ਕਾਂਗਰਸ ''ਚ ਰਾਹੁਲ ਦੀ ਲੀਡਰਸ਼ਿਪ ਨੂੰ ਕਦੀ ਵੀ ਚੁਣੌਤੀ ਨਹੀਂ ਮਿਲੀ: CM ਬਘੇਲ
Thursday, Oct 10, 2019 - 04:47 PM (IST)

ਰਾਏਪੁਰ—ਕਾਂਗਰਸ ਦੇ ਇਕ ਸੀਨੀਅਰ ਨੇਤਾ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਹੈ ਕਿ ਪਾਰਟੀ 'ਚ ਰਾਹੁਲ ਗਾਂਧੀ ਦੀ ਲੀਡਰਸ਼ਿਪ ਨੂੰ ਕਦੀ ਵੀ ਚੁਣੌਤੀ ਨਹੀਂ ਮਿਲੀ ਅਤੇ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਉਹ ਨੇੜਲੇ ਭਵਿੱਖ 'ਚ ਮੁੜ ਤੋਂ ਪਾਰਟੀ ਦੀ ਕਮਾਂਡ ਸੰਭਾਲਣਗੇ।
ਅੱਜ ਭਾਵ ਵੀਰਵਾਰ ਆਪਣੀ 'ਗਾਂਧੀ ਵਿਚਾਰ ਯਾਤਰਾ' ਦੇ ਖਤਮ ਹੋਣ ਤੋਂ ਪਹਿਲਾਂ ਇਕ ਖਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਤਿਹਾਸ 'ਚ ਇਹ ਗੱਲ ਦਰਜ ਹੈ ਕਿ ਪਾਰਟੀ ਦੀ ਲੀਡਰਸ਼ਿਪ ਨੂੰ ਲੈ ਕੇ ਇੰਦਰ ਗਾਂਧੀ ਅਤੇ ਰਾਜੀਵ ਗਾਂਧੀ ਨੂੰ ਚੁਣੌਤੀਆਂ ਮਿਲੀਆਂ। ਸੋਨੀਆ ਗਾਂਧੀ ਨੂੰ ਵੀ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪਿਆ। ਰਾਹੁਲ ਇਕੋ-ਇਕ ਅਜਿਹੇ ਨੇਤਾ ਹਨ। ਜਿਨ੍ਹਾਂ ਦੀ ਲੀਡਰਸ਼ਿਪ 'ਤੇ ਕਿਸੇ ਨੇ ਵੀ ਉਂਗਲ ਨਹੀਂ ਉਠਾਈ। ਨਿਜੀ ਤੌਰ 'ਤੇ ਭਾਵੇਂ ਕਿਸੇ ਨੇ ਕੁਝ ਕਿਹਾ ਹੋਵੇ ਉਸ ਵੱਲ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਜਲਦੀ ਹੀ ਉਹ ਦਿਨ ਆਵੇਗਾ ਜਦੋਂ ਰਾਹੁਲ ਮੁੜ ਕਾਂਗਰਸ ਦੇ ਪ੍ਰਧਾਨ ਬਣਨਗੇ।