ਪਿਤਾ ਨੂੰ ਯਾਦ ਕਰ ਭਾਵੁਕ ਹੋਏ ਰਾਹੁਲ, ਟਵੀਟ ਕਰ ਕਿਹਾ- ਅੱਜ ਵੀ ਉਨ੍ਹਾਂ ਦੀ ਕਮੀ ਮਹਿਸੂਸ ਕਰਦਾ ਹਾਂ

05/21/2022 11:49:50 AM

ਨਵੀਂ ਦਿੱਲੀ– ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੇ ਕਈ ਹੋਰ ਆਗੂਆਂ ਨੇ ਸ਼ਨੀਵਾਰ ਯਾਨੀ ਕਿ ਅੱਜ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਆਧੁਨਿਕ ਭਾਰਤ ਦੇ ਨਿਰਮਾਣ ’ਚ ਰਾਜੀਵ ਗਾਂਧੀ ਦੇ ਯੋਗਦਾਨ ਨੂੰ ਵੀ ਯਾਦ ਕੀਤਾ। ਸੋਨੀਆ ਗਾਂਧੀ, ਪ੍ਰਿਯੰਕਾ ਗਾਂਧੀ, ਸੰਗਠਨ ਜਨਰਲ ਸਕੱਤਰ ਕੇ. ਸੀ. ਵੇਣੁਗੋਪਾਲ ਅਤੇ ਕਈ ਹੋਰ ਕਾਂਗਰਸੀ ਆਗੂਆਂ ਨੇ ‘ਵੀਰ ਭੂਮੀ’ ਪਹੁੰਚ ਕੇ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। 

PunjabKesari

ਪਿਤਾ ਨੂੰ ਯਾਦ ਕਰਦੇ ਹੋਏ ਰਾਹੁਲ ਗਾਂਧੀ ਨੇ ਟਵੀਟ ਕੀਤਾ, ‘‘ਮੇਰੇ ਪਿਤਾ ਇਕ ਦੂਰਦਰਸ਼ੀ ਆਗੂ ਸਨ, ਜਿਨ੍ਹਾਂ ਦੀਆਂ ਨੀਤੀਆਂ ਨਾਲ ਆਧੁਨਿਕ ਭਾਰਤ ਨੂੰ ਆਕਾਰ ਦੇਣ ’ਚ ਮਦਦ ਮਿਲੀ। ਉਹ ਇਕ ਦਿਆਲੂ ਵਿਅਕਤੀ ਸਨ। ਮੇਰੇ ਅਤੇ ਪ੍ਰਿਯੰਕਾ ਲਈ ਇਕ ਅਦਭੁੱਤ ਪਿਤਾ ਸਨ, ਜਿਨ੍ਹਾਂ ਨੇ ਸਾਨੂੰ ਮੁਆਫ਼ੀ ਅਤੇ ਹਮਦਰਦੀ ਦੀ ਕਦਰ ਸਿਖਾਈ।’’ ਰਾਹੁਲ ਨੇ ਕਿਹਾ, ‘‘ਮੈਂ ਉਨ੍ਹਾਂ ਦੀ ਕਮੀ ਮਹਿਸੂਸ ਕਰਦਾ ਹਾਂ, ਉਸ ਸਮੇਂ ਨੂੰ ਪਿਆਰ ਨਾਲ ਯਾਦ ਕਰਦਾ ਹਾਂ, ਜੋ ਅਸੀਂ ਇਕੱਠੇ ਗੁਜ਼ਾਰੇ ਸਨ।

 

ਪ੍ਰਿਯੰਕਾ ਗਾਂਧੀ ਨੇ ਆਪਣੇ ਪਿਤਾ ਬਾਰੇ ਕੀਤੇ ਰਾਹੁਲ ਗਾਂਧੀ ਦੇ ਟਵੀਟ ਨੂੰ ਰੀਟਵੀਟ ਕੀਤਾ। ਉੱਥੇ ਹੀ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਟਵੀਟ ਕੀਤਾ, ‘‘ਦੁਨੀਆ ਦੇ ਸਭ ਤੋਂ ਵੱਡੇ ਲੋਕੰਤਤਰ ਦੇ ਸਭ ਤੋਂ ਯੁਵਾ ਪ੍ਰਧਾਨ ਮੰਤਰੀ, ਆਧੁਨਿਕ ਭਾਰਤ ਦਾ ਸੁਫ਼ਨਾ ਵੇਖਣ ਵਾਲਾ, ਜਿਸ ਦੀ ਦੂਰਅੰਦੇਸ਼ੀ ਸਦਕਾ ਹੀ ਦੇਸ਼ ਕੰਪਿਊਟਰ ਯੁੱਗ ਵਿਚ ਪ੍ਰਵੇਸ਼ ਕਰ ਸਕਿਆ । ਭਾਰਤ ਰਤਨ, ਸਾਬਕਾ ਪ੍ਰਧਾਨ ਮੰਤਰੀ ਸ. ਰਾਜੀਵ ਗਾਂਧੀ ਜੀ ਦੀ ਬਰਸੀ ’ਤੇ ਉਨ੍ਹਾਂ ਨੂੰ ਨਮਨ। 

ਦੱਸ ਦੇਈਏ ਕਿ ਰਾਜੀਵ ਗਾਂਧੀ ਦਾ ਜਨਮ 20 ਅਗਸਤ 1944 ਨੂੰ ਹੋਇਆ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਤੌਰ ’ਤੇ 1984 ਤੋਂ 1989 ਤੱਕ ਦੇਸ਼ ਦੀ ਅਗਵਾਈ ਕੀਤੀ। 21 ਮਈ 1991 ਨੂੰ ਤਾਮਿਲਨਾਡੂ ’ਚ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ।


Tanu

Content Editor

Related News