ਮਣੀਪੁਰ ਦੇ ਮੇਈਤੀ ਤੇ ਕੁਕੀ ਭਾਈਚਾਰੇ ਦਿਲੋਂ ਗੱਲਬਾਤ ਕਰਨ : ਰਾਜਨਾਥ

11/01/2023 8:01:03 PM

ਟੀਪਾ (ਮਿਜ਼ੋਰਮ), (ਭਾਸ਼ਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਣੀਪੁਰ ਵਿਚ ਇਕ ਦੂਜੇ ਨਾਲ ਲੜ ਰਹੇ ਮੇਈਤੀ ਅਤੇ ਕੁਕੀ ਭਾਈਚਾਰਿਆਂ ਨੂੰ ਅਪੀਲ ਕੀਤੀ ਕਿ ਉਹ ਇਕ-ਦੂਜੇ ਪ੍ਰਤੀ ਬੇਭਰੋਸਗੀ ਦੇ ਮਾਹੌਲ ਨੂੰ ਖਤਮ ਕਰਨ ਲਈ ਇਕੱਠੇ ਬੈਠਣ ਅਤੇ ਦਿਲੋਂ ਗੱਲਬਾਤ ਕਰਨ।

ਮਿਜ਼ੋਰਮ ਦੇ ਦੱਖਣੀ ਹਿੱਸੇ ’ਚ ਮਿਆਂਮਾਰ ਦੀ ਸਰਹੱਦ ਨੇੜੇ ਆਯੋਜਿਤ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਿੰਸਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ। ਮਣੀਪੁਰ ਦੇ ਦੋਵਾਂ ਭਾਈਚਾਰਿਆਂ ਨੂੰ ਸਥਿਤੀ ਨੂੰ ਸੁਧਾਰਨ ਲਈ ਇਕ-ਦੂਜੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਉੱਤਰ-ਪੂਰਬ ਪਿਛਲੇ 9 ਸਾਲਾਂ ਵਿਚ ਸ਼ਾਂਤੀਪੂਰਨ ਰਿਹਾ ਹੈ। ਮੌਜੂਦਾ ਹਿੰਸਾ ਸਾਡੇ ਲਈ ਦੁਖਦਾਈ ਹੈ।

ਭਾਜਪਾ ਦੇ ਸੀਨੀਅਰ ਨੇਤਾ ਨੇ ਕਿਹਾ ਕਿ ਮੈਂ ਖਾਸ ਤੌਰ ’ਤੇ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਹ ਹਿੰਸਾ ਕਿਸੇ ਸਿਆਸੀ ਪਾਰਟੀ ਕਾਰਨ ਨਹੀਂ ਹੋਈ। ਅਜਿਹਾ ਕੁਝ ਖਾਸ ਹਾਲਾਤ ਕਾਰਨ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਮਣੀਪੁਰ ’ਚ ਹਾਲਾਤ ਵਿਗੜ ਰਹੇ ਸਨ ਤਾਂ ਕਾਂਗਰਸ ਨੇ ਇਸ ’ਤੇ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ। ਮਿਜ਼ੋਰਮ ਅਤੇ ਉੱਤਰ-ਪੂਰਬ ਸਮੇਤ ਪੂਰੇ ਦੇਸ਼ ਨੂੰ ਕਾਂਗਰਸ ਦੀ ਨਾਂਹਪੱਖੀ ਸਿਆਸਤ ਤੋਂ ਦੂਰ ਰੱਖਣ ਦੀ ਲੋੜ ਹੈ।

ਰੱਖਿਆ ਮੰਤਰੀ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦਾ ਮੰਨਣਾ ਹੈ ਕਿ ਇਕ ਮਜ਼ਬੂਤ, ਖੁਸ਼ਹਾਲ ਅਤੇ ਸਵੈ-ਨਿਰਭਰ ਭਾਰਤ ਦਾ ਸੁਪਨਾ ਉਦੋਂ ਤੱਕ ਪੂਰਾ ਨਹੀਂ ਹੋਵੇਗਾ ਜਦੋਂ ਤੱਕ ਉੱਤਰ-ਪੂਰਬ ਦਾ ਸੱਚਮੁੱਚ ਵਿਕਾਸ ਨਹੀਂ ਹੁੰਦਾ। ਜੇ ਮਿਜ਼ੋਰਮ ਵਿਚ ਭਾਰਤੀ ਜਨਤਾ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਮੁਹਿੰਮ ਵਿੱਢੀ ਜਾਵੇਗੀ।


Rakesh

Content Editor

Related News