ਕਾਪੀ ਰਾਈਟ ਉਲੰਘਣਾ ਮਾਮਲਾ: ਰਾਹੁਲ ਗਾਂਧੀ ਖਿਲਾਫ ਐੱਫ.ਆਈ.ਆਰ. ’ਤੇ ਲੱਗੀ ਰੋਕ ਵਧੀ
Saturday, Jun 17, 2023 - 11:54 AM (IST)
ਬੇਂਗਲੁਰੂ, 16 ਜੂਨ (ਭਾਸ਼ਾ)- ਕਰਨਾਟਕ ਹਾਈ ਕੋਰਟ ਨੇ ਹਿੱਟ ਫਿਲਮ ‘ਕੇ. ਜੀ. ਐੱਫ. ਚੈਪਟਰ-2’ ਦੇ ਸੰਗੀਤ ਦੇ ਕਥਿਤ ਕਾਪੀ ਰਾਈਟ ਉਲੰਘਣਾ ਦੇ ਮਾਮਲੇ ’ਚ ਕਾਂਗਰਸ ਪਾਰਟੀ ਦੇ ਨੇਤਾਵਾਂ ਰਾਹੁਲ ਗਾਂਧੀ, ਜੈਰਾਮ ਰਮੇਸ਼ ਅਤੇ ਸੁਪ੍ਰੀਆ ਸ਼੍ਰੀਨੇਤ ਦੇ ਖਿਲਾਫ ਦਰਜ ਐੱਫ. ਆਈ. ਆਰ. ’ਤੇ ਲੱਗੀ ਰੋਕ ਦੀ ਮਿਆਦ ਵਧਾ ਦਿੱਤੀ ਹੈ।
ਲਾਹਰੀ ਮਿਊਜ਼ਿਕ ਨਾਲ ਜੁੜੀ ਕੰਪਨੀ ਐੱਮ. ਆਰ. ਟੀ. ਮਿਊਜ਼ਿਕ ਨੇ ਆਪਣੀ ਸ਼ਿਕਾਇਤ ’ਚ ਦੋਸ਼ ਲਾਇਆ ਹੈ ਕਿ ਫਿਲਮ ਦੇ ਸੰਗੀਤ ਦਾ ਕਾਪੀ ਰਾਈਟ ਉਸ ਦੇ ਕੋਲ ਹੈ ਅਤੇ ਕਾਂਗਰਸ ਪਾਰਟੀ ਨੇ ‘ਭਾਰਤ ਜੋੜੋ ਯਾਤਰਾ’ ਦੇ ਪ੍ਰਚਾਰ ਵੀਡੀਓ ’ਚ ਇਸ ਦੇ ਸੰਗੀਤ ਦੀ ਵਰਤੋਂ ਕੀਤੀ ਹੈ। ਇਹ ਸ਼ਿਕਾਇਤ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ, ਕਾਪੀ ਰਾਈਟ ਐਕਟ ਦੀਆਂ ਵਿਵਸਥਾਵਾਂ ਅਤੇ ਸੂਚਨਾ ਅਤੇ ਤਕਨਾਲੌਜੀ ਕਾਨੂੰਨ ਦੀਆਂ ਵਿਵਸਥਾਵਾਂ ਦੇ ਤਹਿਤ ਦਰਜ ਕਰਾਈ ਗਈ ਹੈ। ਐੱਮ. ਆਰ. ਟੀ. ਮਿਊਜ਼ਿਕ ਨੇ ਕਾਪੀ ਰਾਈਟ ਉਲੰਘਣਾ ਦੀ ਸ਼ਿਕਾਇਤ ਕਮਰਸ਼ੀਅਲ ਕੋਰਟ ’ਚ ਕੀਤੀ ਸੀ, ਜਿਸ ਨੇ ਕਾਂਗਰਸ ਪਾਰਟੀ ਦੇ ਸੋਸ਼ਲ ਮੀਡੀਆ ਖਾਤੇ ਨੂੰ ਬਲਾਕ ਕਰਨ ਦਾ ਹੁਕਮ ਦਿੱਤਾ ਸੀ।