ਕਸ਼ਮੀਰ ''ਤੇ ਪਾਕਿਸਤਾਨ ਦਾ ਸਾਥ ਦੇਣ ਵਾਲੇ ਤੁਰਕੀ-ਮਲੇਸ਼ੀਆ ਨੂੰ ਭਾਰਤ ਨੇ ਸੁਣਾਈ ਖਰੀ-ਖੋਟੀ
Friday, Oct 04, 2019 - 05:31 PM (IST)

ਨਵੀਂ ਦਿੱਲੀ— ਭਾਰਤੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਦੀਆਂ ਸਾਜਿਸ਼ਾਂ ਦਾ ਪਰਦਾਫਾਸ਼ ਇਕ ਵਾਰ ਫਿਰ ਤੋਂ ਮੀਡੀਆ ਦੇ ਸਾਹਮਣੇ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਨਹੀਂ ਜਾਣਦਾ ਕਿ ਕੌਮਾਂਤਰੀ ਸੰਬੰਧਾਂ ਨੂੰ ਕਿਵੇਂ ਚਲਾਇਆ ਜਾਂਦਾ ਹੈ। ਉਸ ਨੇ ਯੂ.ਐੱਨ.ਜੀ.ਏ. 'ਚ ਭੜਕਾਊ ਅਤੇ ਗੈਰ-ਜ਼ਿੰਮੇਵਾਰੀ ਵਾਲਾ ਬਿਆਨ ਦੇ ਕੇ ਆਪਣਾ ਅਸਲੀ ਚਿਹਰਾ ਦਿਖਾ ਦਿੱਤਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਲੋਕਾਂ ਨੂੰ ਕੰਟਰੋਲ ਰੇਖਾ ਵੱਲ ਵਧਣ ਲਈ ਕਿਹਾ ਹੈ। ਇਸ ਨੂੰ ਲੈ ਕੇ ਰਵੀਸ਼ ਕੁਮਾਰ ਨੇ ਕਿਹਾ,''ਉਨ੍ਹਾਂ ਨੇ (ਇਮਰਾਨ ਖਾਨ) ਯੂ.ਐੱਨ.ਜੀ.ਏ. (ਸੰਯੁਕਤ ਰਾਸ਼ਟਰ) 'ਚ ਭੜਕਾਊ ਬਿਆਨ ਦਿੱਤਾ। ਮੈਨੂੰ ਲੱਗਦਾ ਹੈ ਕਿ ਉਹ ਨਹੀਂ ਜਾਣਦੇ ਕਿ ਕੌਮਾਂਤਰੀ ਸੰਬੰਧਾਂ ਨੂੰ ਕਿਵੇਂ ਨਿਭਾਇਆ ਜਾਂ ਚਲਾਇਆ ਜਾਂਦਾ ਹੈ। ਸਭ ਤੋਂ ਗੰਭੀਰ ਗੱਲ ਇਹ ਹੈ ਕਿ ਉਨ੍ਹਾਂ ਨੇ ਭਾਰਤ ਵਿਰੁੱਧ ਜਿਹਾਦ ਦਾ ਖੁੱਲ੍ਹੇਆਮ ਗੱਲ ਕੀਤੀ ਜੋ ਆਮ ਨਹੀਂ ਹੈ।
ਕਸ਼ਮੀਰ ਮੁੱਦੇ ਨੂੰ ਮਲੇਸ਼ੀਆ ਵਲੋਂ ਯੂ.ਐੱਨ.ਜੀ.ਏ. 'ਚ ਚੁੱਕਣ ਦੇ ਸਵਾਲ 'ਤੇ ਰਵੀਸ਼ ਨੇ ਕਿਹਾ,''ਜੰਮੂ-ਕਸ਼ਮੀਰ ਨੇ ਹੋਰ ਸਾਰੀਆਂ ਰਿਆਸਤਾਂ ਦੀ ਤਰ੍ਹਾਂ ਇੰਸਟਰੂਮੈਂਟ ਆਫ ਐਕਸੇਸ਼ਨ 'ਤੇ ਦਸਤਖ਼ਤ ਕੀਤਾ ਸੀ। ਪਾਕਿਸਤਾਨ ਨੇ ਹਮਲਾ ਕੀਤਾ ਅਤੇ ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ 'ਤੇ ਗੈਰ-ਕਾਨੂੰਨੀ ਰੂਪ ਨਾਲ ਕਬਜ਼ਾ ਕਰ ਲਿਆ। ਮਲੇਸ਼ੀਆ ਦੀ ਸਰਕਾਰ ਨੂੰ 2 ਦੇਸ਼ਾਂ ਦਰਮਿਆਨ ਦੋਸਤੀ ਵਾਲੇ ਸੰਬੰਧਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਅਤੇ ਅਜਿਹੀ ਟਿੱਪਣੀ ਕਰਨ ਤੋਂ ਬਚਣਾ ਚਾਹੀਦਾ।'' ਉੱਥੇ ਹੀ ਤੁਰਕੀ ਦੇ ਮੁੱਦੇ ਨੂੰ ਲੈ ਕੇ ਰਵੀਸ਼ ਨੇ ਕਿਹਾ ਕਿ ਅਸੀਂ ਤੁਰਕੀ ਸਰਕਾਰ ਤੋਂ ਇਸ ਮੁੱਦੇ 'ਤੇ ਕੋਈ ਬਿਆਨ ਦੇਣ ਤੋਂ ਪਹਿਲਾਂ ਜ਼ਮੀਨੀ ਹਕੀਕਤ ਸਮਝਣ ਦੀ ਅਪੀਲ ਕਰਾਂਗੇ। ਪਹਿਲਾਂ ਕਸ਼ਮੀਰ ਮੁੱਦੇ 'ਤੇ ਉੱਚਿਤ ਸਮਝ ਵਿਕਸਿਤ ਕਰ ਲੈਣ। ਇਹ ਇਕ ਅਜਿਹਾ ਮਾਮਲਾ ਹੈ ਜੋ ਭਾਰਤ ਲਈ ਪੂਰੀ ਤਰ੍ਹਾਂ ਅੰਦਰੂਨੀ ਹੈ।
ਦੱਸਣਯੋਗ ਹੈ ਕਿ ਮਲੇਸ਼ੀਆ ਅਤੇ ਤੁਰਕੀ ਦੋਵੇਂ ਕਸ਼ਮੀਰ ਨੂੰ ਲੈ ਕੇ ਭਾਰਤ ਵਿਰੁੱਧ ਬੋਲੇ। ਮਲੇਸ਼ੀਆ ਨੇ ਕਿਹਾ ਕਿ ਭਾਰਤ ਨੇ ਕਸ਼ਮੀਰ 'ਤੇ ਜ਼ਬਰਨ ਕਬਜ਼ਾ ਕਰ ਲਿਆ। ਉੱਥੇ ਹੀ ਤੁਰਕੀ ਨੇ ਵੀ ਪਾਕਿਸਤਾਨ ਦਾ ਸਾਥ ਦਿੰਦੇ ਹੋਏ ਕਿਹਾ ਕਿ ਉਹ ਕਸ਼ਮੀਰ ਮੁੱਦੇ ਨੂੰ ਚੁੱਕਦੇ ਰਹਿਣਗੇ। ਤੁਰਕੀ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ 'ਚ ਕਸ਼ਮੀਰ ਮੁੱਦੇ 'ਤੇ ਪਾਕਿਸਤਾਨ ਦਾ ਸਮਰਥ ਕੀਤਾ ਸੀ। ਸੰਯੁਕਤ ਰਾਸ਼ਟਰ 'ਚ ਆਪਣੇ ਸੰਬੋਧਨ 'ਚ ਤੁਰਕੀ ਦੇ ਰਾਸ਼ਟਰਪਤੀ ਨੇ ਕਿਹਾ ਕਿ ਕਸ਼ਮੀਰ ਦਾ ਮੁੱਦਾ ਨਿਆਂ ਅਤੇ ਅਸਮਾਨਤਾ ਦੇ ਆਧਾਰ 'ਤੇ ਗੱਲਬਾਤ ਨਾਲ ਸੁਲਝਾਇਆ ਜਾਣਾ ਚਾਹੀਦਾ, ਨਾ ਕਿ ਸੰਘਰਸ਼ ਨਾਲ। ਉਨ੍ਹਾਂ ਨੇ ਕਿਹਾ ਕਿ ਪਿਛਲੇ 72 ਸਾਲਾਂ 'ਚ ਕਸ਼ਮੀਰ ਵਿਵਾਦ ਨੂੰ ਕੌਮਾਂਤਰੀ ਭਾਈਚਾਰੇ ਦਾ ਪੂਰਾ ਸਮਰਥਨ ਨਹੀਂ ਮਿਲਿਆ ਹੈ।