ਆਖਰੀ ਰਾਫੇਲ ਜਹਾਜ਼ ਵੀ ਪਹੁੰਚਿਆ ਭਾਰਤ, ਫਰਾਂਸ ਤੋਂ ਸਾਰੇ 36 ਏਅਰਕ੍ਰਾਫਟ ਦੀ ਡਿਲਿਵਰੀ ਹੋਈ ਪੂਰੀ
Friday, Dec 16, 2022 - 11:44 AM (IST)
ਨਵੀਂ ਦਿੱਲੀ (ਅਨਸ)– ਫਰਾਂਸ ਤੋਂ ਹੋਈ ਡੀਲ ਦੇ ਤਹਿਤ 36 ਰਾਫੇਲ ਲੜਾਕੂ ਜਹਾਜ਼ਾਂ ਦੀ ਡਿਲਿਵਰੀ ਪੂਰੀ ਹੋ ਗਈ ਹੈ। 36ਵਾਂ ਤੇ ਆਖਰੀ ਰਾਫੇਲ ਲੜਾਕੂ ਜਹਾਜ਼ ਵੀਰਵਾਰ ਨੂੰ ਭਾਰਤ ਨੂੰ ਮਿਲ ਗਿਆ। ਭਾਰਤੀ ਹਵਾਈ ਫੌਜ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ।
ਆਖਰੀ ਰਾਫੇਲ ਜਹਾਜ਼ ਯੂ. ਏ. ਈ. ’ਚ ਮਿਡ-ਏਅਰ ਰੀਫਿਊਲਿੰਗ ਕਰਵਾਉਣ ਤੋਂ ਬਾਅਦ ਭਾਰਤ ਪਹੁੰਚਿਆ। ਭਾਰਤ ਨੇ ਸਤੰਬਰ 2016 ’ਚ ਫਰਾਂਸ ਨਾਲ 59000 ਕਰੋੜ ਰੁਪਏ ਦੀ ਲਾਗਤ ਨਾਲ 36 ਰਾਫੇਲ ਲੜਾਕੂ ਜਹਾਜ਼ ਖਰੀਦਣ ਲਈ ਇਕ ਅੰਤਰ-ਸਰਕਾਰੀ ਸਮਝੌਤੇ ’ਤੇ ਹਸਤਾਖਰ ਕੀਤੇ ਸਨ।
ਪਹਿਲਾ ਰਾਫੇਲ ਜਹਾਜ਼ ਪਿਛਲੇ ਸਾਲ ਜੁਲਾਈ ’ਚ ਆਇਆ ਸੀ। ਭਾਰਤੀ ਹਵਾਈ ਫੌਜ ਨੇ ਵੀਰਵਾਰ ਨੂੰ ਟਵੀਟ ਕਰ ਕੇ ਦੱਸਿਆ ਕਿ 36ਵਾਂ ਰਾਫੇਲ ਲੜਾਕੂ ਜਹਾਜ਼ ਫਰਾਂਸ ਤੋਂ ਉੱਡ ਕੇ ਸੰਯੁਕਤ ਅਰਬ ਅਮੀਰਾਤ (ਯੂ. ਏ. ਆਈ.) ਦੇ ਰਸਤੇ ਹੁੰਦੇ ਹੋਏ ਭਾਰਤ ਪਹੁੰਚ ਚੁੱਕਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫਰਾਂਸ ਨੇ ਸਾਨੂੰ 36ਵਾਂ ਰਾਫੇਲ ਲੜਾਕੂ ਜਹਾਜ਼ ਸਾਰੇ ਸਪੇਅਰ ਅਤੇ ਹੋਰ ਪਾਰਟਸ ਨਾਲ ਮੁਹੱਈਆ ਕਰਵਾਇਆ ਹੈ।