਰੀ ਕਦਮਾਂ ਤੇ ਕਾਨੂੰਨਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਹਾਲ ਹੀ ਦੇ ਦੌਰ ਵਿਚ ਬਸਤੀਵਾਦ ਮਾਨਸਿਕਤਾ ਨੂੰ ਬਦਲਣ ਦੀ ਠੋਸ ਕੋਸ਼ਿਸ਼ ਸਾਨੂੰ ਦਿਖਾਈ ਦੇ ਰਹੀ ਹੈ।
ਸੰਵਿਧਾਨ ਦੇ ਮਹੱਤਵ ਦਾ ਜ਼ਿਕਰ ਕਰਦੇ ਹੋਏ ਰਾਸ਼ਟਰਪਤੀ ਨੇ ਪਿਛਲੇ 75 ਸਾਲਾਂ ਵਿਚ ਹੋਈ ਤਰੱਕੀ ’ਤੇ ਰੌਸ਼ਨੀ ਪਾਈ। ਉਨ੍ਹਾਂ ਕਿਹਾ ਿਕ ਦੇਸ਼ ਦਾ ਸੰਵਿਧਾਨ ਭਾਰਤਵਾਸੀਆਂ ਦੀ ਸਮੂਹਿਕ ਪਛਾਣ ਦਾ ਮੂਲ ਆਧਾਰ ਹੈ ਅਤੇ ਇਹ ‘ਵਿਲੱਖਣ ਗ੍ਰੰਥ’ ਸਾਰੇ ਨਾਗਰਿਕਾਂ ਨੂੰ ਇਕ ਪਰਿਵਾਰ ਵਾਂਗ ਏਕਤਾ ਦੇ ਸੂਤਰ ਵਿਚ ਪਿਰੋਂਦਾ ਹੈ।
ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਭਾਰਤ ਵਿਚ ਜੋ ਅੱਜ ਵਿਆਪਕ ਬਦਲਾਅ ਆਏ ਹਨ, ਉਹ ਸੰਵਿਧਾਨ ਵਿਚ ਦੱਸੇ ਗਏ ਢਾਂਚੇ ਤੋਂ ਬਿਨਾਂ ਸੰਭਵ ਨਹੀਂ ਸਨ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਸਮੇਂ ਅਤੇ ਉਸ ਤੋਂ ਬਾਅਦ ਵੀ ਦੇਸ਼ ਦੇ ਇਕ ਵੱਡੇ ਹਿੱਸੇ ਵਿਚ ਬਹੁਤ ਜ਼ਿਆਦਾ ਗਰੀਬੀ ਅਤੇ ਭੁੱਖਮਰੀ ਸੀ ਪਰ ਸਾਡਾ ਆਤਮਵਿਸ਼ਵਾਸ ਕਦੇ ਵੀ ਨਹੀਂ ਡਗਮਗਾਇਆ।
ਰਾਸ਼ਟਰਪਤੀ ਮੁਰਮੂ ਨੇ ਹਾਸ਼ੀਏ ’ਤੇ ਧੱਕੇ ਭਾਈਚਾਰਿਆਂ, ਖਾਸ ਕਰ ਕੇ ਅਨੁਸੂਚਿਤ ਜਾਤੀਆਂ (ਐੱਸ. ਸੀ.), ਅਨੁਸੂਚਿਤ ਜਨਜਾਤੀਆਂ (ਐੱਸ. ਟੀ.) ਅਤੇ ਹੋਰ ਪੱਛੜੇ ਵਰਗਾਂ (ਓ. ਬੀ. ਸੀ.) ਨੂੰ ਸਹਾਇਤਾ ਪ੍ਰਦਾਨ ਕਰਨ ਦੇ ਯਤਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਮਹਾਕੁੰਭ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਸਾਡੀ ਸੱਭਿਆਚਾਰਕ ਵਿਰਾਸਤ ਨਾਲ ਸਾਡਾ ਰਿਸ਼ਤਾ ਹੋਰ ਡੂੰਘਾ ਹੋ ਗਿਆ ਹੈ। ਇਸ ਸਮੇਂ ਆਯੋਜਿਤ ਹੋ ਰਹੇ ਪ੍ਰਯਾਗਰਾਜ ਮਹਾਕੁੰਭ ਨੂੰ ਉਸ ਅਮੀਰ ਵਿਰਾਸਤ ਦੇ ਪ੍ਰਭਾਵਸ਼ਾਲੀ ਪ੍ਰਗਟਾਵੇ ਵਜੋਂ ਦੇਖਿਆ ਜਾ ਸਕਦਾ ਹੈ।