ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭਾਜੜ ਵਰਗੇ ਦੁਖਾਂਤ ਤੋਂ ਸਾਨੂੰ ਸਿੱਖਣ ਦੀ ਲੋੜ : ਰਾਹੁਲ
Sunday, Mar 02, 2025 - 12:29 AM (IST)

ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸ਼ਨੀਵਾਰ ਕੁਲੀਆਂ ਨੂੰ ਮਿਲਣ ਲਈ ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ’ਤੇ ਪਹੁੰਚੇ। ਉਹ ਉੱਥੇ ਲਗਭਗ 40 ਮਿੰਟ ਰਹੇ । ਇਸ ਦੌਰਾਨ ਉਨ੍ਹਾਂ ਨਾ ਸਿਰਫ਼ ਕੁਲੀਆਂ ਕੋਲੋਂ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਮੁਸੀਬਤਾਂ ਬਾਰੇ ਪੁੱਛਿਆ ਸਗੋਂ ਕੁਝ ਦਿਨ ਪਹਿਲਾਂ ਸਟੇਸ਼ਨ ’ਤੇ ਮਚੀ ਭਾਜੜ ਦੌਰਾਨ ਮੁਸਾਫਰਾਂ ਦੀ ਜਾਨ ਬਚਾਉਣ ਲਈ ਦੇਸ਼ ਵਾਸੀਆਂ ਵੱਲੋਂ ਕੁਲੀਆਂ ਦਾ ਧੰਨਵਾਦ ਵੀ ਕੀਤਾ।
ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ਸਾਂਝੀ ਕੀਤੀ, ਜਿਸ ’ਚ ਉਨ੍ਹਾਂ ਲਿਖਿਆ, ‘ਅਕਸਰ ਸਭ ਤੋਂ ਹਨੇਰੇ ਸਮੇਂ ’ਚ ਹੀ ਮਨੁੱਖਤਾ ਦੀ ਰੋਸ਼ਨੀ ਸਭ ਤੋਂ ਵੱਧ ਚਮਕਦੀ ਹੈ। ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭਾਜੜ ਦੌਰਾਨ ਕੁਲੀ ਭਰਾਵਾਂ ਨੇ ਮਨੁੱਖਤਾ ਦੀ ਮਿਸਾਲ ਕਾਇਮ ਕੀਤੀ ਤੇ ਬਹੁਤ ਸਾਰੇ ਮੁਸਾਫਰਾਂ ਦੀਆਂ ਜਾਨਾਂ ਬਚਾਈਆਂ। ਅਜਿਹੇ ਦੁਖਾਂਤਾਂ ਤੋਂ ਸਿੱਖਣਾ ਵੀ ਜ਼ਰੂਰੀ ਹੈ। ਅਜਿਹੇ ਦੁਖਾਂਤਾਂ ਨੂੰ ਭੀੜ ਨੂੰ ਕੰਟਰੋਲ ਕਰ ਕੇ, ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰ ਕੇ, ਬਿਹਤਰ ਬੁਨਿਆਦੀ ਢਾਂਚੇ ਤੇ ਐਮਰਜੈਂਸੀ ਪ੍ਰਣਾਲੀਆਂ ਨੂੰ ਮਜ਼ਬੂਤ ਕਰ ਕੇ ਰੋਕਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਸਰਕਾਰ ਇਸ ਸਬੰਧੀ ਠੋਸ ਕਦਮ ਚੁੱਕੇਗੀ ਤਾਂ ਜੋ ਹਰ ਵਰਗ ਦੇ ਮੁਸਾਫਰ ਸੁਰੱਖਿਅਤ ਸਫਰ ਕਰ ਸਕਣ।