ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਤਿੰਨੋਂ ਫੌਜ ਮੁਖੀਆਂ ਨੇ ਕੀਤੀ ਮੁਲਾਕਾਤ
Monday, Oct 28, 2019 - 01:16 PM (IST)

ਨਵੀਂ ਦਿੱਲੀ— ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਸੋਮਵਾਰ ਨੂੰ ਦਿੱਲੀ 'ਚ ਫੌਜ ਮੁਖੀ ਜਨਰਲ ਬਿਪਿਨ ਰਾਵਤ, ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਅਤੇ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਨੇ ਮੁਲਾਕਾਤ ਕੀਤੀ। ਇਕ ਨਿਊਜ਼ ਏਜੰਸੀ ਨੇ ਤਸਵੀਰ ਟਵੀਟ ਕੀਤੀ ਹੈ, ਜਿਸ 'ਚੋਂ ਤਿੰਨੋਂ ਫੌਜ ਮੁਖੀ ਰਾਜਨਾਥ ਸਿੰਘ ਨਾਲ ਚਰਚਾ ਕਰਦੇ ਨਜ਼ਰ ਆ ਰਹੇ ਹਨ।
ਪਿਛਲੇ ਹੀ ਦਿਨੀਂ ਭਾਰਤੀ ਫੌਜ ਨੇ ਪਾਕਿਸਤਾਨ ਵਲੋਂ ਕੀਤੀ ਗਈ ਉਕਸਾਵੇ ਵਾਲੀ ਹਰਕਤ ਦਾ ਜਵਾਬ ਦਿੰਦੇ ਹੋਏ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) 'ਚ ਕਈ ਅੱਤਵਾਦੀ ਕੈਂਪ ਉਡਾ ਦਿੱਤੇ ਸਨ। ਭਾਰਤੀ ਫੌਜ ਦੀ ਇਸ ਕਾਰਵਾਈ 'ਚ ਕਈ ਪਾਕਿਸਤਾਨੀ ਫੌਜ ਵੀ ਮਾਰੇ ਗਏ। ਪਾਕਿਸਤਾਨ ਨੇ ਐਤਵਾਰ ਨੂੰ ਵੀ ਰਾਜੌਰੀ 'ਚ ਕੰਟਰੋਲ ਰੇਖਾ 'ਤੇ ਗੋਲੀਬਾਰੀ ਕੀਤੀ। ਜਿਸ ਦਾ ਭਾਰਤੀ ਜਵਾਨਾਂ ਨੇ ਵੀ ਮੂੰਹ ਤੋੜ ਜਵਾਬ ਦਿੱਤਾ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਮੂ-ਕਸ਼ਮੀਰ ਦੇ ਰਾਜੌਰੀ ਪਹੁੰਚੇ ਸਨ ਅਤੇ ਉਨ੍ਹਾਂ ਨੇ ਸਰਹੱਦ ਦੀ ਸੁਰੱਖਿਆ 'ਚ ਤਾਇਨਾਤ ਜਵਾਨਾਂ ਨਾਲ ਦੀਵਾਲੀ ਮਨਾਈ।
ਜ਼ਿਕਰਯੋਗ ਹੈ ਕਿ ਕਸ਼ਮੀਰ 31 ਅਕਤੂਬਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਜਾ ਰਿਹਾ ਹੈ, ਅਜਿਹੇ 'ਚ ਸੁਰੱਖਿਆ ਦੇ ਮੱਦੇਨਜ਼ਰ ਰੱਖਿਆ ਮੰਤਰੀ ਤਿੰਨੋਂ ਫੌਜ ਮੁਖੀਆਂ ਨੂੰ ਨਿਰਦੇਸ਼ ਦੇ ਸਕਦੇ ਹਨ, ਨਾਲ ਹੀ ਘਾਟੀ 'ਚ ਸਥਿਤੀ ਦੇ ਸੰਬੰਧ 'ਚ ਜਾਣਕਾਰੀ ਲੈ ਸਕਦੇ ਹਨ। ਇਸ ਤੋਂ ਪਹਿਲਾਂ ਜਦੋਂ ਭਾਰਤੀ ਫੌਜ ਨੇ ਪਾਕਿਸਤਾਨ ਦੀ ਜੰਗਬੰਦੀ ਵਿਰੁੱਧ ਜਵਾਬੀ ਕਾਰਵਾਈ 'ਚ ਅੱਤਵਾਦੀ ਕੈਂਪਾਂ ਨੂੰ ਤਬਾਹ ਕੀਤਾ ਸੀ, ਉਦੋਂ ਵੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਇਸ ਘਟਨਾ 'ਤੇ ਉਹ ਨਜ਼ਰ ਰੱਖੇ ਹੋਏ ਹਨ। ਫੌਜ ਮੁਖੀਆਂ ਨਾਲ ਇਹ ਮੁਲਾਕਾਤ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ।