ਆਫ਼ ਦਿ ਰਿਕਾਰਡ : ਮਾਕਨ ਦੀ ਹਾਰ ਲਈ ਹੁੱਡਾ ਦੋਸ਼ੀ ਨਹੀਂ

Sunday, Jun 12, 2022 - 11:07 AM (IST)

ਨਵੀਂ ਦਿੱਲੀ– ਕਾਂਗਰਸ ਹਾਈ ਕਮਾਨ ਨੇ ਹਰਿਆਣਾ ਕਾਂਗਰਸ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਦੀ ਗੱਲ ਨਾ ਸੁਣਨ ਦੀ ਕੀਮਤ ਚੁਕਾਈ ਅਤੇ ਅਜੇ ਮਾਕਨ ਨੂੰ ਰਾਜ ਸਭਾ ਸੀਟ ਲਈ ਪਾਰਟੀ ਦਾ ਉਮੀਦਵਾਰ ਬਣਾਉਣ ’ਤੇ ਜ਼ੋਰ ਦਿੱਤਾ। ਅਜਿਹਾ ਇਸ ਤੱਥ ਦੇ ਬਾਵਜੂਦ ਹੋਇਆ ਕਿ ਹਰਿਆਣਾ ਵਿੱਚ ਸਥਿਤੀ ਨਾਜ਼ੁਕ ਸੀ ਕਿਉਂਕਿ ਜੇਤੂ ਨੂੰ 31 ਵੋਟਾਂ ਦੀ ਲੋੜ ਸੀ ਅਤੇ ਕਾਂਗਰਸ ਕੋਲ ਸੀਟ ਜਿੱਤਣ ਲਈ ਇੱਕੋ ਜਿਹੇ ਨੰਬਰ ਸਨ। ਇੱਥੇ ਇੱਕ ਵੋਟ ਨੇ ਉਮੀਦਵਾਰ ਦਾ ਸਿਆਸੀ ਭਵਿੱਖ ਖਰਾਬ ਕਰ ਦੇਣਾ ਸੀ।

ਹੁੱਡਾ ਨੇ ਹਾਈ ਕਮਾਨ ਨੂੰ ਸੁਝਾਅ ਦਿੱਤਾ ਸੀ ਕਿ ਟਿਕਟ ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ ਜਾਂ 2019 ਵਿੱਚ ਇਨੈਲੋ ਛੱਡਣ ਵਾਲੇ ਅਸ਼ੋਕ ਅਰੋੜਾ ਨੂੰ ਦਿੱਤੀ ਜਾਏ ਜੋ ਵਿਧਾਇਕ ਦੀ ਚੋਣ ਹਾਰ ਗਏ ਸਨ ਪਰ ਹਾਈ ਕਮਾਨ ਨੇ ਅਜੇ ਮਾਕਨ ਨੂੰ ਟਿਕਟ ਦੇ ਦਿੱਤੀ।

ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਹੁਣ ਹੁੱਡਾ ਨੂੰ ਅਜੇ ਮਾਕਨ ਦੀ ਹਾਰ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਉਨ੍ਹਾਂ ਦੇ ਸਾਰੇ ਵਿਧਾਇਕਾਂ ਨੇ ਅਜੇ ਮਾਕਨ ਨੂੰ ਵੋਟ ਦਿੱਤੀ ਸੀ। ਵੋਟ ਨਾ ਪਾਉਣ ਵਾਲਿਆਂ ਵਿੱਚ ਕੁਲਦੀਪ ਬਿਸ਼ਨੋਈ ਅਤੇ ਕਿਰਨ ਚੌਧਰੀ ਸ਼ਾਮਲ ਹਨ। ਕਿਰਨ ਚੌਧਰੀ ਮਰਹੂਮ ਬੰਸੀ ਲਾਲ ਦੀ ਨੂੰਹ ਹਨ।

ਕੁਲਦੀਪ ਬਿਸ਼ਨੋਈ ਕਾਲੇ ਧਨ ਦੇ ਕੇਸ ਦਾ ਸਾਹਮਣਾ ਕਰ ਰਹੇ ਹਨ ਅਤੇ ਉਨ੍ਹਾਂ ਦਾ ਪਾਸਪੋਰਟ ਪਹਿਲਾਂ ਹੀ ਜ਼ਬਤ ਕੀਤਾ ਜਾ ਚੁੱਕਾ ਹੈ। ਫਿਰ ਵੀ ਉਹ ਮਾਕਨ ਨੂੰ ਵੋਟ ਪਾਉਣ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਮਿਲਣਾ ਚਾਹੁੰਦੇ ਸਨ ਪਰ ਰਾਹੁਲ ਉਨ੍ਹਾਂ ਵੱਲੋਂ ਸੁੱਟੇ ਗਏ ਕੰਡੇ ਵਿੱਚ ਨਹੀਂ ਫਸੇ। ਕੁਲਦੀਪ ਨੇ ਭਾਜਪਾ ਉਮੀਦਵਾਰ ਨੂੰ ਵੋਟ ਪਾਈ।

ਕਿਰਨ ਚੌਧਰੀ ਦੇ ਸਬੰਧ ਵਿਚ ਪਤਾ ਲੱਗਾ ਹੈ ਕਿ ਉਨ੍ਹਾਂ ਦਾ ਸਿੱਧਾ ਸਬੰਧ ਸੋਨੀਆ ਗਾਂਧੀ ਨਾਲ ਹੈ ਅਤੇ ਉਹ ਹੁੱਡਾ ਕੈਂਪ ਵਿਚ ਨਹੀਂ ਹਨ। ਜੇ ਉਨ੍ਹਾਂ ਨੇ ਮਾਕਨ ਨੂੰ ਵੋਟ ਨਹੀਂ ਪਾਈ ਜਿਵੇਂ ਕਿ ਦੋਸ਼ ਲਾਇਆ ਜਾਂਦਾ ਹੈ ਤਾਂ ਦੋਸ਼ ਗਾਂਧੀ ਪਰਿਵਾਰ ਦੇ ਦਰਵਾਜ਼ੇ ’ਤੇ ਲਾਇਆ ਜਾ ਸਕਦਾ ਹੈ। ਹੁੱਡਾ ਨੇ ਇਸ ਵਾਰ ਮਾਮਲੇ ਨੂੰ ਚੰਗੀ ਤਰ੍ਹਾਂ ਸੰਭਾਲਿਆ ਕਿਉਂਕਿ ਉਨ੍ਹਾਂ ਨੇ ਯਕੀਨੀ ਬਣਾਇਆ ਕਿ ਕੋਈ ਆਜ਼ਾਦ ਉਮੀਦਵਾਰ ਚੋਣਾਂ ਵਿੱਚ ਹਿੱਸਾ ਨਾ ਲਵੇ।

ਜੇ ਹਾਈ ਕਮਾਨ ਹੁੱਡਾ ਦਾ ਕਹਿਣਾ ਮੰਨਦੀ ਤਾਂ ਹਰਿਆਣਾ ਵਿੱਚ ਚੋਣਾਂ ਨਹੀਂ ਹੋਣੀਆਂ ਸਨ। ਹੁੱਡਾ ਨੇ ਹਰਿਆਣਾ ’ਚ 2020 ਦੀਆਂ ਰਾਜ ਸਭਾ ਦੀਆਂ ਦੋ-ਸਾਲਾ ਚੋਣਾਂ ਵਿੱਚ ਸਰਬਸੰਮਤੀ ਨਾਲ ਆਪਣੇ ਪੁੱਤਰ ਦੀਪੇਂਦਰ ਹੁੱਡਾ ਦੀ ਜਿੱਤ ਯਕੀਨੀ ਬਣਾਈ ਸੀ ਕਿਉਂਕਿ ਭਾਜਪਾ ਨੇ ਕੋਈ ਹੋਰ ਉਮੀਦਵਾਰ ਖੜ੍ਹਾ ਨਹੀਂ ਕੀਤਾ ਸੀ। ਜੇ ਹੁੱਡਾ ਦੀ ਗੱਲ ਮੰਨੀ ਜਾਂਦੀ ਤਾਂ ਸ਼ਾਇਦ ਆਜ਼ਾਦ ਉਮੀਦਵਾਰ ਖੜ੍ਹਾ ਨਾ ਹੁੰਦਾ।


Rakesh

Content Editor

Related News