''ਹਰਿਆਣਾ ਦਾ ਮਾਹੌਲ ਖਰਾਬ ਕਰਨ ਲਈ ਪੰਜਾਬ ਤੋਂ ਭੀੜ ਲਿਆਉਣ ਦੀ ਰਾਹੁਲ ਨੂੰ ਇਜਾਜ਼ਤ ਨਹੀਂ''

10/05/2020 6:10:26 PM

ਹਰਿਆਣਾ (ਭਾਸ਼ਾ)— ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਜੇਕਰ ਕਾਂਗਰਸ ਨੇਤਾ ਰਾਹੁਲ ਗਾਂਧੀ ਆਪਣੀ ਟਰੈਕਟਰ ਰੈਲੀਆਂ ਲਈ ਕੁਝ ਲੋਕਾਂ ਨਾਲ ਮੰਗਲਵਾਰ ਅਤੇ ਬੁੱਧਵਾਰ ਨੂੰ ਸੂਬੇ 'ਚ ਦਾਖ਼ਲ ਹੁੰਦੇ ਹਨ ਤਾਂ ਹਰਿਆਣਾ ਸਰਕਾਰ ਨੂੰ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਉਨ੍ਹਾਂ ਨੂੰ ਮਾਹੌਲ ਨੂੰ 'ਖਰਾਬ' ਕਰਨ ਲਈ ਵੱਡੀ ਭੀੜ ਲਿਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਕਾਂਗਰਸ ਨੇਤਾਵਾਂ ਮੁਤਾਬਕ ਰਾਹੁਲ ਗਾਂਧੀ ਖੇਤੀ ਕਾਨੂੰਨਾਂ ਖ਼ਿਲਾਫ ਟਰੈਕਟਰ ਰੈਲੀਆਂ ਕਰ ਰਹੇ ਹਨ। ਉਹ ਮੰਗਲਵਾਰ ਨੂੰ ਆਪਣੇ ਸਮਰਥਕਾਂ ਨਾਲ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿਹੋਵਾ ਸ਼ਹਿਰ ਪਹੁੰਚਣਗੇ ਅਤੇ ਇਕ ਸਭਾ ਨੂੰ ਸੰਬੋਧਿਤ ਕਰਨਗੇ। ਉਹ ਕਰਨਾਲ 'ਚ ਵੀ ਜਨ ਸਭਾ ਨੂੰ ਸੰਬੋਧਿਤ ਕਰਨਗੇ। 

ਵਿਜ ਨੇ ਕਿਹਾ ਕਿ ਜੇਕਰ ਉਹ ਇਕੱਲੇ ਜਾਂ ਕੁਝ ਲੋਕਾਂ ਨਾਲ ਆਉਣਾ ਚਾਹੁੰਦੇ ਹਨ ਤਾਂ ਕੋਈ ਮੁਸ਼ਕਲ ਨਹੀਂ ਹੈ। ਉਹ 100 ਵਾਰ ਆ ਸਕਦੇ ਹਨ, ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਜੇਕਰ ਉਹ ਹਰਿਆਣਾ ਦਾ ਮਾਹੌਲ ਖਰਾਬ ਕਰਨ ਲਈ ਪੰਜਾਬ ਤੋਂ ਵੱਡੀ ਭੀੜ ਲੈ ਕੇ ਆਉਂਦੇ ਹਨ ਤਾਂ ਅਸੀਂ ਇਜਾਜ਼ਤ ਨਹੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਇਹ ਸਾਡੀ ਕਾਨੂੰਨ ਅਤੇ ਵਿਵਸਥਾ ਨਾਲ ਜੁੜਿਆ ਮੁੱਦਾ ਹੈ। ਪੰਜਾਬ 'ਚ ਕਾਂਗਰਸ ਸੱਤਾ ਵਿਚ ਹੈ ਅਤੇ ਉਹ ਹਰਿਆਣਾ ਵਿਚ ਸ਼ਾਤੀਪੂਰਨ ਵਾਤਾਵਰਣ ਨੂੰ ਖਰਾਬ ਕਰਨ ਲਈ ਸੂਬੇ ਦੇ ਤੰਤਰ ਦਾ ਇਸਤੇਮਾਲ ਕਰਨਾ ਚਾਹੁੰਦੀ ਹੈ, ਜਿਸ ਦੀ ਅਸੀਂ ਇਜਾਜ਼ਤ ਨਹੀਂ ਦੇਵਾਂਗੇ। 

ਵਿਜ ਨੇ ਦੋਸ਼ ਲਾਇਆ ਕਿ ਕਾਂਗਰਸ ਹਰਿਆਣਾ ਵਿਚ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਸੂਬਾ ਸਰਕਾਰ ਉਨ੍ਹਾਂ ਨੂੰ ਉਨ੍ਹਾਂ ਦੀਆਂ ਯੋਜਨਾਵਾਂ ਵਿਚ ਸਫ਼ਲ ਨਹੀਂ ਹੋਣ ਦੇਵੇਗੀ। ਵਿਜ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਦੀ ਚਿੰਤਾ ਨਹੀਂ ਹੈ, ਉਹ ਉਨ੍ਹਾਂ ਦੇ ਨਾਂ 'ਤੇ ਸਿਰਫ ਰਾਜਨੀਤੀ ਕਰ ਰਹੇ ਹਨ। ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ 'ਮੋਡੀਫਾਈਡ ਟਰੈਕਟਰ' ਤੇ ਸਵਾਰ ਹੋਏ। ਉਹ ਆਪਣੇ ਪ੍ਰਦਰਸ਼ਨ ਦੌਰਾਨ ਵੀ ਆਰਾਮ ਨੂੰ ਛੱਡਣਾ ਨਹੀਂ ਚਾਹੁੰਦੇ ਹਨ। ਉਨ੍ਹਾਂ ਨੂੰ ਵੇਖਣਾ ਚਾਹੀਦਾ ਹੈ ਕਿ ਕਿਸਾਨ ਆਪਣੇ ਖੇਤਾਂ ਵਿਚ ਕਿੰਨੀ ਮਿਹਨਤ ਕਰਦਾ ਹੈ। ਵਿਜ ਨੇ ਕਿਹਾ ਕਿ ਕਾਂਗਰਸ ਖੇਤੀ ਕਾਨੂੰਨਾਂ 'ਤੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ।


Tanu

Content Editor

Related News