ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਨਾਲ ਖੜ੍ਹੇ ਹੋਣਾ ਰਾਹੁਲ ਦੀ ਆਦਤ: ਸ਼ਾਹ
Wednesday, Sep 11, 2024 - 12:47 PM (IST)

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਰਾਹੁਲ ਗਾਂਧੀ 'ਤੇ ਦੇਸ਼ ਵਿਰੋਧੀ ਗੱਲਾਂ ਕਰਨ ਅਤੇ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਨਾਲ ਖੜ੍ਹੇ ਹੋਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਉਨ੍ਹਾਂ ਨੇ ਦੇਸ਼ ਦੀ ਸੁਰੱਖਿਆ ਨੂੰ ਹਮੇਸ਼ਾ ਖ਼ਤਰੇ 'ਚ ਪਾਇਆ ਹੈ। ਸ਼ਾਹ ਨੇ ਰਾਖਵੇਂਕਰਨ ਨਾਲ ਸਬੰਧਤ ਟਿੱਪਣੀਆਂ ਲਈ ਰਾਹੁਲ ਗਾਂਧੀ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀ ਪਾਰਟੀ ਹੈ, ਕੋਈ ਵੀ ਰਾਖਵੇਂਕਰਨ ਨੂੰ ਹੱਥ ਨਹੀਂ ਲਗਾ ਸਕਦਾ ਅਤੇ ਕੋਈ ਵੀ ਦੇਸ਼ ਦੀ ਏਕਤਾ ਨਾਲ ਖਿਲਵਾੜ ਨਹੀਂ ਕਰ ਸਕਦਾ।
ਦੱਸ ਦੇਈਏ ਕਿ ਰਾਹੁਲ ਇਸ ਸਮੇਂ ਅਮਰੀਕਾ ਦੇ ਚਾਰ ਦਿਨਾਂ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਜਾਰਜਟਾਊਨ ਯੂਨੀਵਰਸਿਟੀ ਅਤੇ ਵਰਜੀਨੀਆ ਦੇ ਉਪਨਗਰ ਹਰਨਡਨ ਸਮੇਤ ਕਈ ਹੋਰ ਥਾਵਾਂ 'ਤੇ ਆਯੋਜਿਤ ਪ੍ਰੋਗਰਾਮਾਂ ਨੂੰ ਸੰਬੋਧਨ ਕੀਤਾ ਅਤੇ ਭਾਰਤ 'ਚ ਲੋਕਤੰਤਰ ਅਤੇ ਚੋਣਾਂ ਸਮੇਤ ਕਈ ਮੁੱਦਿਆਂ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਦਰਅਸਲ ਮੰਗਲਵਾਰ ਨੂੰ ਵਾਸ਼ਿੰਗਟਨ 'ਚ 'ਨੈਸ਼ਨਲ ਪ੍ਰੈੱਸ ਕਲੱਬ' 'ਚ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਹੁਲ ਨੇ ਕਿਹਾ ਕਿ ਭਾਰਤ 'ਚ ਪਿਛਲੇ 10 ਸਾਲਾਂ 'ਚ ਲੋਕਤੰਤਰ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ ਪਰ ਹੁਣ ਲੋਕਤੰਤਰ ਮੁੜ ਲੀਹ 'ਤੇ ਆ ਗਿਆ ਹੈ।
ਸ਼ਾਹ ਨੇ 'ਐਕਸ' 'ਤੇ ਪੋਸਟ ਵਿਚ ਕਿਹਾ ਕਿ ਦੇਸ਼ ਵਿਰੋਧੀ ਗੱਲ ਕਰਨਾ ਅਤੇ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਨਾਲ ਖੜ੍ਹੇ ਹੋਣਾ ਰਾਹੁਲ ਅਤੇ ਕਾਂਗਰਸ ਪਾਰਟੀ ਦੀ ਆਦਤ ਬਣ ਗਈ ਹੈ। ਚਾਹੇ ਉਹ ਜੰਮੂ-ਕਸ਼ਮੀਰ ਵਿਚ ਨੈਸ਼ਨਲ ਕਾਨਫਰੰਸ ਦੇ ਦੇਸ਼ ਵਿਰੋਧੀ ਅਤੇ ਰਾਖਵੇਂਕਰਨ ਵਿਰੋਧੀ ਏਜੰਡੇ ਦਾ ਸਮਰਥਨ ਕਰਨਾ ਹੋਵੇ ਜਾਂ ਵਿਦੇਸ਼ੀ ਮੰਚਾਂ 'ਤੇ ਭਾਰਤ-ਵਿਰੋਧੀ ਬੋਲਣਾ ਹੋਵੇ, ਰਾਹੁਲ ਗਾਂਧੀ ਨੇ ਦੇਸ਼ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਸ਼ਾ ਤੋਂ ਭਾਸ਼ਾ, ਖੇਤਰ ਤੋਂ ਖੇਤਰ ਅਤੇ ਧਰਮ ਤੋਂ ਧਰਮ 'ਚ ਭੇਦਭਾਵ ਲਿਆਉਣ ਦੀ ਗੱਲ ਕਰਨਾ ਰਾਹੁਲ ਦੀ ਵੰਡਕਾਰੀ ਸੋਚ ਨੂੰ ਦਰਸਾਉਂਦਾ ਹੈ। ਸ਼ਾਹ ਨੇ ਕਿਹਾ ਕਿ ਰਾਖਵੇਂਕਰਨ ਨੂੰ ਖਤਮ ਕਰਨ ਦੀ ਗੱਲ ਕਰ ਕੇ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਕਾਂਗਰਸ ਦਾ ਰਾਖਵਾਂਕਰਨ ਵਿਰੋਧੀ ਚਿਹਰਾ ਦੇਸ਼ ਦੇ ਸਾਹਮਣੇ ਲਿਆ ਦਿੱਤਾ ਹੈ।