ਰਾਜਸਥਾਨ : 8 ਫੁੱਟ ਡੂੰਘੇ ਪਾਣੀ ''ਚ ਛਾਲ ਮਾਰ ਕਾਂਸਟੇਬਲ ਨੇ ਬਚਾਈ 2 ਬੱਚਿਆਂ ਦੀ ਜਾਨ

09/16/2019 11:30:24 AM

ਕੋਟਾ— ਰਾਜਸਥਾਨ 'ਚ ਜਾਰੀ ਭਾਰੀ ਬਰਾਸ਼ ਕਾਰਨ ਨਦੀ-ਨਾਲੇ ਉਫਾਨ 'ਤੇ ਹਨ। ਸਥਿਤੀ ਇੰਨੀ ਗੰਭੀਰ ਹੋ ਗਈ ਹੈ ਕਿ ਕੋਟਾ ਬੈਰਾਜ, ਰਾਣਾਪ੍ਰਤਾਪ ਸਾਗਰ, ਜਵਾਹਰ ਸਾਗਰ ਅਤੇ ਸਾਹੀ ਬਜਾਜ ਦੇ ਸਾਰੇ ਗੇਟ ਖੋਲ੍ਹਣੇ ਪਏ ਹਨ। ਇਸ ਕਾਰਨ ਕੋਟਾ, ਬੂੰਦੀ, ਚਿਤੌੜਗੜ੍ਹ ਅਤੇ ਝਾਲਾਵਾੜ 'ਚ ਹੜ੍ਹ ਦੇ ਹਾਲਾਤ ਬਣੇ ਹੋਏ ਹਨ। ਰਾਹਤ ਅਤੇ ਬਚਾਅ ਕੰਮ ਲਈ ਫੌਜ ਅਤੇ ਐੱਨ.ਆਰ.ਆਰ.ਐੱਫ. ਦੀਆਂ ਟੀਮਾਂ ਨੇ ਮੋਰਚਾ ਸੰਭਾਲ ਲਿਆ ਹੈ।

ਹੜ੍ਹ ਦੀ ਗੰਭੀਰ ਸਥਿਤੀ ਦੇ ਬਾਵਜੂਦ ਕੀਤੇ ਗਏ ਸਾਹਸਿਕ ਕੰਮ ਲਈ ਰਾਜਸਥਾਨ ਪੁਲਸ ਦੇ ਕਾਂਸਟੇਬਲ ਰਾਕੇਸ਼ ਮੀਣਾ ਦੀ ਤਾਰੀਫ਼ ਹੋ ਰਹੀ ਹੈ। ਐਤਵਾਰ ਸਵੇਰੇ ਡਿਊਟੀ 'ਤੇ ਜਾਂਦੇ ਸਮੇਂ ਮੀਣਾ ਨੂੰ ਬੱਚਿਆਂ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕੋਲ ਜਾ ਕੇ ਦੇਖਿਆ ਤਾਂ 2 ਬੱਚੇ ਹੜ੍ਹ ਦੀ ਪਾਣੀ 'ਚ ਫਸੇ ਹੋਏ ਸਨ। ਰਾਕੇਸ਼ ਮੀਣਾ ਨੇ ਬਹਾਦਰੀ ਦਿਖਾਉਂਦੇ ਹੋਏ ਇਕ ਟਿਊਬ ਲੈ ਕੇ ਬੱਚਿਆਂ ਨੂੰ ਬਚਾਉਣ ਲਈ 8 ਫੁੱਟ ਡੂੰਘੇ ਪਾਣੀ 'ਚ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਉਹ ਬੱਚਿਆਂ ਨੂੰ ਬਚਾ ਕੇ ਬਾਹਰ ਲਿਆਏ। ਉਨ੍ਹਾਂ ਦੇ ਇਸ ਸਾਹਸਿਕ ਕੰਮ ਦੀ ਸਾਰੇ ਪ੍ਰਸ਼ੰਸਾ ਕਰ ਰਹੇ ਹਨ।

ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਹੜ੍ਹ ਪ੍ਰਭਾਵਿਤ ਜ਼ਿਲਿਆਂ ਦੇ ਸਾਰੇ ਕਰਮਚਾਰੀਆਂ ਦੀ ਛੁੱਟੀ ਰੱਦ ਕਰ ਦਿੱਤੀ ਹੈ। ਉਹ ਅੱਜ ਬੂੰਦੀ, ਕੋਟਾ, ਝਾਲਾਵਾੜ ਅਤੇ ਧੌਲਪੁਰ ਦਾ ਹਵਾਈ ਸਰਵੇਖਣ ਕਰ ਕੇ ਰਾਹਤ ਅਤੇ ਬਚਾਅ ਕੰਮ ਦੀ ਸਮੀਖਿਆ ਕਰਨਗੇ।


DIsha

Content Editor

Related News