ਦਿੱਲੀ-NCR 'ਚ ਪਿਆ ਤੇਜ਼ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
Wednesday, Sep 04, 2024 - 04:02 PM (IST)
ਨਵੀਂ ਦਿੱਲੀ- ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (NCR) ਦੇ ਵੱਖ-ਵੱਖ ਹਿੱਸਿਆਂ ਵਿਚ ਬੁੱਧਵਾਰ ਦੁਪਹਿਰ ਨੂੰ ਤੇਜ਼ ਮੀਂਹ ਪਿਆ, ਜਿਸ ਕਾਰਨ ਕਈ ਥਾਵਾਂ 'ਤੇ ਪਾਣੀ ਭਰ ਗਿਆ। ਮੌਸਮ ਵਿਗਿਆਨੀਆਂ ਨੇ ਅਗਲੇ ਕੁਝ ਘੰਟਿਆਂ ਵਿਚ ਹੋਰ ਵੱਧ ਮੀਂਹ ਪੈਣ ਦਾ ਅਨੁਮਾਨ ਜਤਾਇਆ ਹੈ। ਦੱਖਣੀ, ਮੱਧ, ਉੱਤਰ, ਨਵੀਂ ਦਿੱਲੀ ਸਮੇਤ ਦਿੱਲੀ ਦੇ ਕਈ ਹਿੱਸਿਆਂ ਵਿਚ ਅਤੇ ਨੋਇਡਾ ਤੇ ਗੁਰੂਗ੍ਰਾਮ ਦੇ ਕੁਝ ਹਿੱਸਿਆਂ ਵਿਚ ਭਾਰੀ ਆਵਾਜਾਈ ਜਾਮ ਵੇਖਿਆ ਗਿਆ।
ਮੌਸਮ ਵਿਭਾਗ ਨੇ ਆਪਣੇ ਪੂਰਵ ਅਨੁਮਾਨ ਵਿਚ ਕਿਹਾ ਕਿ ਆਉਣ ਵਾਲੇ ਕੁਝ ਘੰਟਿਆਂ ਵਿਚ ਦਿੱਲੀ ਵਿਚ ਹਲਕੇ ਤੋਂ ਦਰਮਿਆਨਾ ਮੀਂਹ, ਹਨ੍ਹੇਰੀ, ਬਿਜਲੀ ਚਮਕਣ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਭਾਰਤ ਮੌਸਮ ਵਿਭਾਗ (IMD) ਨੇ ਦਿੱਲੀ ਲਈ 'ਯੈਲੋ ਅਲਰਟ' ਜਾਰੀ ਕੀਤਾ ਹੈ। 'ਯੈਲੋ ਅਲਰਟ' ਖ਼ਰਾਬ ਮੌਸਮ ਅਤੇ ਸਥਿਤੀ ਦੇ ਹੋਰ ਵਿਗੜਨ ਦੇ ਖ਼ਦਸ਼ੇ ਨੂੰ ਦਰਸਾਉਂਦਾ ਹੈ। ਜਿਸ ਨਾਲ ਜਨ-ਜੀਵਨ ਪ੍ਰਭਾਵਿਤ ਹੋ ਸਕਦਾ ਹੈ। ਰਾਸ਼ਟਰੀ ਰਾਜਧਾਨੀ ਵਿਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦੇਸ਼ 'ਚ ਮੌਸਮ ਸਬੰਧੀ ਅਲਰਟ ਜਾਰੀ ਕਰਨ ਲਈ ਚਾਰ ਰੰਗਾਂ ਦੀ ਵਰਤੋਂ ਕਰਦਾ ਹੈ। ਇਹ ਰੰਗ ਅਤੇ ਉਨ੍ਹਾਂ ਦੇ ਸੁਨੇਹੇ ਹਨ- ਹਰਾ (ਕੋਈ ਕਾਰਵਾਈ ਦੀ ਲੋੜ ਨਹੀਂ), ਪੀਲਾ (ਨਿਗਾਹ ਰੱਖੋ ਅਤੇ ਨਿਗਰਾਨੀ ਰੱਖੋ), ਸੰਤਰੀ (ਤਿਆਰ ਰਹੋ) ਅਤੇ ਲਾਲ (ਕਾਰਵਾਈ/ਸਹਾਇਤਾ ਦੀ ਲੋੜ ਹੈ)।