ਦਿੱਲੀ ਦੇ ਕਈ ਇਲਾਕਿਆਂ ''ਚ ਪਿਆ ਮੀਂਹ; ਮੌਸਮ ਹੋਇਆ ਸੁਹਾਵਣਾ, ਲੋਕਾਂ ਨੂੰ ਮਿਲੀ ਰਾਹਤ

Sunday, Aug 11, 2024 - 11:35 AM (IST)

ਦਿੱਲੀ ਦੇ ਕਈ ਇਲਾਕਿਆਂ ''ਚ ਪਿਆ ਮੀਂਹ; ਮੌਸਮ ਹੋਇਆ ਸੁਹਾਵਣਾ, ਲੋਕਾਂ ਨੂੰ ਮਿਲੀ ਰਾਹਤ

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸਿਆਂ 'ਚ ਐਤਵਾਰ ਸਵੇਰੇ ਮੀਂਹ  ਪਿਆ, ਜਿਸ ਕਾਰਨ ਕੁਝ ਇਲਾਕਿਆਂ 'ਚ ਸੜਕਾਂ 'ਤੇ ਪਾਣੀ ਭਰ ਗਿਆ। ਭਾਰਤ ਮੌਸਮ ਵਿਗਿਆਨ ਵਿਭਾਗ (IMD) ਮੁਤਾਬਕ ਦਿੱਲੀ 'ਚ ਪਿਛਲੇ 24 ਘੰਟਿਆਂ ਵਿਚ 2.9 ਮਿਲੀਮੀਟਰ ਮੀਂਹ ਪਿਆ ਹੈ। IMD ਨੇ ਦੱਸਿਆ ਕਿ ਐਤਵਾਰ ਨੂੰ ਰਾਜਧਾਨੀ ਵਿਚ ਘੱਟੋ-ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਰਹਿਣ ਦੀ ਸੰਭਾਵਨਾ ਹੈ। ਦਿੱਲੀ ਟ੍ਰੈਫਿਕ ਪੁਲਸ ਨੇ ਦੱਸਿਆ ਕਿ ਛਾਵਲਾ ਸਟੈਂਡ ਨੇੜੇ ਪਾਣੀ ਭਰ ਜਾਣ ਅਤੇ ਤਿੰਨ ਕਲੱਸਟਰ ਬੱਸਾਂ ਦੇ ਟੁੱਟਣ ਕਾਰਨ ਨਜਫਗੜ੍ਹ ਫਿਰਨੀ ਰੋਡ 'ਤੇ ਆਵਾਜਾਈ ਪ੍ਰਭਾਵਿਤ ਹੋਈ।

ਟ੍ਰੈਫਿਕ ਪੁਲਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ ਵਿਚ ਇਹ ਵੀ ਕਿਹਾ ਕਿ ਨਾਂਗਲੋਈ ਤੋਂ ਟਿਕਰੀ ਸਰਹੱਦ ਵੱਲ ਜਾਣ ਵਾਲੇ ਰੋਹਤਕ ਰੋਡ 'ਤੇ ਟੋਏ ਅਤੇ ਪਾਣੀ ਭਰ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਕਿਰਪਾ ਕਰਕੇ ਮੁੰਡਕਾ ਜਾਣ ਤੋਂ ਬਚੋ ਅਤੇ ਬਦਲਵੇਂ ਰਸਤੇ ਅਪਣਾਓ। ਸਵੇਰੇ 8.30 ਵਜੇ ਦਿੱਲੀ 'ਚ ਨਮੀ ਦਾ ਪੱਧਰ 92 ਫੀਸਦੀ ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ) ਮੁਤਾਬਕ ਰਾਸ਼ਟਰੀ ਰਾਜਧਾਨੀ ਵਿਚ ਸਵੇਰੇ 9 ਵਜੇ ਹਵਾ ਗੁਣਵੱਤਾ ਸੂਚਕ ਅੰਕ (AQI) 74 ਦਰਜ ਕੀਤਾ ਗਿਆ, ਜੋ ਕਿ 'ਤਸੱਲੀਬਖਸ਼' ਸ਼੍ਰੇਣੀ ਵਿਚ ਆਉਂਦਾ ਹੈ। 

ਦੱਸਣਯੋਗ ਹੈ ਕਿ 0 ਅਤੇ 50 ਦੇ ਵਿਚਕਾਰ AQI 'ਚੰਗਾ' ਹੈ, 51 ਤੋਂ 100 'ਤਸੱਲੀਬਖਸ਼' ਹੈ, 101 ਤੋਂ 200 'ਦਰਮਿਆਨਾ' ਹੈ, 201 ਤੋਂ 300 'ਮਾੜਾ' ਹੈ, 301 ਤੋਂ 400 'ਬਹੁਤ ਮਾੜਾ' ਹੈ ਅਤੇ 401 ਤੋਂ 500 ਨੂੰ 'ਗੰਭੀਰ' ਮੰਨਿਆ ਜਾਂਦਾ ਹੈ।


author

Tanu

Content Editor

Related News