ਰਾਜਸਥਾਨ : ਅਲਵਰ ਦੇ ਜ਼ਿਲਾ ਹਸਪਤਾਲ 'ਚ ਅੱਗ ਨਾਲ ਝੁਲਸੀ ਮਾਸੂਮ ਨੇ ਤੋੜਿਆ ਦਮ

Wednesday, Jan 01, 2020 - 03:54 PM (IST)

ਰਾਜਸਥਾਨ : ਅਲਵਰ ਦੇ ਜ਼ਿਲਾ ਹਸਪਤਾਲ 'ਚ ਅੱਗ ਨਾਲ ਝੁਲਸੀ ਮਾਸੂਮ ਨੇ ਤੋੜਿਆ ਦਮ

ਜੈਪੁਰ (ਭਾਸ਼ਾ)—ਰਾਜਸਥਾਨ ਦੇ ਅਲਵਰ ਦੇ ਜ਼ਿਲਾ ਹਸਪਤਾਲ 'ਚ ਮੰਗਲਵਾਰ ਨੂੰ ਅੱਗ ਨਾਲ ਝੁਲਸੀ ਮਾਸੂਮ ਬੱਚੀ ਦੀ ਬੁੱਧਵਾਰ ਭਾਵ ਅੱਜ ਜੈਪੁਰ ਦੇ ਜੇ. ਕੇ. ਲੋਨ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਮੰਗਲਵਾਰ ਨੂੰ ਅਲਵਰ ਦੇ ਜ਼ਿਲਾ ਹਸਪਤਾਲ 'ਚ ਅੱਗ ਲੱਗਣ ਕਾਰਨ 70 ਫੀਸਦੀ ਤਕ ਝੁਲਸੀ ਮਾਸੂਮ ਨੂੰ ਜੈਪੁਰ ਦੇ ਜੇ. ਕੇ. ਹਸਪਤਾਲ 'ਚ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਜੈਪੁਰ ਦੇ ਜੇ. ਕੇ. ਲੋਨ ਹਸਪਤਾਲ ਦੇ ਪ੍ਰਧਾਨ ਡਾ. ਅਸ਼ੋਕ ਗੁਪਤਾ ਨੇ ਬੁੱਧਵਾਰ ਨੂੰ ਦੱਸਿਆ ਕਿ ਬੱਚੀ 70 ਫੀਸਦੀ ਤਕ ਝੁਲਸੀ ਹੋਈ ਸੀ, ਜਿਸ ਨੇ ਇਲਾਜ ਦੌਰਾਨ ਅੱਜ ਦਮ ਤੋੜ ਦਿੱਤਾ। ਬੱਚੀ ਦਾ ਚਿਹਰਾ, ਛਾਤੀ ਅਤੇ ਮੋਢੇ ਝੁਲਸ ਗਏ ਸਨ। ਉਸ ਨੂੰ ਅਲਵਰ ਦੇ ਗੀਤਆਨੰਦ ਹਸਪਤਾਲ ਵਿਚ ਨਿਮੋਨੀਆ ਹੋਣ ਕਾਰਨ ਨਵਜੰਮੇ ਯੂਨਿਟ 'ਚ ਰੱਖਿਆ ਗਿਆ ਸੀ। 

ਯੂਨਿਟ ਦੇ ਰੈਡੀਅੰਟ ਵਾਰਮਰ ਨਾਲ ਲੱਗੇ ਆਕਸੀਜਨ ਪਾਈਪ 'ਚ ਅੱਗ ਲੱਗ ਜਾਣ ਕਾਰਨ ਬੱਚੀ ਝੁਲਸ ਗਈ ਸੀ। ਹਸਪਤਾਲ ਵਿਚ ਮੰਗਲਵਾਰ ਨੂੰ ਸਵੇਰੇ 5 ਵਜੇ ਲੱਗੀ ਅੱਗ ਦੇ ਸਮੇਂ ਯੂਨਿਟ 'ਚ ਝੁਲਸੀ ਬੱਚੀ ਸਮੇਤ 15 ਬੱਚਿਆਂ ਦਾ ਇਲਾਜ ਚੱਲ ਰਿਹਾ ਸੀ। 14 ਹੋਰ ਮਾਸੂਮਾਂ ਨੂੰ ਹੋਰ ਯੂਨਿਟ 'ਚ ਟਰਾਂਸਫਰ ਕਰ ਦਿੱਤਾ ਗਿਆ ਸੀ। ਸਿਹਤ ਵਿਭਾਗ ਦੇ ਸੰਯੁਕਤ ਡਾਇਰੈਕਟਰ ਦੀ ਅਗਵਾਈ 'ਚ ਤਿੰਨ ਮੈਂਬਰੀ ਇਕ ਦਲ ਨੇ ਅਲਵਰ ਹਸਪਤਾਲ ਦੇ ਨਵਜੰਮੇ ਯੂਨਿਟ ਦੇ ਇਚਾਰਜ ਅਤੇ ਨਰਸਿੰਗ ਇੰਚਾਰਜ ਨੂੰ ਲਾਪ੍ਰਵਾਹੀ ਦਾ ਦੋਸ਼ੀ ਮੰਨਿਆ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਦੋਸ਼ੀ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।


author

manju bala

Content Editor

Related News