ਕਾਂਗਰਸ ਛੱਡਣ ਵਾਲੀ ਰਾਧਿਕਾ ਖੇੜਾ ਤੇ ਅਭਿਨੇਤਾ ਸ਼ੇਖਰ ਸੁਮਨ ਭਾਜਪਾ 'ਚ ਹੋਏ ਸ਼ਾਮਲ

Tuesday, May 07, 2024 - 01:46 PM (IST)

ਕਾਂਗਰਸ ਛੱਡਣ ਵਾਲੀ ਰਾਧਿਕਾ ਖੇੜਾ ਤੇ ਅਭਿਨੇਤਾ ਸ਼ੇਖਰ ਸੁਮਨ ਭਾਜਪਾ 'ਚ ਹੋਏ ਸ਼ਾਮਲ

ਨਵੀਂ ਦਿੱਲੀ- ਲੋਕ ਸਭਾ ਚੋਣਾਂ ਵਿਚਾਲੇ ਕਾਂਗਰਸ ਤੋਂ ਅਸਤੀਫਾ ਦੇ ਚੁੱਕੀ ਰਾਧਿਕਾ ਖੇੜਾ ਅਤੇ ਅਭਿਨੇਤਾ ਸ਼ੇਖਰ ਸੁਮਨ, ਦੋਵੇਂ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਹਨ। 

ਰਾਧਿਕਾ ਖੇੜਾ ਅਤੇ ਸ਼ੇਖਰ ਸੁਮਨ ਨੇ ਦਿੱਲੀ ਸਥਿਤ ਭਾਜਪਾ ਦੇ ਹੈੱਡਕੁਆਟਰ 'ਚ ਪਾਰਟੀ ਦੀ ਮੈਂਬਰਸ਼ਿਪ ਲਈ। ਕਾਂਗਰਸ ਦੀ ਰਾਸ਼ਟੀਰ ਮੀਡੀਆ ਕੋਆਰਡੀਨੇਟਰ ਰਾਧਿਕਾ ਖੇੜਾ ਨੇ ਛੱਤੀਸਗੜ੍ਹ ਦੇ ਸੰਚਾਰ ਵਿਭਾਗ ਦੇ ਚੇਅਰਮੈਨ ਸੁਸ਼ੀਲ ਆਨੰਦ ਸ਼ੁਕਲਾ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਰਾਧਿਕਾ ਨੇ ਕਿਹਾ ਸੀ ਕਿ ਸੁਸ਼ੀਲ ਨੇ ਮੈਨੂੰ ਸ਼ਰਾਬ ਆਫਰ ਕੀਤੀ ਸੀ। ਉਨ੍ਹਾਂ ਨੇ ਰਾਤ ਨੂੰ ਮੇਰੇ ਕਮਰੇ ਦਾ ਦਰਵਾਜ਼ਾ ਖੜਕਾਇਆ ਸੀ। 

ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ 'ਤੇ ਰਾਧਿਕਾ ਖੇੜਾ ਨੇ ਕਿਹਾ ਸੀ ਕਿ ਮੈਂ ਹਮੇਸ਼ਾ ਸੁਣਿਆ ਹੈ ਕਿ ਕਾਂਗਰਸ ਰਾਮ ਵਿਰੋਧੀ, ਸਨਾਤਨ ਵਿਰੋਧੀ ਅਤੇ ਹਿੰਦੂ ਵਿਰੋਧੀ ਹੈ ਪਰ ਮੈਂ ਇਸ 'ਤੇ ਕਦੇ ਵਿਸ਼ਵਾਸ ਨਹੀਂ ਕੀਤਾ। ਮਹਾਤਮਾ ਗਾਂਧੀ ਹਰ ਮੁਲਾਕਾਤ ਦੀ ਸ਼ੁਰੂਆਤ 'ਰਘੁਪਤੀ ਰਾਘਵ ਰਾਜਾ ਰਾਮ' ਨਾਲ ਕਰਦੇ ਸਨ। ਮੈਨੂੰ ਸੱਚਾਈ ਦਾ ਪਤਾ ਉਦੋਂ ਲੱਗਾ ਜਦੋਂ ਮੈਂ ਆਪਣੀ ਦਾਦੀ ਨਾਲ ਰਾਮ ਮੰਦਰ ਗਈ ਅਤੇ ਉਥੋਂ ਵਾਪਸ ਆ ਕੇ ਮੈਂ ਆਪਣੇ ਘਰ ਦੇ ਦਰਵਾਜ਼ੇ 'ਤੇ 'ਜੈ ਸ਼੍ਰੀ ਰਾਮ' ਦਾ ਝੰਡਾ ਲਗਾ ਦਿੱਤਾ ਅਤੇ ਉਸ ਤੋਂ ਬਾਅਦ ਕਾਂਗਰਸ ਪਾਰਟੀ ਮੈਨੂੰ ਨਫ਼ਰਤ ਕਰਨ ਲੱਗੀ। ਜਦੋਂ ਵੀ ਮੈਂ ਤਸਵੀਰਾਂ ਜਾਂ ਵੀਡੀਓ ਪੋਸਟ ਕੀਤੀਆਂ, ਮੈਨੂੰ ਝਿੜਕਿਆ ਗਿਆ ਅਤੇ ਪੁੱਛਿਆ ਗਿਆ ਕਿ ਜਦੋਂ ਚੋਣਾਂ ਚੱਲ ਰਹੀਆਂ ਸਨ ਤਾਂ ਮੈਂ ਅਯੁੱਧਿਆ ਕਿਉਂ ਗਈ।

ਇਸ ਦੇ ਨਾਲ ਹੀ ਰਾਜਨੀਤੀ 'ਚ ਸ਼ੇਖਰ ਸੁਮਨ ਦੀ ਇਹ ਦੂਜੀ ਪਾਰੀ ਹੋਵੇਗੀ। ਉਨ੍ਹਾਂ ਨੇ 2009 ਦੀਆਂ ਲੋਕ ਸਭਾ ਚੋਣਾਂ ਵੀ ਕਾਂਗਰਸ ਦੀ ਟਿਕਟ 'ਤੇ ਪਟਨਾ ਸਾਹਿਬ ਸੀਟ ਤੋਂ ਲੜੀਆਂ ਸਨ ਪਰ ਉਨ੍ਹਾਂ ਨੂੰ ਭਾਜਪਾ ਨੇਤਾ ਸ਼ਤਰੂਘਨ ਸਿਨਹਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਦੋਂ ਉਨ੍ਹਾਂ ਨੂੰ ਸਿਰਫ਼ 11 ਫ਼ੀਸਦੀ ਵੋਟਾਂ ਮਿਲੀਆਂ ਸਨ। ਜਦਕਿ ਸਿਨਹਾ ਨੇ ਕਰੀਬ 1.67 ਲੱਖ ਵੋਟਾਂ ਦੇ ਵੱਡੇ ਫਰਕ ਨਾਲ ਇਸ ਸੀਟ 'ਤੇ ਕਬਜ਼ਾ ਕੀਤਾ ਸੀ। ਉਨ੍ਹਾਂ ਨੂੰ 57.30 ਫੀਸਦੀ ਵੋਟਾਂ ਮਿਲੀਆਂ। ਬਾਅਦ ਵਿੱਚ 2012 ਵਿੱਚ ਉਨ੍ਹਾਂ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਕਿਹਾ ਕਿ ਨਿੱਜੀ ਅਤੇ ਪੇਸ਼ੇਵਰ ਰੁਝੇਵਿਆਂ ਕਾਰਨ ਪਾਰਟੀ ਲਈ ਸਮਾਂ ਕੱਢਣਾ ਔਖਾ ਹੋ ਗਿਆ ਹੈ। ਇਸ ਕਾਰਨ ਉਹ ਪਾਰਟੀ ਛੱਡ ਰਹੇ ਹਨ।

ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਸੁਮਨ ਨੇ ਕਿਹਾ ਕਿ ਕੱਲ੍ਹ ਤੱਕ ਮੈਨੂੰ ਨਹੀਂ ਪਤਾ ਸੀ ਕਿ ਮੈਂ ਅੱਜ ਇੱਥੇ ਬੈਠਾ ਹੋਵਾਂਗਾ ਕਿਉਂਕਿ ਜ਼ਿੰਦਗੀ 'ਚ ਜਾਣੇ-ਅਣਜਾਣੇ 'ਚ ਬਹੁਤ ਕੁਝ ਹੋਇਆ ਹੈ। ਮੈਂ ਇੱਥੇ ਬਹੁਤ ਹੀ ਸਕਾਰਾਤਮਕ ਸੋਚ ਨਾਲ ਆਇਆ ਹਾਂ ਅਤੇ ਸਭ ਤੋਂ ਪਹਿਲਾਂ ਮੈਂ ਪ੍ਰਮਾਤਮਾ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਉਸਨੇ ਮੈਨੂੰ ਇੱਥੇ ਆਉਣ ਦਾ ਆਦੇਸ਼ ਦਿੱਤਾ।

ਸ਼ੇਖਰ ਸੁਮਨ ਹਾਲ ਹੀ 'ਚ ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ 'ਚ ਬਣੀ ਵੈੱਬ ਸੀਰੀਜ਼ 'ਹੀਰਾਮੰਡੀ' 'ਚ ਨਜ਼ਰ ਆ ਰਹੇ ਹਨ। ਇਹ ਵੈੱਬ ਸੀਰੀਜ਼ OTT ਪਲੇਟਫਾਰਮ 'ਤੇ ਰਿਲੀਜ਼ ਕੀਤੀ ਗਈ ਹੈ।
 


author

Rakesh

Content Editor

Related News