ਅਸਤੀਫੇ ਨੂੰ ਲੈ ਕੇ ਆਪਣੀ ਜ਼ਿੱਦ ''ਤੇ ਅੜੇ ਰਾਹੁਲ, ਕਿਹਾ- ਛੇਤੀ ਹੋਵੇ ਪ੍ਰਧਾਨ ਅਹੁਦੇ ਲਈ ਚੋਣ
Wednesday, Jul 03, 2019 - 02:48 PM (IST)

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਸਤੀਫਾ ਦੇਣ ਦੀ ਗੱਲ 'ਤੇ ਅੜੇ ਹੋਏ ਹਨ ਅਤੇ ਉਨ੍ਹਾਂ ਨੇ ਨਵਾਂ ਪ੍ਰਧਾਨ ਬਣਾਉਣ ਦੀ ਮੰਗ ਕਰ ਰਹੇ ਹਨ। ਬੁੱਧਵਾਰ ਨੂੰ ਉਨ੍ਹਾਂ ਨੇ ਕਿਹਾ ਕਿ ਪਾਰਟੀ ਵਿਚ ਛੇਤੀ ਤੋਂ ਛੇਤੀ ਪ੍ਰਧਾਨ ਅਹੁਦੇ ਲਈ ਚੋਣ ਹੋਣੀ ਚਾਹੀਦੀ ਹੈ। ਰਾਹੁਲ ਨੇ ਇਹ ਵੀ ਸਾਫ ਕੀਤਾ ਕਿ ਉਹ ਕਿਸੇ ਵੀ ਕੀਮਤ 'ਤੇ ਅਸਤੀਫਾ ਵਾਪਸ ਲੈਣ ਦੇ ਮੂਡ ਵਿਚ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਅਹੁਦੇ ਲਈ ਚੋਣ ਹੋਣੀ ਚਾਹੀਦੀ ਹੈ, ਮੈਂ ਇਸ ਅਹੁਦੇ 'ਤੇ ਹੁਣ ਨਹੀਂ ਹਾਂ। ਇੱਥੇ ਦੱਸ ਦੇਈਏ 23 ਮਈ ਨੂੰ 2019 ਨੂੰ ਆਏ ਲੋਕ ਸਭਾ ਨਤੀਜਿਆਂ ਤੋਂ ਬਾਅਦ ਰਾਹੁਲ ਨੇ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ ਸੀ। ਰਾਹੁਲ ਨੇ ਚੋਣਾਂ 'ਚ ਕਾਂਗਰਸ ਪਾਰਟੀ ਨੂੰ ਮਿਲੀ ਕਰਾਰੀ ਹਾਰ ਦੀ ਜ਼ਿੰਮੇਵਾਰੀ ਲਈ ਸੀ।
ਰਾਹੁਲ ਨੇ ਜਦੋਂ ਤੋਂ ਅਸਤੀਫੇ ਦੇਣ ਦੀ ਗੱਲ ਆਖੀ ਹੈ, ਉਦੋਂ ਤੋਂ ਪਾਰਟੀ ਵਿਚ ਹਲਚਲ ਮਚੀ ਹੋਈ ਹੈ। ਇਸ ਗੱਲ ਨੂੰ ਲੈ ਕੇ ਪਾਰਟੀ 'ਚ ਸੈਂਕੜੇ ਨੇਤਾਵਾਂ ਨੇ ਆਪਣਾ ਅਸਤੀਫਾ ਦਿੱਤਾ ਸੀ ਪਰ ਰਾਹੁਲ ਅਸਤੀਫਾ ਦੇਣ ਦੀ ਗੱਲ 'ਤੇ ਅੜੇ ਹੋਏ ਹਨ। ਰਾਹੁਲ ਗਾਂਧੀ ਸਿਰਫ ਇਕ ਹੀ ਜਵਾਬ ਦੇ ਰਹੇ ਹਨ ਕਿ ਉਹ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ ਅਤੇ ਹੁਣ ਆਪਣਾ ਫੈਸਲਾ ਨਹੀਂ ਬਦਲਣਗੇ।