ਧਨਤੇਰਸ 'ਤੇ ਆਈ ਵੱਡੀ ਖ਼ਬਰ, ਦੇਸ਼ ਦੀ ਤਿਜੋਰੀ 'ਚ ਵਧਿਆ 102 ਟਨ ਸੋਨਾ
Wednesday, Oct 30, 2024 - 01:35 PM (IST)
ਨਵੀਂ ਦਿੱਲੀ- ਭਾਰਤ ਵਿਚ ਧਨਤੇਰਸ ਦਾ ਬਹੁਤ ਮਹੱਤਵ ਹੈ। ਇਸ ਦਿਨ ਸੋਨੇ ਦੀ ਖਰੀਦਦਾਰੀ ਨੂੰ ਸ਼ੁੱਭ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਇਸ ਨਾਲ ਆਮ ਆਦਮੀ ਦੇ ਘਰ ਵਿਚ ਖੁਸ਼ਹਾਲੀ ਆਉਂਦੀ ਹੈ। ਅਜਿਹੇ ਵਿਚ ਜੇਕਰ ਇਹ ਖ਼ਬਰ ਆਵੇ ਕਿ ਦੇਸ਼ ਦਾ ਗੋਲਡ ਰਿਜ਼ਰਵ 102 ਟਨ ਵੱਧ ਚੁੱਕਾ ਹੈ, ਤਾਂ ਇਹ ਪੂਰੇ ਦੇਸ਼ ਲਈ ਸੌਭਾਗ ਵਾਲੀ ਗੱਲ ਹੋਵੇਗੀ। ਭਾਰਤੀ ਰਿਜ਼ਰਵ ਬੈਂਕ (RBI) ਨੇ ਮੰਗਲਵਾਰ ਨੂੰ ਜੋ ਅੰਕੜੇ ਜਾਰੀ ਕੀਤੇ ਹਨ, ਉਸ ਵਿਚ ਇਹ ਹੀ ਗੱਲ ਸਾਹਮਣੇ ਆਈ ਹੈ।
RBI ਦੇ ਅੰਕੜਿਆਂ ਦੇ ਹਿਸਾਬ ਨਾਲ ਅਪ੍ਰੈਲ-ਸਤੰਬਰ ਦੌਰਾਨ ਦੇਸ਼ ਵਿਚ ਘਰੇਲੂ ਪੱਧਰ 'ਤੇ ਰੱਖੇ ਗਏ ਸੋਨੇ ਦੇ ਭੰਡਾਰ ਵਿਚ 102 ਟਨ ਦਾ ਵਾਧਾ ਹੋਇਆ ਹੈ। ਕੇਂਦਰੀ ਬੈਂਕ ਦਾ ਕਹਿਣਾ ਹੈ ਕਿ ਦੇਸ਼ ਦੇ ਅੰਦਰ ਤਿਜੋਰੀਆਂ ਵਿਚ ਰੱਖੇ ਗਏ ਸੋਨੇ ਦੀ ਕੁੱਲ ਮਾਤਰਾ 30 ਸਤੰਬਰ 2024 ਤੱਕ 510.46 ਟਨ ਸੀ। ਇਹ ਮਾਤਰਾ 31 ਮਾਰਚ 2024 ਤੱਕ ਰੱਖੇ ਗਏ 408 ਟਨ ਸੋਨੇ ਤੋਂ ਵੱਧ ਹੈ।
ਵਿਦੇਸ਼ ਮੁਦਰਾ ਭੰਡਾਰ ਦਾ ਹਿੱਸਾ
ਦੇਸ਼ ਦੇ ਗੋਲਡ ਰਿਜ਼ਰਵ ਅਸਲ ਵਿਚ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਦਾ ਹਿੱਸਾ ਹੁੰਦਾ ਹੈ। RBI ਆਪਣੇ ਗੋਲਡ ਰਿਜ਼ਰਵ ਦਾ ਕੁਝ ਹਿੱਸਾ ਘਰੇਲੂ ਜ਼ਮੀਨ 'ਤੇ ਯਾਨੀ ਕਿ ਦੇਸ਼ ਦੇ ਅੰਦਰ ਰੱਖਦੀ ਹੈ। ਉੱਥੇ ਹੀ ਕੁਝ ਹਿੱਸਾ ਲੰਡਨ ਅਤੇ ਸਵਿਟਜ਼ਰਲੈਂਡ ਵਰਗੇ ਦੇਸ਼ਾਂ 'ਚ ਵੀ ਰੱਖਿਆ ਜਾਂਦਾ ਹੈ। ਇੰਟਰਨੈਸ਼ਨਲ ਪੱਧਰ 'ਤੇ ਟਰੇਡ ਬੈਲੇਂਸ ਬਣਾਏ ਰੱਖਣ ਲਈ ਜਿਵੇਂ ਕੌਮਾਂਤਰੀ ਮੁੰਦਰਾ ਫੰਡ (IMF) ਕੋਲ ਜਮਾਂ ਵਿਦੇਸ਼ ਮੁਦਰਾਵਾਂ ਦਾ ਰਿਜ਼ਰਵ ਕੰਮ ਆਉਂਦਾ ਹੈ, ਉਸੇ ਤਰ੍ਹਾਂ ਗਾਰੰਟੀ ਦੇਣ ਲਈ ਵਿਦੇਸ਼ਾਂ ਵਿਚ ਰੱਖਿਆ ਸੋਨੇ ਦਾ ਵੀ ਇਸਤੇਮਾਲ ਹੁੰਦਾ ਹੈ। ਪਿਛਲੇ ਕੁਝ ਸਾਲਾਂ ਵਿਚ ਭਾਰਤ ਨੇ ਹੌਲੀ-ਹੌਲੀ ਆਪਣੇ ਸੋਨੇ ਦੇ ਭੰਡਾਰ ਨੂੰ ਸਵਦੇਸ਼ੀ ਖਜ਼ਾਨੇ 'ਚ ਤਬਦੀਲ ਕਰਨਾ ਸ਼ੁਰੂ ਕਰ ਦਿੱਤਾ। ਵਿੱਤੀ ਸਾਲ 2023-24 'ਚ ਇਸ ਨੇ ਬ੍ਰਿਟੇਨ ਤੋਂ 100 ਟਨ ਤੋਂ ਜ਼ਿਆਦਾ ਸੋਨਾ ਘਰੇਲੂ ਸਥਾਨਾਂ 'ਤੇ ਸ਼ਿਫਟ ਕੀਤਾ ਸੀ।
RBI ਮੁਤਾਬਕ 324.01 ਟਨ ਸੋਨਾ ਬੈਂਕ ਆਫ਼ ਇੰਗਲੈਂਡ ਅਤੇ ਬੈਂਕ ਫਾਰ ਇੰਟਰਨੈਸ਼ਨਲ ਸੇਟਲਮੈਂਟਸ ਕੋਲ ਸੁਰੱਖਿਅਤ ਰੱਖਿਆ ਗਿਆ ਸੀ। ਹਾਲ ਹੀ ਵਿਚ RBI ਨੇ ਵਿਦੇਸ਼ੀ ਮੁਦਰਾ ਭੰਡਾਰ ਦੇ ਪ੍ਰਬੰਧਨ 'ਤੇ ਛਿਮਾਹੀ ਰਿਪੋਰਟ ਜਾਰੀ ਕੀਤੀ ਹੈ। ਇਸ ਦੇ ਮੁਤਾਬਕ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਵਿਚ 32 ਟਨ ਸੋਨੇ ਦਾ ਭੰਡਾਰ ਵਧਾਇਆ। ਇਸ ਦੇ ਨਾਲ ਹੀ ਕੁੱਲ ਗੋਲਡ ਰਿਜ਼ਰਵ ਵੱਧ ਕੇ 854.73 ਟਨ ਹੋ ਗਿਆ।