ਰਾਮ ਮੰਦਰ ਚੜ੍ਹਾਵਾ ਜਾਂਚ; 9 ਪੈੱਨ ਡਰਾਈਵਜ਼ ’ਚ ਸੁਰੱਖਿਅਤ ਰੱਖੇ ਸਬੂਤ

Sunday, Jun 21, 2026 - 01:18 AM (IST)

ਰਾਮ ਮੰਦਰ ਚੜ੍ਹਾਵਾ ਜਾਂਚ; 9 ਪੈੱਨ ਡਰਾਈਵਜ਼ ’ਚ ਸੁਰੱਖਿਅਤ ਰੱਖੇ ਸਬੂਤ

ਅਯੁੱਧਿਆ - ਰਾਮ ਮੰਦਰ ’ਚ ਚੜ੍ਹਾਵੇ ਅਤੇ ਗਹਿਣਿਆਂ ’ਚ ਕਥਿਤ ਬੇਨਿਯਮੀਆਂ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਨੇ ਆਪਣੀ ਮੁੱਢਲੀ ਰਿਪੋਰਟ ਲੱਗਭਗ ਤਿਆਰ ਕਰ ਲਈ ਹੈ। ਸੂਤਰਾਂ ਅਨੁਸਾਰ, ਜਾਂਚ ਨਾਲ ਜੁੜੇ ਮਹੱਤਵਪੂਰਨ ਦਸਤਾਵੇਜ਼ਾਂ ਅਤੇ ਸਬੂਤਾਂ ਨੂੰ 9 ਪੈੱਨ ਡ੍ਰਾਈਵਜ਼ ’ਚ ਸੁਰੱਖਿਅਤ ਰੱਖਿਆ ਗਿਆ ਹੈ। ਐੱਸ. ਆਈ. ਟੀ. ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਜਲਦ ਰਿਪੋਰਟ ਸੌਂਪ ਸਕਦੀ ਹੈ।

ਐੱਸ. ਆਈ. ਟੀ. ਨੇ ਲਗਾਤਾਰ 5 ਦਿਨਾਂ ਤੱਕ ਰੋਜ਼ਾਨਾ 8 ਤੋਂ 10 ਘੰਟੇ ਤੱਕ ਜਾਂਚ ਤੇ ਪੁੱਛਗਿੱਛ ਕੀਤੀ। ਸੂਤਰਾਂ ਮੁਤਾਬਕ ਚੜ੍ਹਾਵਾ ਗਿਣਤੀ ਕਾਰਜ ਨਾਲ ਜੁੜੇ 9 ਸ਼ੱਕੀ ਕਰਮਚਾਰੀਆਂ ਤੋਂ ਪੁੱਛਗਿੱਛ ’ਚ 2 ਵਿਅਕਤੀਆਂ, ਜਿਨ੍ਹਾਂ ’ਚ ਇਕ ਗਿਣਤੀ ਇੰਚਾਰਜ ਵੀ ਸ਼ਾਮਲ ਹੈ, ਦਾ ਨਾਂ ਵਾਰ-ਵਾਰ ਸਾਹਮਣੇ ਆਇਆ ਹੈ। ਜਾਂਚ ’ਚ ਇਹ ਵੀ ਪੜਤਾਲ ਕੀਤੀ ਜਾ ਰਹੀ ਹੈ ਕਿ ਸੀ. ਸੀ. ਟੀ. ਵੀ. ਨਿਗਰਾਨੀ ਵਿਵਸਥਾ ਨੂੰ ਪੁਲਸ ਕੰਟਰੋਲ ਰੂਮ ਤੋਂ ਵੱਖ ਕਰਨ ਤੇ ਗਿਣਤੀ ਸਥਾਨ ’ਤੇ ਬੈਂਕ ਕਰਮਚਾਰੀਆਂ ਦੀ ਜਾਂਚ ’ਚ ਢਿੱਲ ਦੇਣ ’ਚ ਕਿਨ੍ਹਾਂ ਲੋਕਾਂ ਦੀ ਭੂਮਿਕਾ ਰਹੀ ਹੈ।

ਜਾਂਚ ਦੌਰਾਨ ਜਿਨ੍ਹਾਂ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ, ਉਨ੍ਹਾਂ ਨੂੰ ਅਗਲੇ ਆਦੇਸ਼ਾਂ ਤੱਕ ਅਯੁੱਧਿਆ ਛੱਡ ਕੇ ਬਾਹਰ ਨਾ ਜਾਣ ਦੀ ਚਿਤਾਵਨੀ ਦਿੱਤੀ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਰਿਪੋਰਟ ਦੇ ਆਧਾਰ ’ਤੇ ਟਰੱਸਟ ਅਤੇ ਪ੍ਰਸ਼ਾਸਨਿਕ ਪੱਧਰ ’ਤੇ ਵੱਡੇ ਬਦਲਾਅ ਸੰਭਵ ਹਨ। ਐੱਸ. ਆਈ. ਟੀ. ਨੇ ਉਨ੍ਹਾਂ ਦਾਨੀਆਂ ਨਾਲ ਵੀ ਸੰਪਰਕ ਕੀਤਾ ਹੈ ਜਿਨ੍ਹਾਂ ਨੇ ਰਾਮ ਲੱਲਾ ਨੂੰ ਸੋਨੇ ਤੇ ਚਾਂਦੀ ਦੇ ਗਹਿਣੇ, ਹਾਰ ਅਤੇ ਹੋਰ ਕੀਮਤੀ ਸਾਮਾਨ ਦਾਨ ਕੀਤਾ ਸੀ। ਜਾਂਚ ਅਧਿਕਾਰੀ ਇਹ ਪਤਾ ਲਗਾਉਣ ’ਚ ਡਟੇ ਹੋਏ ਹਨ ਕਿ ਇਹ ਵਸਤੂਆਂ ਕਿਸ ਨੂੰ ਸੌਂਪੀਆਂ ਗਈਆਂ।

ਚੰਪਤ ਰਾਏ ਤੇ ਟਰੱਸਟੀ ਅਨਿਲ ਮਿਸ਼ਰਾ ’ਤੇ ਹੋ ਸਕਦਾ ਹੈ ਐਕਸ਼ਨ
ਰਾਮ ਮੰਦਰ ’ਚ ਚੜ੍ਹਾਵਾ ਅਤੇ ਗਹਿਣਿਆਂ ਦੀ ਕਥਿਤ ਚੋਰੀ ਤੇ ਬੇਨਿਯਮੀਆਂ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਦੀ ਪੜਤਾਲ ਅੰਤਿਮ ਪੜਾਅ ’ਤੇ ਪਹੁੰਚ ਗਈ ਹੈ। ਸੂਤਰਾਂ ਅਨੁਸਾਰ ਜਾਂਚ ’ਚ ਲੱਗਭਗ 150 ਸ਼ੱਕੀਆਂ ਦੇ ਨਾਂ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ ਲੱਗਭਗ 25 ਲੋਕਾਂ ’ਤੇ ਕਾਰਵਾਈ ਦੀ ਸਿਫ਼ਾਰਸ਼ ਕੀਤੀ ਜਾ ਸਕਦੀ ਹੈ। ਚਰਚਾ ਹੈ ਕਿ ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ’ਚ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ’ਤੇ ਐਕਸ਼ਨ ਲੱਗਭਗ ਤੈਅ ਮੰਨਿਆ ਜਾ ਰਿਹਾ ਹੈ, ਜਦਕਿ ਟਰੱਸਟੀ ਅਨਿਲ ਮਿਸ਼ਰਾ ਨੂੰ ਵੀ ਜ਼ਿੰਮੇਵਾਰੀ ਤੋਂ ਹਟਾਇਆ ਜਾ ਸਕਦਾ ਹੈ।


author

Inder Prajapati

Content Editor

Related News