4 ਕਿਤਾਬਾਂ ਹੋਈਆਂ ਬੰਦ! ਰਾਜਸਥਾਨ ''ਚ ਪਾਠ ਪੁਸਤਕਾਂ ਨੂੰ ਲੈ ਕੇ ਸਿਆਸੀ ਘਮਸਾਨ

Friday, Apr 17, 2026 - 05:17 PM (IST)

4 ਕਿਤਾਬਾਂ ਹੋਈਆਂ ਬੰਦ! ਰਾਜਸਥਾਨ ''ਚ ਪਾਠ ਪੁਸਤਕਾਂ ਨੂੰ ਲੈ ਕੇ ਸਿਆਸੀ ਘਮਸਾਨ

ਜੈਪੁਰ : ਰਾਜਸਥਾਨ ਸਰਕਾਰ ਵੱਲੋਂ ਅਕਾਦਮਿਕ ਸੈਸ਼ਨ 2026-27 ਲਈ ਚਾਰ ਸਕੂਲੀ ਪਾਠ ਪੁਸਤਕਾਂ ਨੂੰ ਬੰਦ ਕਰਨ ਦੇ ਫੈਸਲੇ ਨੇ ਸੂਬੇ ਵਿੱਚ ਇੱਕ ਵੱਡਾ ਸਿਆਸੀ ਵਿਵਾਦ ਖੜ੍ਹਾ ਕਰ ਦਿੱਤਾ ਹੈ। ਸਿੱਖਿਆ ਮੰਤਰੀ ਮਦਨ ਦਿਲਾਵਰ ਨੇ ਸ਼ੁੱਕਰਵਾਰ ਨੂੰ ਇਸ ਕਦਮ ਦਾ ਬਚਾਅ ਕੀਤਾ, ਜਦਕਿ ਕਾਂਗਰਸ ਨੇ ਇਸ ਨੂੰ ਇਤਿਹਾਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਹੈ।

ਕਿਹੜੀਆਂ ਕਿਤਾਬਾਂ 'ਤੇ ਲੱਗੀ ਰੋਕ?
ਸੈਕੰਡਰੀ ਸਿੱਖਿਆ ਡਾਇਰੈਕਟੋਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ, ਅਜਮੇਰ ਬੋਰਡ ਦੀਆਂ ਸਿਫ਼ਾਰਸ਼ਾਂ 'ਤੇ ਜਮਾਤ 9ਵੀਂ ਤੋਂ 12ਵੀਂ ਤੱਕ ਦੀਆਂ ਚਾਰ ਕਿਤਾਬਾਂ ਹਟਾ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚ 9ਵੀਂ ਜਮਾਤ ਦੀ 'ਰਾਜਸਥਾਨ ਦਾ ਸੁਤੰਤਰਤਾ ਅੰਦੋਲਨ ਅਤੇ ਵੀਰਤਾ ਪਰੰਪਰਾ', 10ਵੀਂ ਦੀ 'ਰਾਜਸਥਾਨ ਦਾ ਇਤਿਹਾਸ ਅਤੇ ਸਭਿਆਚਾਰ', ਅਤੇ 11ਵੀਂ-12ਵੀਂ ਜਮਾਤ ਲਈ 'ਆਜ਼ਾਦੀ ਤੋਂ ਬਾਅਦ ਦਾ ਸੁਨਹਿਰੀ ਭਾਰਤ' (ਭਾਗ 1 ਅਤੇ 2) ਸ਼ਾਮਲ ਹਨ।

ਸਰਕਾਰ ਦਾ ਪੱਖ: 'ਅਧੂਰਾ ਅਤੇ ਗਲਤ ਇਤਿਹਾਸ'
ਸਿੱਖਿਆ ਮੰਤਰੀ ਮਦਨ ਦਿਲਾਵਰ ਨੇ ਕਿਹਾ ਕਿ ਇਹ ਕਿਤਾਬਾਂ ਪ੍ਰੀਖਿਆ ਪ੍ਰਣਾਲੀ ਦਾ ਹਿੱਸਾ ਨਹੀਂ ਸਨ ਤੇ ਇਨ੍ਹਾਂ ਦੇ ਅੰਕ ਨਤੀਜਿਆਂ 'ਚ ਨਹੀਂ ਜੁੜਦੇ ਸਨ। ਉਨ੍ਹਾਂ ਇਲਜ਼ਾਮ ਲਾਇਆ ਕਿ ਇਨ੍ਹਾਂ ਕਿਤਾਬਾਂ ਰਾਹੀਂ 'ਗਲਤ ਇਤਿਹਾਸ' ਪੜ੍ਹਾਇਆ ਜਾ ਰਿਹਾ ਸੀ ਤੇ ਕਈ ਰਾਸ਼ਟਰੀ ਨੇਤਾਵਾਂ ਨੂੰ ਅਣਗੌਲਿਆ ਕੀਤਾ ਗਿਆ ਸੀ। 

ਮੰਤਰੀ ਨੇ ਕਿਹਾ ਕਿ ਡਾ. ਬੀ.ਆਰ. ਅੰਬੇਡਕਰ ਵਰਗੀ ਮਹਾਨ ਸ਼ਖਸੀਅਤ ਨੂੰ ਸਿਰਫ਼ ਇੱਕ ਲਾਈਨ 'ਚ ਸਮੇਟ ਦਿੱਤਾ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਹੁਣ ਨਵੇਂ ਸਿਲੇਬਸ 'ਚ ਸਰਦਾਰ ਵੱਲਭਭਾਈ ਪਟੇਲ, ਲਾਲ ਬਹਾਦਰ ਸ਼ਾਸਤਰੀ, ਧਾਰਾ 370 ਦਾ ਖਾਤਮਾ ਅਤੇ ਅਟਲ ਬਿਹਾਰੀ ਵਾਜਪਾਈ ਤੇ ਨਰਿੰਦਰ ਮੋਦੀ ਵਰਗੇ ਆਗੂਆਂ ਦੇ ਯੋਗਦਾਨ ਨੂੰ ਢੁਕਵੀਂ ਥਾਂ ਦਿੱਤੀ ਜਾਵੇਗੀ।

ਕਾਂਗਰਸ ਦਾ ਪਲਟਵਾਰ: 'ਇਤਿਹਾਸ 'ਤੇ ਹਮਲਾ'
ਦੂਜੇ ਪਾਸੇ, ਰਾਜਸਥਾਨ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਨੇ ਇਸ ਫੈਸਲੇ ਨੂੰ "ਇਤਿਹਾਸ 'ਤੇ ਹਮਲਾ" ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਉਣ ਵਾਲੀ ਪੀੜ੍ਹੀ ਨੂੰ ਅਧੂਰਾ ਇਤਿਹਾਸ ਪੜ੍ਹਾਉਣਾ ਚਾਹੁੰਦੀ ਹੈ ਅਤੇ ਇਸ ਦਾ ਮਕਸਦ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਮਨਮੋਹਨ ਸਿੰਘ ਵਰਗੇ ਕਾਂਗਰਸੀ ਨੇਤਾਵਾਂ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਕਰਨਾ ਹੈ। 

ਡੋਟਾਸਰਾ ਨੇ ਸਵਾਲ ਉਠਾਇਆ ਕਿ ਜੇਕਰ ਕਿਤਾਬਾਂ ਵਿੱਚ ਕੋਈ ਤੱਥ ਗਲਤ ਸਨ, ਤਾਂ ਉਨ੍ਹਾਂ ਨੂੰ ਸੁਧਾਰਿਆ ਜਾ ਸਕਦਾ ਸੀ, ਪਰ ਪੂਰੀਆਂ ਕਿਤਾਬਾਂ ਹੀ ਹਟਾ ਦੇਣਾ ਸਰਕਾਰ ਦੀ ਇਤਿਹਾਸ ਮਿਟਾਉਣ ਦੀ ਮਾੜੀ ਨੀਅਤ ਨੂੰ ਦਰਸਾਉਂਦਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇਸ ਨਾਲ ਸੁਤੰਤਰਤਾ ਅੰਦੋਲਨ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਵਰਗੇ ਅਹਿਮ ਵਿਸ਼ਿਆਂ ਨੂੰ ਸਿਲੇਬਸ ਵਿੱਚੋਂ ਬਾਹਰ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News