‘ਮੋਦੀ ਸਰਨੇਮ’ ’ਤੇ ਟਿੱਪਣੀ ਕਰ ਫਸੇ ਰਾਹੁਲ ਗਾਂਧੀ, ਸੂਰਤ ਕੋਰਟ ’ਚ ਪੇਸ਼ੀ ਲਈ ਪਹੁੰਚੇ
Thursday, Jun 24, 2021 - 12:04 PM (IST)
ਸੂਰਤ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਯਾਨੀ ਕਿ ਵੀਰਵਾਰ ਨੂੰ ਗੁਜਰਾਤ ਦੇ ਸੂਰਤ ਪੁੱਜੇ ਹਨ। ਰਾਹੁਲ ਗਾਂਧੀ ਇੱਥੇ ਸੂਰਤ ਦੀ ਇਕ ਮੈਜਿਸਟ੍ਰੇਟ ਅਦਾਲਤ ’ਚ ਪੇਸ਼ ਹੋਏ ਹਨ। ਗੁਜਰਾਤ ਦੇ ਇਕ ਵਿਧਾਇਕ ਨੇ ‘ਮੋਦੀ ਸਰਨੇਮ’ ’ਤੇ ਰਾਹੁਲ ਗਾਂਧੀ ਦੀ ਟਿੱਪਣੀ ਨੂੰ ਲੈ ਕੇ ਇਹ ਮੁਕੱਦਮਾ ਦਰਜ ਕਰਵਾਇਆ ਸੀ। ਸੂਰਤ ਤੋਂ ਭਾਜਪਾ ਦੇ ਵਿਧਾਇਕ ਪੂਰਣੇਸ਼ ਮੋਦੀ ਨੇ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ 499 ਅਤੇ 500 ਤਹਿਤ ਅਪ੍ਰੈਲ 2019 ਵਿਚ ਰਾਹੁਲ ਖ਼ਿਲਾਫ਼ ਇਕ ਸ਼ਿਕਾਇਤ ਦਰਜ ਕਰਵਾਈ ਸੀ। ਇਸ ਅਪਰਾਧਕ ਮਾਣਹਾਨੀ ਦੇ ਮੁਕੱਦਮੇ ’ਚ ਆਪਣਾ ਬਿਆਨ ਦਰਜ ਕਰਾਉਣ ਲਈ ਸੂਰਤ ਦੇ ਮੁੱਖ ਨਿਆਇਕ ਮੈਜਿਸਟ੍ਰੇਟ ਏ. ਐੱਨ. ਦਵੇ ਨੇ ਮਾਮਲੇ ’ਚ ਆਖ਼ਰੀ ਬਿਆਨ ਦਰਜ ਕਰਾਉਣ ਲਈ ਰਾਹੁਲ ਗਾਂਧੀ ਨੂੰ 24 ਜੂਨ ਨੂੰ ਅਦਾਲਤ ’ਚ ਮੌਜੂਦ ਰਹਿਣ ਦੇ ਨਿਰਦੇਸ਼ ਦਿੱਤੇ ਸਨ। ਜਿਸ ਤੋਂ ਬਾਅਦ ਰਾਹੁਲ ਗਾਂਧੀ ਸੂਰਤ ਪਹੁੰਚੇ ਹਨ।
ਇਹ ਵੀ ਪੜ੍ਹੋ: ਮਾਣਹਾਨੀ ਮਾਮਲੇ 'ਚ ਗੁਜਰਾਤ ਦੀ ਅਦਾਲਤ 'ਚ ਪੇਸ਼ ਹੋਣਗੇ ਰਾਹੁਲ ਗਾਂਧੀ
ਵਿਧਾਇਕ ਨੇ ਆਪਣੀ ਸ਼ਿਕਾਇਤ ’ਚ ਦੋਸ਼ ਲਾਇਆ ਸੀ ਕਿ ਰਾਹੁਲ ਨੇ 2019 ’ਚ ਇਕ ਚੋਣ ਰੈਲੀ ’ਚ ਇਹ ਕਹਿ ਕੇ ਪੂਰੇ ਮੋਦੀ ਭਾਈਚਾਰੇ ਦੀ ਮਾਣਹਾਨੀ ਕੀਤੀ ਕਿ ਸਾਰੇ ਚੋਰਾਂ ਦਾ ਇਕ ਹੀ ਸਰਨੇਮ ਮੋਦੀ ਕਿਵੇਂ ਹੈ? ਕਰਨਾਟਕ ਦੇ ਕੋਲਾਰ ’ਚ 13 ਅਪ੍ਰੈਲ 2019 ’ਚ ਹੋਈ ਚੋਣਾਵੀ ਰੈਲੀ ’ਚ ਰਾਹੁਲ ਨੇ ਕਿਹਾ ਸੀ ਕਿ ਨੀਰਵ ਮੋਦੀ, ਲਲਿਤ ਮੋਦੀ, ਨਰਿੰਦਰ ਮੋਦੀ ਇਨ੍ਹਾਂ ਸਾਰਿਆਂ ਦਾ ਇਕ ਹੀ ਸਰਨੇਮ ਮੋਦੀ ਕਿਵੇਂ ਹੈ? ਸਾਰੇ ਚੋਰਾਂ ਦਾ ਇਕ ਹੀ ਸਰਨੇਮ ਮੋਦੀ ਕਿਵੇਂ ਹੈ? ਰਾਹੁਲ ਗਾਂਧੀ ਨੇ ਜਦੋਂ ਇਹ ਟਿੱਪਣੀ ਕੀਤੀ ਸੀ, ਉਦੋਂ ਉਹ ਕਾਂਗਰਸ ਪ੍ਰਧਾਨ ਸਨ। ਇਸ ਤੋਂ ਪਹਿਲਾਂ ਰਾਹੁਲ 2019 ’ਚ ਅਦਾਲਤ ਵਿਚ ਪੇਸ਼ ਹੋਏ ਸਨ ਅਤੇ ਉਨ੍ਹਾਂ ਨੇ ਇਸ ਟਿੱਪਣੀ ਲਈ ਖ਼ੁਦ ਨੂੰ ਦੋਸ਼ੀ ਨਹੀਂ ਮੰਨਿਆ ਸੀ।
ਇਹ ਵੀ ਪੜ੍ਹੋ: ਟੀਕਾਕਰਨ ਨੂੰ ਲੈ ਕੇ 'ਪੀ.ਆਰ. ਇਵੈਂਟ' ਤੋਂ ਅੱਗੇ ਨਹੀਂ ਵੱਧ ਪਾ ਰਹੀ ਸਰਕਾਰ : ਰਾਹੁਲ ਗਾਂਧੀ