8 ਤੋਂ 10 ਜੂਨ ਤੱਕ ਵੀਅਤਨਾਮ ਦੌਰੇ ''ਤੇ ਜਾਣਗੇ ਰੱਖਿਆ ਮੰਤਰੀ ਰਾਜਨਾਥ ਸਿੰਘ

Sunday, Jun 05, 2022 - 05:26 PM (IST)

8 ਤੋਂ 10 ਜੂਨ ਤੱਕ ਵੀਅਤਨਾਮ ਦੌਰੇ ''ਤੇ ਜਾਣਗੇ ਰੱਖਿਆ ਮੰਤਰੀ ਰਾਜਨਾਥ ਸਿੰਘ

ਨਵੀਂ ਦਿੱਲੀ— ਰੱਖਿਆ ਮੰਤਰੀ ਰਾਜਨਾਥ ਸਿੰਘ ਦੋ-ਪੱਖੀ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ​​ਕਰਨ ਲਈ ਬੁੱਧਵਾਰ ਨੂੰ ਤਿੰਨ ਦਿਨਾਂ ਦੌਰੇ 'ਤੇ ਵੀਅਤਨਾਮ ਲਈ ਰਵਾਨਾ ਹੋਣਗੇ। ਰੱਖਿਆ ਮੰਤਰਾਲੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਕਿਹਾ ਕਿ ਦੌਰੇ ਦੌਰਾਨ ਰਾਜਨਾਥ ਵੀਅਤਨਾਮ ਨੂੰ 12 ਹਾਈ ਸਪੀਡ ਗਾਰਡ ਕਿਸ਼ਤੀਆਂ ਵੀ ਸੌਂਪਣਗੇ। ਇਹ ਕਿਸ਼ਤੀਆਂ ਭਾਰਤ ਵੱਲੋਂ ਵੀਅਤਨਾਮ ਨੂੰ ਦਿੱਤੇ 10 ਕਰੋੜ ਡਾਲਰ ਦੇ ਰੱਖਿਆ ਕਰਜ਼ੇ ਤਹਿਤ ਬਣਾਈਆਂ ਗਈਆਂ ਹਨ।

ਰੱਖਿਆ ਮੰਤਰਾਲਾ ਮੁਤਾਬਕ ਵੀਅਤਨਾਮ ਦੇ ਨਾਲ ਵਧ ਰਹੇ ਰੱਖਿਆ ਸਹਿਯੋਗ ਦੇ ਸੰਦਰਭ ਵਿਚ ਇਹ ਪ੍ਰਾਜੈਕਟ ਮਹੱਤਵਪੂਰਨ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਆਤਮ-ਨਿਰਭਰ ਭਾਰਤ' ਅਤੇ 'ਮੇਕ ਇਨ ਇੰਡੀਆ', 'ਮੇਕ ਫਾਰ ਦਿ ਵਰਲਡ' ਵਿਜ਼ਨ ਨੂੰ ਦਰਸਾਉਂਦਾ ਹੈ।  ਦੌਰੇ ਦੌਰਾਨ ਰਾਜਨਾਥ ਆਪਣੇ ਵੀਅਤਨਾਮੀ ਹਮ-ਰੁਤਬਾ ਜਨਰਲ ਫਾਨ ਵਾਨ ਗਿਆਂਗ ਨਾਲ ਵਿਆਪਕ ਗੱਲਬਾਤ ਕਰਨਗੇ। ਉਨ੍ਹਾਂ ਦਾ ਵੀਅਤਨਾਮ ਦੇ ਰਾਸ਼ਟਰਪਤੀ ਨਗੁਏਨ ਜ਼ੁਆਨ ਫੁਕ ਅਤੇ ਪ੍ਰਧਾਨ ਮੰਤਰੀ ਫਾਮ ਮਿਨਹ ਚਿਨ ਨਾਲ ਵੀ ਮੁਲਾਕਾਤ ਦਾ ਪ੍ਰੋਗਰਾਮ ਹੈ।
 
ਮੰਤਰਾਲੇ ਦੇ ਮੁਤਾਬਕ ਭਾਰਤ ਅਤੇ ਵੀਅਤਨਾਮ ਦਰਮਿਆਨ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੇ 50 ਸਾਲ ਅਤੇ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਇਤਿਹਾਸਕ ਮੌਕੇ 'ਤੇ ਰੱਖਿਆ ਮੰਤਰੀ ਦੀ ਵੀਅਤਨਾਮ ਦੀ ਯਾਤਰਾ ਦੋ-ਪੱਖੀ ਰੱਖਿਆ ਸਹਿਯੋਗ ਅਤੇ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ​​ਕਰਨ ਵਿਚ ਮਦਦ ਕਰੇਗੀ।


author

Tanu

Content Editor

Related News