ਕਾਰਤੀ ਨੂੰ ਰਾਹਤ, ਜਾਂਚ ਏਜੰਸੀਆਂ ’ਤੇ ਉੱਠੇ ਸਵਾਲ

Friday, Oct 24, 2025 - 11:18 PM (IST)

ਕਾਰਤੀ ਨੂੰ ਰਾਹਤ, ਜਾਂਚ ਏਜੰਸੀਆਂ ’ਤੇ ਉੱਠੇ ਸਵਾਲ

ਨੈਸ਼ਨਲ ਡੈਸਕ- ਕਾਂਗਰਸ ਦੇ ਸੀਨੀਅਰ ਨੇਤਾ ਤੇ ਮਨਮੋਹਨ ਸਿੰਘ ਸਰਕਾਰ ’ਚ ਗ੍ਰਹਿ ਮੰਤਰੀ ਰਹੇ ਪੀ. ਚਿਦਾਂਬਰਮ ਦੇ ਬੇਟੇ ਤੇ ਤਾਮਿਲਨਾਡੂ ਦੇ ਸ਼ਿਵਗੰਗਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਕਾਰਤੀ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ।

ਉਨ੍ਹਾਂ ’ਤੇ ਆਈ. ਐੱਨ. ਐਕਸ. ਮੀਡੀਆ ਘਪਲੇ ਸਮੇਤ ਕਈ ਮਾਮਲਿਆਂ ’ਚ ਸ਼ਾਮਲ ਹੋਣ ਦੋਸ਼ ਲਾਏ ਗਏ ਹਨ। ਉਨ੍ਹਾਂ ਕੁਝ ਸਮਾਂ ਜੇਲ ’ਚ ਵੀ ਬਿਤਾਇਆ ਹੈ। ਉਨ੍ਹਾਂ ਦਾ ਪਾਸਪੋਰਟ ਪਹਿਲਾਂ ਜ਼ਬਤ ਕਰ ਲਿਆ ਗਿਆ ਸੀ। ਜਦੋਂ ਵੀ ਉਨ੍ਹਾਂ ਵਿਦੇਸ਼ੀ ਦੌਰੇ ’ਤੇ ਜਾਣਾ ਹੁੰਦਾ ਸੀ ਤਾਂ ਉਨ੍ਹਾਂ ਨੂੰ ਅਦਾਲਤ ਤੋਂ ਪਹਿਲਾਂ ਇਜਾਜ਼ਤ ਲੈਣੀ ਪੈਂਦੀ ਸੀ। ਘੱਟੋ-ਘੱਟ 2 ਹਫ਼ਤੇ ਪਹਿਲਾਂ ਸਫਰ ਦੀ ਜਾਣਕਾਰੀ ਦੇਣੀ ਪੈਂਦੀ ਸੀ।

ਹੁਣ ਦਿੱਲੀ ਹਾਈ ਕੋਰਟ ਨੇ ਵੱਡੀ ਰਾਹਤ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਵਿਦੇਸ਼ੀ ਦੌਰੇ ’ਤੇ ਜਾਣ ਸਮੇ ਪਹਿਲਾਂ ਇਜਾਜ਼ਤ ਲੈਣ ਦੀ ਲੋੜ ਨਹੀਂ । ਇਸ ਨੂੰ ਖਤਮ ਕਰ ਦਿੱਤਾ ਗਿਅਾ ਹੈ। ਇਸ ਦਾ ਮਤਲਬ ਇਹ ਹੈ ਕਿ ਕਾਰਤੀ ਹੁਣ ਅਦਾਲਤ ਦੀ ਆਗਿਆ ਤੋਂ ਬਿਨਾਂ ਹੀ ਵਿਦੇਸ਼ੀ ਦੌਰਾ ਕਰ ਸਕਦੇ ਹਨ। ਅਦਾਲਤ ਦੇ ਫੈਸਲੇ ’ਤੇ ਕੋਈ ਸਵਾਲ ਨਹੀਂ ਉਠਾ ਸਕਦਾ ਪਰ ਕਾਰਤੀ ਨੂੰ ਮਿਲੀ ਇਸ ਰਾਹਤ ਦਾ ਸਮਾਂ ਧਿਆਨ ਖਿੱਚ ਰਿਹਾ ਹੈ।

ਉਨ੍ਹਾਂ ਜਾਂਚ ਏਜੰਸੀਆਂ ਦੀ ਭੂਮਿਕਾ ’ਤੇ ਸਵਾਲ ਉਠਾਏ ਜਾ ਰਹੇ ਹਨ ਜਿਨ੍ਹਾਂ ਨੇ ਅਦਾਲਤ ਦੇ ਸਾਹਮਣੇ ਉਨ੍ਹਾਂ ਨੂੰ ਇਹ ਛੋਟ ਦੇਣ ਦਾ ਵਿਰੋਧ ਨਹੀਂ ਕੀਤਾ। ਇਹ ਰਾਹਤ ਉਸ ਸਮੇਂ ਮਿਲੀ ਹੈ ਜਦੋਂ ਉਨ੍ਹਾਂ ਦੇ ਪਿਤਾ ਪੀ. ਚਿਦਾਂਬਰਮ ਨੇ ਕਾਂਗਰਸ ਪਾਰਟੀ ਲਈ ਅਸਹਿਜ ਰੁਖ਼ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ।

ਇਕ ਤਾਜ਼ਾ ਬਿਆਨ ’ਚ ਚਿਦਾਂਬਰਮ ਨੇ ਅਸਿੱਧੇ ਤੌਰ ’ਤੇ ਕਾਂਗਰਸ ’ਤੇ ਵਿਦੇਸ਼ੀ ਦਬਾਅ ਅੱਗੇ ਝੁਕਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਤੋਂ ਬਾਅਦ ਭਾਰਤ ਪਾਕਿਸਤਾਨ ਵਿਰੁੱਧ ਕਾਰਵਾਈ ਕਰਨਾ ਚਾਹੁੰਦਾ ਸੀ ਪਰ ਅਮਰੀਕੀ ਦਬਾਅ ਕਾਰਨ ਅਜਿਹਾ ਕਰਨ ’ਚ ਅਸਮਰੱਥ ਸੀ। ਭਾਜਪਾ ਇਹ ਦੋਸ਼ ਲੰਬੇ ਸਮੇਂ ਤੋਂ ਲਾਉਂਦੀ ਅਾ ਰਹੀ ਹੈ, ਪਰ ਹੁਣ ਚਿਦਾਂਬਰਮ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ।

ਇਸੇ ਤਰ੍ਹਾਂ 1984 ’ਚ ਹੋਏ ਆਪ੍ਰੇਸ਼ਨ ਬਲਿਊ ਸਟਾਰ ਬਾਰੇ ਚਿਦਾਂਬਰਮ ਨੇ ਕਿਹਾ ਕਿ ਇਹ ਇਕ ਗਲਤ ਫੈਸਲਾ ਸੀ, ਜਿਸ ਦੀ ਕੀਮਤ ਇੰਦਰਾ ਗਾਂਧੀ ਨੇ ਆਪਣੀ ਜਾਨ ਦੇ ਕੇ ਅਦਾ ਕੀਤੀ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਉਹ ਅਜਿਹੇ ਹੋਰ ਬਿਆਨ ਦੇ ਸਕਦੇ ਹਨ ਜੋ ਕਾਂਗਰਸ ਪਾਰਟੀ ਲਈ ਨੁਕਸਾਨਦੇਹ ਸਾਬਤ ਹੋ ਸਕਦੇ ਹਨ।


author

Rakesh

Content Editor

Related News