ਖਾਣਾ ਖਾਣ ਮਗਰੋਂ ਵਿਗੜੀ ਪਰਿਵਾਰ ਦੀ ਸਿਹਤ, ਦੋ ਬੱਚੀਆਂ ਦੀ ਮੌਤ

Wednesday, Aug 21, 2024 - 03:15 PM (IST)

ਖਾਣਾ ਖਾਣ ਮਗਰੋਂ ਵਿਗੜੀ ਪਰਿਵਾਰ ਦੀ ਸਿਹਤ, ਦੋ ਬੱਚੀਆਂ ਦੀ ਮੌਤ

ਕਾਂਗੜਾ- ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੇ ਰਾਣੀਤਾਲ 'ਚ ਇਕ ਦੁਖਦ ਘਟਨਾ ਸਾਹਮਣੇ ਆਈ ਹੈ। ਇੱਥੇ ਖਾਣਾ ਖਾਣ ਮਗਰੋਂ ਅਚਾਨਕ ਪਰਿਵਾਰ ਦੀ ਸਿਹਤ ਵਿਗੜ ਗਈ। ਜਿਸ ਤੋਂ ਬਾਅਦ ਦੋ ਬੱਚੀਆਂ ਦੀ ਮੌਤ ਹੋ ਗਈ, ਜਦਕਿ ਮਾਂ ਦੀ ਹਾਲਤ ਗੰਭੀਰ ਹੈ, ਜਿਸ ਨੂੰ ਟਾਂਡਾ ਰੈਫ਼ਰ ਕਰ ਦਿੱਤਾ ਗਿਆ ਹੈ। ਅਜੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ ਕਿ ਖਾਣੇ 'ਚ ਕੀ ਸੀ, ਜਿਸ ਕਾਰਨ ਸਾਰਿਆਂ ਦੀ ਹਾਲਤ ਖਰਾਬ ਹੋ ਗਈ।

ਪ੍ਰਵਾਸੀ ਪਰਿਵਾਰ 4 ਸਾਲਾਂ ਤੋਂ ਰਾਣੀਤਾਲ 'ਚ ਰਹਿ ਰਿਹਾ ਸੀ

ਦੱਸਿਆ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਬਰੇਲੀ ਦਾ ਰਹਿਣ ਵਾਲਾ ਇਹ ਪਰਿਵਾਰ ਰਾਣੀਤਾਲ 'ਚ ਮਜ਼ਦੂਰੀ ਦਾ ਕੰਮ ਕਰਦਾ ਸੀ। ਪਰਿਵਾਰ ਦਾ ਮੁਖੀ ਦੇਸਰਾਜ ਪਿਛਲੇ 4 ਸਾਲਾਂ ਤੋਂ ਆਪਣੀ ਪਤਨੀ ਅਤੇ ਧੀਆਂ ਨਾਲ ਇੱਥੇ ਰਹਿ ਰਿਹਾ ਸੀ ਜਦੋਂ ਪਰਿਵਾਰ ਦੇ ਸਾਰੇ ਮੈਂਬਰ ਰਾਤ ਨੂੰ ਖਾਣਾ ਖਾ ਕੇ ਸੌਂ ਗਏ। ਦੇਸਰਾਜ ਦੀ ਛੋਟੀ ਧੀ ਆਂਸ਼ਿਕਾ (3) ਦੀ ਸਿਹਤ ਅਚਾਨਕ ਵਿਗੜਨ 'ਤੇ ਉਸ ਨੂੰ ਸਬ ਡਿਵੀਜ਼ਨਲ ਹਸਪਤਾਲ ਡੇਹਰਾ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਵੱਡੀ ਧੀ ਖੁਸ਼ੀ (7) ਨੂੰ ਡਾਕਟਰ ਰਾਜਿੰਦਰ ਪ੍ਰਸਾਦ ਮੈਡੀਕਲ ਕਾਲਜ ਟਾਂਡਾ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਵੀ ਮ੍ਰਿਤਕ ਐਲਾਨ ਦਿੱਤਾ। ਕੁੜੀਆਂ ਦੀ ਮਾਂ ਦੀ ਸਿਹਤ ਵਿਗੜਨ 'ਤੇ ਉਸ ਨੂੰ ਵੀ ਟਾਂਡਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਖਾਣੇ 'ਚ ਅਜਿਹਾ ਕੀ ਸੀ, ਜਿਸ ਨਾਲ ਗਈ ਜਾਨ?

DSP ਡੇਹਰਾ ਅਨਿਲ ਠਾਕੁਰ ਨੇ ਘਟਨਾ ਬਾਰੇ ਦੱਸਿਆ ਕਿ ਪੁਲਸ ਨੇ ਮੌਕੇ ’ਤੇ ਜਾ ਕੇ ਭੋਜਨ ਦੇ ਨਮੂਨੇ ਲਏ ਹਨ। ਭਾਰਤੀ ਸੁਰੱਖਿਆ ਐਕਟ ਦੀ ਧਾਰਾ 194 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਵੇਂ ਕੁੜੀਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲਸ ਹੁਣ ਜਾਂਚ ਕਰੇਗੀ ਕਿ ਖਾਣੇ ਵਿਚ ਕੀ ਸੀ ਜਿਸ ਕਾਰਨ ਦੋ ਕੁੜੀਆਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੀ ਮਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।


author

Tanu

Content Editor

Related News