ਤੇਲੰਗਾਨਾ ’ਚ ਸਾਡੀ ਸਰਕਾਰ ਬਣੀ ਤਾਂ ਔਰਤਾਂ ਨੂੰ ਹਰ ਮਹੀਨੇ ਦੇਵਾਂਗੇ 4000 ਰੁਪਏ ਦਾ ਲਾਭ : ਰਾਹੁਲ
Friday, Nov 03, 2023 - 01:05 PM (IST)
ਅੰਬਤਪੱਲੀ, (ਯੂ. ਐੱਨ. ਆਈ.)- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਤੇਲੰਗਾਨਾ ’ਚ ਮਹਿਲਾ ਵੋਟਰਾਂ ਨੂੰ ਲੁਭਾਉਂਦੇ ਹੋਏ ਕਿਹਾ ਹੈ ਕਿ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣਨ ’ਤੇ ਔਰਤਾਂ ਨੂੰ 2500 ਰੁਪਏ ਨਕਦ ਦੇਣ ਦੇ ਨਾਲ ਹੀ ਕੁੱਲ 4000 ਰੁਪਏ ਮਹੀਨਾਵਾਰ ਲਾਭ ਦਿੱਤਾ ਜਾਵੇਗਾ।
ਗਾਂਧੀ ਨੇ ਵੀਰਵਾਰ ਨੂੰ ਤੇਲੰਗਾਨਾ ਦੇ ਅੰਬਤਪੱਲੀ ਪਿੰਡ ਵਿਚ ਔਰਤਾਂ ਦੀ ਭਾਰੀ ਭੀੜ ਦਰਮਿਆਨ ਕਿਹਾ ਕਿ ਮੁੱਖ ਮੰਤਰੀ ਤੇਲੰਗਾਨਾ ਵਿਚ ਮੁੱਖ ਮੰਤਰੀ ਕੇ. ਸੀ. ਆਰ. ਦੀ ਲੁੱਟ ਨਾਲ ਸਭ ਤੋਂ ਵੱਧ ਪ੍ਰਭਾਵਿਤ ਔਰਤਾਂ ਹੋਈਆਂ ਹਨ, ਇਸ ਲਈ ਕਾਂਗਰਸ ਨੇ ਫੈਸਲਾ ਕੀਤਾ ਹੈ ਕਿ ਸੂਬੇ ’ਚ ਸੱਤਾ ’ਚ ਆਉਣ ਤੋਂ ਬਾਅਦ ਜਿਨ੍ਹਾਂ ਪੈਸਾ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਨੇ ਤੇਲੰਗਾਨਾ ਦੀ ਜਨਤਾ ਤੋਂ ਲੁੱਟਿਆ ਹੈ, ਉਹ ਸਾਰਾ ਪੈਸਾ ਔਰਤਾਂ ਦੇ ਬੈਂਕ ਖਾਤਿਆਂ ’ਚ ਜਮ੍ਹਾ ਕਰਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ’ਤੇ ਤੇਲੰਗਾਨਾ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 4000 ਰੁਪਏ ਲਾਭ ਮਿਲੇਗਾ। ਇਸ ਹਿਸਾਬ ’ਚ ਸਭ ਤੋਂ ਪਹਿਲਾਂ ਔਰਤਾਂ ਦੇ ਖਾਤੇ ’ਚ ਹਰ ਮਹੀਨੇ 2500 ਰੁਪਏ ਜਮ੍ਹਾ ਕੀਤੇ ਜਾਣਗੇ। 1000 ਰੁਪਏ ਦਾ ਸਿਲੰਡਰ 500 ਰੁਪਏ ਵਿਚ ਦਿੱਤਾ ਜਾਵੇਗਾ। ਔਰਤਾਂ ਨੂੰ ਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਦੀ ਸਹੂਲਤ ਮਿਲੇਗੀ ਅਤੇ ਇਸ ਨਾਲ ਉਨ੍ਹਾਂ ਨੂੰ ਹਰ ਮਹੀਨੇ 1000 ਰੁਪਏ ਦੀ ਬੱਚਤ ਹੋਵੇਗੀ। ਇਸ ਤਰ੍ਹਾਂ ਔਰਤਾਂ ਨੂੰ ਹਰ ਮਹੀਨੇ 4000 ਰੁਪਏ ਦਾ ਲਾਭ ਮਿਲੇਗਾ।
ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਕੇ. ਸੀ. ਆਰ. ਪਰਿਵਾਰ ਨੂੰ ਘੇਰਦਿਆਂ ਗਾਂਧੀ ਨੇ ਕਿਹਾ ਕਿ ਤੇਲੰਗਾਨਾ ਵਿਚ ਲੜਾਈ ਦੋਰਾਲਾ ਤੇਲੰਗਾਨਾ ਅਤੇ ਲੋਕਾਂ ਵਿਚਾਲੇ ਹੈ। ਕੇ. ਸੀ. ਆਰ. ਪਰਿਵਾਰ ਨੇ ਕਾਲੇਸ਼ਵਰਮ ਪ੍ਰਾਜੈਕਟ ਦੇ ਨਾਂ ’ਤੇ ਸੂਬੇ ਦੇ ਲੋਕਾਂ ਤੋਂ 1 ਲੱਖ ਕਰੋੜ ਰੁਪਏ ਦੀ ਚੋਰੀ ਕੀਤੀ ਹੈ। ਇਹ ਪ੍ਰਾਜੈਕਟ ਮੁੱਖ ਮੰਤਰੀ ਕੇ. ਸੀ. ਆਰ. ਅਤੇ ਕੇ. ਸੀ. ਆਰ. ਪਰਿਵਾਰ ਦਾ ਏ. ਟੀ. ਐੱਮ. ਹੈ ਜਿਸਨੂੰ ਚਲਾਉਣ ਲਈ 2040 ਤੱਕ ਤੇਲੰਗਾਨਾ ਦੇ ਲੋਕ 31,500 ਰੁਪਏ ਹਰ ਸਾਲ ਤੇਲੰਗਾਨਾ ਦੇ ਕਰਜ਼ੇ ਲਈ ਦੇਣਗੇ।