ਭਾਜਪਾ ਨੂੰ 2014 ਦੀ ਤੁਲਨਾ ''ਚ ਮਿਲਣਗੀਆਂ ਵਧ ਸੀਟਾਂ : ਰਾਜਨਾਥ ਸਿੰਘ
Tuesday, May 14, 2019 - 02:08 PM (IST)

ਨਵੀਂ ਦਿੱਲੀ— ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ਚੋਣਾਂ 2014 ਤੋਂ ਵਧ ਸੀਟਾਂ ਜਿੱਤਣ ਦੀ ਉਮੀਦ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਵਿਚ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਨੂੰ ਦੋ ਤਿਹਾਈ ਬਹੁਮਤ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ। ਰਾਜਨਾਥ ਨੇ ਭਾਜਪਾ ਹੈੱਡਕੁਆਰਟਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਭਾਜਪਾ ਪਾਰਟੀ 2014 ਤੋਂ ਵੀ ਵਧ ਸੀਟਾਂ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿਚ ਜਿੱਤਣ ਜਾ ਰਹੀ ਹੈ।'' ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਪਿਛਲੇ 5 ਸਾਲਾਂ ਵਿਚ ਪ੍ਰਧਾਨ ਮੰਤਰੀ 'ਤੇ ਲੋਕਾਂ ਦਾ ਭਰੋਸਾ ਵਧਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀ ਵਾਰ ਮੁਕਾਬਲਾ ਨਰਿੰਦਰ ਮੋਦੀ ਬਨਾਮ ਸੋਨੀਆ ਗਾਂਧੀ/ਮਨਮੋਹਨ ਸਿੰਘ ਸੀ, ਇਸ ਵਾਰ ਮੋਦੀ ਜੀ ਦੇ ਸਾਹਮਣੇ ਕੌਣ ਹੈ। ਵਿਰੋਧੀ ਦਲਾਂ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਸਰਕਾਰ ਬਣਾਉਣਗੇ ਪਰ ਜਨਤਾ ਇਨ੍ਹਾਂ ਤੋਂ ਪੁੱਛ ਰਹੀ ਹੈ ਕਿ ਇਨ੍ਹਾਂ ਦਾ ਨੇਤਾ ਕੌਣ ਹੈ, ਕਿਉਂਕਿ ਉਹ ਅਣਜਾਣ ਹਨ। ਸਿੰਘ ਨੇ ਕਿਹਾ ਕਿ ਸਿਹਤਮੰਦ ਲੋਕਤੰਤਰ 'ਚ ਜਨਤਾ ਨੂੰ ਹਨ੍ਹੇਰੇ 'ਚ ਨਹੀਂ ਰੱਖਿਆ ਜਾ ਸਕਦਾ।
ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਰਾਜਨਾਥ ਨੇ ਕਿਹਾ ਕਿ ਅੱਤਵਾਦ ਵਿਰੁੱਧ ਸਾਡੀ ਲੜਾਈ ਨੂੰ ਕਾਂਗਰਸ ਨੇ ਆਪਣੇ ਐਕਸ਼ਨ ਨਾਲ ਕਮਜ਼ੋਰ ਕੀਤਾ ਹੈ। ਕਾਂਗਰਸ ਨੇ ਆਪਣੇ ਕਾਰਜਕਾਲ ਵਿਚ ਹਿੰਦੂ ਅੱਤਵਾਦ ਦੀ ਨਵੀਂ ਥਿਊਰੀ ਦੇ ਦਿੱਤੀ, ਜੋ ਅੱਤਵਾਦ ਨੂੰ ਹੱਲਾ-ਸ਼ੇਰੀ ਦੇਣ ਵਾਲੀ ਹੈ। ਕਾਂਗਰਸ ਸ਼ੁਰੂ ਤੋਂ ਹੀ ਗਰੀਬੀ ਹਟਾਓ ਦੀ ਗੱਲ ਕਰਦੀ ਆਈ ਹੈ ਪਰ ਗਰੀਬੀ ਦੂਰ ਕਰਨ ਲਈ ਕੋਈ ਮਜ਼ਬੂਤ ਕਦਮ ਨਹੀਂ ਚੁੱਕਿਆ। ਹੁਣ ਰਾਹੁਲ ਜੀ ਕਹਿ ਰਹੇ ਹਨ ਕਿ ਹੁਣ ਤਕ ਅਨਿਆਂ ਹੁੰਦਾ ਰਿਹਾ, ਅਸੀਂ 'ਨਿਆਂ' ਕਰਾਂਗੇ ਤਾਂ ਇਸ ਅਨਿਆਂ ਦਾ ਜ਼ਿੰਮੇਵਾਰ ਕੌਣ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਪਿਛਲੇ 5 ਸਾਲ ਦੇ ਕੰਮਕਾਜ ਨੂੰ ਦੇਖਿਆ ਜਾਵੇ ਅਤੇ ਮੋਦੀ ਜੀ ਦੇ 5 ਸਾਲ ਦੇ ਕੰਮਕਾਜ ਨੂੰ ਦੇਖਿਆ ਜਾਵੇ, ਤਾਂ ਸਪੱਸ਼ਟ ਹੁੰਦਾ ਹੈ ਕਿ ਮੋਦੀ ਜੀ ਦੀ ਸਰਕਾਰ ਵਿਚ ਬੇਮਿਸਾਲ ਕੰਮ ਹੋਏ ਹਨ।