ਰਾਹੁਲ ਗਾਂਧੀ ਵਿਰੋਧੀ ਧਿਰ ਦੀ ਏਕਤਾ ਲਈ ਸੰਕਲਪਬੱਧ
Saturday, Jun 17, 2023 - 12:38 PM (IST)

ਨਵੀਂ ਦਿੱਲੀ- ਅਮਰੀਕਾ ਰਵਾਨਾ ਹੋਣ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਵਿਸ਼ੇਸ਼ ਅਪੀਲ ਕੀਤੀ ਕਿ ਉਹ ਅਜਿਹਾ ਕੋਈ ਬਿਆਨ ਨਾ ਦੇਣ, ਜਿਸ ਨਾਲ ਵਿਰੋਧੀ ਧਿਰ ਦੀਆਂ ਏਕਤਾ ਦੀਆਂ ਕੋਸ਼ਿਸ਼ਾਂ ’ਚ ਕੋਈ ਰੁਕਾਵਟ ਪੈਦਾ ਹੋਵੇ।
ਉਨ੍ਹਾਂ ਵਿਸ਼ੇਸ਼ ਤੌਰ ’ਤੇ ਪਾਰਟੀ ਪ੍ਰਧਾਨ ਮਲਿਕਰਜੁਨ ਖੜਗੇ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਸੂਬਿਆਂ ’ਚ ਪਾਰਟੀ ਦੇ ਨੇਤਾ ਵਿਰੋਧੀ ਧਿਰ ਦੀ ਏਕਤਾ ਦੀਆਂ ਕੋਸ਼ਿਸ਼ਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਬਿਆਨ ਦੇਣ ਤੋਂ ਬਚਣ। ਰਾਹੁਲ ਨੇ ਖੜਗੇ ਦੀ ਰਿਹਾਇਸ਼ ’ਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਬੈਠਕ ’ਚ ਇਹ ਗੱਲ ਕਹੀ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮਈ 2024 ’ਚ ਕਾਂਗਰਸ 10 ਘੱਟ ਜਾਂ ਵੱਧ ਸੀਟਾਂ ’ਤੇ ਚੋਣ ਲੜੇ, ‘ਮਕਸਦ ਭਾਜਪਾ ਨੂੰ ਹਰਾਉਣਾ ਹੈ’।
ਕਾਂਗਰਸ ਨੇ ਆਪਣੇ ਰਾਏਪੁਰ ਅਜਲਾਸ ’ਚ ਭਾਜਪਾ ਨੂੰ ਹਰਾਉਣ ਲਈ ਇਕੋ-ਜਿਹੇ ਵਿਚਾਰਾਂ ਵਾਲੀਆਂ ਧਰਮ ਨਿਰਪੱਖ ਤਾਕਤਾਂ ਨੂੰ ਲਾਮਬੰਦ ਕਰਨ ਦਾ ਸੰਕਲਪ ਕੀਤਾ ਸੀ। ਦੱਸਿਆ ਜਾਂਦਾ ਹੈ ਕਿ ਰਾਹੁਲ ਨੇ ਵਿਰੋਧੀ ਧਿਰ ਦੇ ਸੰਮੇਲਨ ਨੂੰ 12 ਜੂਨ ਤੋਂ ਮੁਲਤਵੀ ਕਰ ਕੇ 23 ਜੂਨ ਨੂੰ ਕਰਨ ਲਈ ਆਪਣੇ ਅਮਰੀਕੀ ਦੌਰੇ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਵੀ ਫੋਨ ਕੀਤਾ ਸੀ ਕਿਉਂਕਿ 12 ਜੂਨ ਨੂੰ ਉਹ ਇਸ ’ਚ ਸ਼ਾਮਲ ਨਹੀਂ ਹੋ ਸਕਦੇ ਸੀ। ਪਤਾ ਲੱਗਾ ਹੈ ਕਿ ਖੜਗੇ ਨੇ 23 ਜੂਨ ਨੂੰ ਪਟਨਾ ਸੰਮੇਲਨ ’ਚ ਆਪਣੀ ਹਾਜ਼ਰੀ ਦੀ ਪੁਸ਼ਟੀ ਕਰਨ ਲਈ ਨਿਤੀਸ਼ ਕੁਮਾਰ ਨਾਲ ਵੀ ਗੱਲ ਕੀਤੀ ਸੀ। ਇਥੇ ਇਹ ਜ਼ਿਕਰ ਕੀਤਾ ਜਾ ਸਕਦਾ ਹੈ ਕਿ ਕਾਂਗਰਸ ਨੇ ਸਤੰਬਰ 2022 ’ਚ ਸਾਰੀਆਂ ਇਕੋ-ਜਿਹੇ ਵਿਚਾਰਾਂ ਵਾਲੀਆਂ ਪਾਰਟੀਆਂ ਨੂੰ ਇਕੱਠਾ ਕਰਨ ਦੀ ਪਹਿਲ ਕਰਨ ਲਈ ਨਿਤੀਸ਼ ਕੁਮਾਰ ਨੂੰ ਅਧਿਕਾਰਤ ਕੀਤਾ ਸੀ, ਜਦ ਉਨ੍ਹਾਂ ਨੇ ਲਾਲੂ ਪ੍ਰਸਾਦ ਯਾਦਵ ਨਾਲ ਮੁਲਾਕਾਤ ਕੀਤੀ ਸੀ।
ਰਾਹੁਲ ਗਾਂਧੀ ਦੇ ਅਗਲੇ ਕੁਝ ਦਿਨਾਂ ’ਚ ਭਾਰਤ ਪਰਤਣ ਅਤੇ ਪਟਨਾ ’ਚ ਵਿਰੋਧੀ ਧਿਰ ਦੇ ਸੰਮੇਲਨ ’ਚ ਹਿੱਸਾ ਲੈਣ ਦੀ ਸੰਭਾਵਨਾ ਹੈ। ਰਾਹੁਲ ਗਾਂਧੀ ਨੇ ਅਮਰੀਕਾ ’ਚ ਸਿੱਖਿਆ ਮਾਹਿਰਾਂ, ਤਕਨੀਕੀ ਮਾਹਿਰਾਂ ਅਤੇ ਭਾਰਤੀ ਪ੍ਰਵਾਸੀਆਂ ਨਾਲ ਆਪਣੀ ਗੱਲਬਾਤ ਦੌਰਾਨ ਕਿਹਾ ਕਿ 2024 ਦੀਆਂ ਆਮ ਚੋਣਾਂ ’ਚ ਭਾਜਪਾ ਵਿਰੁੱਧ ਇਕਜੁੱਟ ਵਿਰੋਧੀ ਧਿਰ ਦਿਸਣ ਦੀ ਸੰਭਾਵਨਾ ਹੈ।