ਰਾਜ ਸਭਾ ਦੀ ਕਾਰਵਾਈ ਮੁਲਤਵੀ ਹੋਣ ਦੇ ਅੱਧੇ ਘੰਟੇ ਬਾਅਦ ਵੀ ਬੈਠੇ ਰਹੇ ਸੰਸਦ ਮੈਂਬਰ
Tuesday, Mar 27, 2018 - 03:48 PM (IST)

ਨਵੀਂ ਦਿੱਲੀ— ਰਾਜ ਸਭਾ 'ਚ ਅੱਜ ਯਾਨੀ ਮੰਗਲਵਾਰ ਅਜਿਹਾ ਹੋਇਆ ਜੋ ਸ਼ਾਇਦ ਪਹਿਲਾਂ ਕਦੇ ਨਹੀਂ ਹੋਇਆ ਸੀ। ਸੰਸਦ ਮੈਂਬਰ ਆਪਣੇ ਸਾਥੀ ਸੰਸਦ ਮੈਂਬਰਾਂ ਦੇ ਵਿਰੋਧ 'ਚ ਹੀ ਸਦਨ ਮੁਲਤਵੀ ਹੋਣ ਦੇ ਅੱਧੇ ਘੰਟੇ ਬਾਅਦ ਤੱਕ ਸਦਨ 'ਚ ਬੈਠੇ ਰਹੇ। ਰਾਜ ਸਭਾ 'ਚ ਮੰਗਲਵਾਰ ਨੂੰ ਰਿਟਾਇਰ ਹੋ ਰਹੇ ਸੰਸਦ ਮੈਂਬਰਾਂ ਦੀ ਫੇਅਰਵੈੱਲ ਸਪੀਚ ਹੋਣੀ ਸੀ ਪਰ ਏ.ਆਈ.ਡੀ.ਐੱਮ.ਕੇ. ਸੰਸਦ ਮੈਂਬਰਾਂ ਦੇ ਵਿਰੋਧ ਕਾਰਨ ਸਦਨ ਮੁਲਤਵੀ ਕੀਤੀ ਗਈ, ਕਾਂਗਰਸ ਨੇਤਾ ਅਤੇ ਨੇਤਾ ਪ੍ਰਤੀਪੱਖ ਗੁਲਾਮ ਨਬੀ ਆਜ਼ਾਦ ਨੇ ਇਸ ਦੇ ਵਿਰੋਧ 'ਚ 'ਬੈਠੇ ਰਹੋ' ਦਾ ਨਾਅਰਾ ਦਿੱਤਾ। ਸਦਨ ਦੀ ਕਾਰਵਾਈ ਜਦੋਂ ਸ਼ੁਰੂ ਹੋਈ ਤਾਂ ਕਾਵੇਰੀ ਪ੍ਰਬੰਧਨ ਬੋਰਡ ਦੀ ਮੰਗ ਨੂੰ ਲੈ ਕੇ ਏ.ਆਈ.ਡੀ.ਐੱਮ.ਕੇ. ਸੰਸਦ ਮੈਂਬਰ ਵੇਲ 'ਚ ਆ ਗਏ ਅਤੇ ਨਾਅਰੇਬਾਜ਼ੀ ਕਰਨ ਲੱਗੇ। ਜਿਸ ਤੋਂ ਬਾਅਦ ਚੇਅਰਮੈਨ ਵੈਂਕਈਆ ਨਾਇਡੂ ਨੇ ਕਾਰਵਾਈ 15 ਮਿੰਟਾਂ ਲਈ ਮੁਲਤਵੀ ਕਰ ਕੇ ਸਾਰੇ ਦਲਾਂ ਦੇ ਨੇਤਾਵਾਂ ਨੂੰ ਗੱਲਬਾਤ ਕਰਨ ਲਈ ਬੁਲਾਇਆ। ਇਸ ਦੌਰਾਨ ਪੀ.ਐੱਮ. ਨਰਿੰਦਰ ਮੋਦੀ ਵੀ ਸਦਨ 'ਚ ਹੀ ਬੈਠੇ ਰਹੇ। 15 ਮਿੰਟਾਂ ਬਾਅਦ ਜਦੋਂ ਕਾਰਵਾਈ ਸ਼ੁਰੂ ਹੋਈ ਤਾਂ ਸੰਸਦ ਮੈਂਬਰਾਂ ਨੇ ਨਾਅਰੇਬਾਜ਼ੀ ਤਾਂ ਬੰਦ ਕਰ ਦਿੱਤੀ ਪਰ ਏ.ਆਈ.ਡੀ.ਐੱਮ.ਕੇ. ਦੇ ਚਾਰ ਸੰਸਦ ਮੈਂਬਰ ਆਪਣੀ ਮੰਗ ਨੂੰ ਲੈ ਕੇ ਆਪਣੀ ਸੀਟ 'ਤੇ ਹੀ ਖੜ੍ਹੇ ਰਹੇ।
ਸਪੀਕਰ ਉਨ੍ਹਾਂ ਨੂੰ ਬੈਠਣ ਦੀ ਅਪੀਲ ਕਰ ਰਹੇ ਸਨ, ਕਾਂਗਰਸ ਅਤੇ ਦੂਜੀਆਂ ਪਾਰਟੀਆਂ ਵੱਲੋਂ ਵੀ ਉਨ੍ਹਾਂ ਨੂੰ ਬੈਠਣ ਦੀ ਅਪੀਲ ਕੀਤੀ ਗਈ ਤਾਂ ਕਿ ਸਦਨ ਦੀ ਕਾਰਵਾਈ ਚੱਲ ਸਕੇ ਪਰ ਏ.ਆਈ.ਡੀ.ਐੱਮ.ਕੇ. ਸੰਸਦ ਮੈਂਬਰ ਪੀ.ਐੱਮ. ਤੋਂ ਭਰੋਸਾ ਦੇਣ ਦੀ ਮੰਗ 'ਤੇ ਅੜੇ ਰਹੇ। 11.30 ਵਜੇ ਚੇਅਰਮੈਨ ਨੇ ਸਦਨ ਦੀ ਕਾਰਵਾਈ ਬੁੱਧਵਾਰ ਤੱਕ ਲਈ ਮੁਲਤਵੀ ਕਰ ਦਿੱਤੀ, ਜਿਸ 'ਚ ਕਾਂਗਰਸ ਸਮੇਤ ਦੂਜੇ ਵਿਰੋਧੀ ਸੰਸਦ ਮੈਂਬਰ ਕਹਿੰਦੇ ਰਹੇ ਕਿ ਮੁਲਤਵੀ ਨਾ ਕੀਤੀ ਜਾਵੇ ਪਰ ਸਪੀਕਰ ਮੁਲਤਵੀ ਕਰ ਕੇ ਚੱਲੇ ਗਏ। ਨੇਤਾ ਵਿਰੋਧੀ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਅਸੀਂ ਇਸ ਦੇ ਵਿਰੋਧ 'ਚ ਸਦਨ 'ਚ ਹੀ ਬੈਠੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਹੀ ਸਾਥੀ ਸੰਸਦ ਮੈਂਬਰਾਂ ਦੇ ਖਿਲਾਫ ਕਾਰਵਾਈ ਨਾ ਚੱਲਣ ਦੇ ਖਿਲਾਫ ਬੈਠੇ ਹਨ। ਅੱਧੇ ਘੰਟੇ ਤੱਕ ਵਿਰੋਧੀ ਧਿਰ ਦੇ ਕਰੀਬ 40 ਸੰਸਦ ਮੈਂਬਰ ਸਦਨ 'ਚ ਹੀ ਬੈਠੇ ਰਹੇ।