ਦਿੱਲੀ ਏਅਰਪੋਰਟ ’ਤੇ ਸਿੱਖ ਆਗੂ ਜੀਵਨ ਸਿੰਘ ਨਾਲ ਨਸਲਵਾਦੀ ਵਿਹਾਰ, ਸਿੱਖ ਕੌਮ ਦਾ ਅਪਮਾਨ - ਖਾਲਸਾ
Friday, Sep 26, 2025 - 02:06 PM (IST)

ਨੈਸ਼ਨਲ ਡੈਸਕ : ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਕਿਹਾ ਕਿ ਬੀਤੇ ਦਿਨੀਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਤਾਮਿਲਨਾਡੂ ਮੂਲ ਦੇ ਸਿੱਖ ਆਗੂ ਤੇ ਸੁਪਰੀਮ ਕੋਰਟ ਦੇ ਵਕੀਲ ਸਰਦਾਰ ਜੀਵਨ ਸਿੰਘ ਨਾਲ ਇੱਕ ਅਜਿਹੀ ਸ਼ਰਮਨਾਕ ਤੇ ਚਿੰਤਾਜਨਕ ਘਟਨਾ ਵਾਪਰੀ, ਜਿਸ ਨੇ ਸਿੱਖ ਕੌਮ ਦੇ ਦਿਲਾਂ ਨੂੰ ਠੇਸ ਪਹੁੰਚਾਈ ਤੇ ਦੇਸ਼ ਦੇ ਸੰਵਿਧਾਨਕ ਮੁੱਲਾਂ ਨੂੰ ਚੁਣੌਤੀ ਦਿੱਤੀ। ਇਹ ਘਟਨਾ ਜਿਨ੍ਹਾਂ ਨੂੰ ਏਅਰ ਇੰਡੀਆ ਦੇ ਗਰਾਊਂਡ ਸਟਾਫ਼ ਨੇ ਨਸਲਵਾਦੀ, ਜਾਤੀਗਤ ਤੇ ਧਾਰਮਿਕ ਭੇਦਭਾਵ ਵਾਲੇ ਸਵਾਲਾਂ ਨਾਲ ਅਪਮਾਨਿਤ ਕੀਤਾ। ਇਸ ਘਟਨਾ ਨੇ ਸਾਡੇ ਸਮਾਜ ਦੀ ਉਸ ਪੁਰਾਣੀ ਬਿਪਰਨੀ ਮਾਨਸਿਕਤਾ ਨੂੰ ਬੇਨਕਾਬ ਕਰ ਦਿੱਤਾ, ਜੋ ਅੱਜ ਵੀ ਧਰਮ, ਜਾਤ ਤੇ ਰੰਗ ਦੇ ਅਧਾਰ ’ਤੇ ਵਿਅਕਤੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੀ ਹੈ।
ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਮੁਖ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਕੇਂਦਰ ਸਰਕਾਰ ਤੇ ਘੱਟ ਗਿਣਤੀ ਕਮਿਸ਼ਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਜ਼ਿੰਮੇਵਾਰੀ ਨਿਭਾਉਣ। ਅਜਿਹੀਆਂ ਘਟਨਾਵਾਂ ਵਾਰ-ਵਾਰ ਵਾਪਰਨ ਨਾਲ ਸਿੱਖ ਕੌਮ ਦਾ ਸਰਕਾਰ ਅਤੇ ਨਿਆਂ ਸੰਸਥਾਵਾਂ ’ਤੇ ਵਿਸ਼ਵਾਸ ਘਟਦਾ ਹੈ। ਉਨ੍ਹਾਂ ਕਿਹਾ ਕਿ ਏਅਰ ਇੰਡੀਆ ਨੂੰ ਤੁਰੰਤ ਕਾਰਵਾਈ ਕਰ ਕੇ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ।
ਉਨ੍ਹਾਂ ਕਿਹਾ ਕਿ ਸਰਦਾਰ ਜੀਵਨ ਸਿੰਘ, ਜੋ ਬਹੁਜਨ ਦ੍ਰਾਵਿਡ਼ ਪਾਰਟੀ ਦੇ ਪ੍ਰਧਾਨ ਵੀ ਹਨ, ਸਿੰਗਾਪੁਰ ਜਾਣ ਵਾਲੀ ਫਲਾਈਟ ਲਈ ਦਿੱਲੀ ਹਵਾਈ ਅੱਡੇ ’ਤੇ ਚੈੱਕ-ਇਨ ਕਰ ਰਹੇ ਸਨ। ਉਨ੍ਹਾਂ ਨੇ ਸਾਰੇ ਜ਼ਰੂਰੀ ਦਸਤਾਵੇਜ਼ ਵਿਖਾਏ ਅਤੇ ਯਾਤਰਾ ਸਬੰਧੀ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਪਰ ਏਅਰ ਇੰਡੀਆ ਦੇ ਸਟਾਫ਼ ਮੈਂਬਰਾਂ ਨੇ ਉਨ੍ਹਾਂ ਨਾਲ ਅਜਿਹਾ ਵਿਹਾਰ ਕੀਤਾ, ਜੋ ਨਾ ਸਿਰਫ਼ ਅਪਮਾਨਜਨਕ ਸੀ, ਸਗੋਂ ਸੰਵਿਧਾਨ ਦੀਆਂ ਧਾਰਾਵਾਂ ਦੀ ਖੁੱਲ੍ਹੇਆਮ ਉਲੰਘਣਾ ਸੀ। ਸਟਾਫ਼ ਨੇ ਸਾਰੇ ਯਾਤਰੀਆਂ ਦੇ ਸਾਹਮਣੇ ਸਰਦਾਰ ਜੀਵਨ ਸਿੰਘ ਨੂੰ ਇੱਕ ਦੋਸ਼ੀ ਵਾਂਗ ਪੁੱਛਗਿੱਛ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਸਵਾਲ ਪੁੱਛੇ ਗਏ: “ਤੁਸੀਂ ਸਿੰਗਾਪੁਰ ਕਿਉਂ ਜਾ ਰਹੇ ਹੋ? ਤੁਹਾਡੇ ਕੋਲ ਹੱਥ ਵਿੱਚ ਕਿੰਨੇ ਪੈਸੇ ਹਨ? ਬੈਂਕ ਖਾਤੇ ਦਾ ਵੇਰਵਾ ਵਿਖਾਓ। ਤੁਸੀਂ ਪੱਗ ਕਿਉਂ ਬੰਨ੍ਹੀ ਹੋਈ ਹੈ? ਤੁਸੀਂ ਕਾਲੇ ਕਿਉਂ ਹੋ? ਕਿਸ ਜਾਤ ਤੋਂ ਸਿੱਖ ਬਣੇ ਹੋ?” ਖਾਲਸਾ ਨੇ ਕਿਹਾ ਕਿ ਇਹ ਸਵਾਲ ਸਿਰਫ਼ ਨਿੱਜੀ ਨਹੀਂ ਸਨ, ਸਗੋਂ ਸਿੱਖੀ ਦੇ ਸਤਿਕਾਰ, ਧਾਰਮਿਕ ਅਜ਼ਾਦੀ ਅਤੇ ਸੰਵਿਧਾਨਕ ਸਮਾਨਤਾ ’ਤੇ ਸਿੱਧਾ ਹਮਲਾ ਸਨ।ਇਹ ਸੰਵਿਧਾਨ ਦੇ ਆਰਟੀਕਲ 14, 15, 19 ਅਤੇ 21 ਦੀ ਉਲੰਘਣਾ ਹੈ।” ਉਨ੍ਹਾਂ ਕਿਹਾ ਕਿ ਇਹ ਘਟਨਾ ਸਿਰਫ਼ ਸਰਦਾਰ ਜੀਵਨ ਸਿੰਘ ਦੀ ਨਿੱਜੀ ਅਪਮਾਨ ਦੀ ਗੱਲ ਨਹੀਂ, ਸਗੋਂ ਪੂਰੀ ਸਿੱਖ ਕੌਮ ਦੇ ਸਤਿਕਾਰ ਅਤੇ ਸਿੱਖੀ ਦੇ ਮੁੱਲਾਂ ’ਤੇ ਹਮਲਾ ਹੈ। ਸਿੱਖੀ ਦਾ ਸਿਧਾਂਤ ਸਮਾਨਤਾ, ਸੇਵਾ ਅਤੇ ਇਨਸਾਫ਼ ’ਤੇ ਅਧਾਰਿਤ ਹੈ, ਪਰ ਅਜਿਹੇ ਵਿਹਾਰ ਸਿੱਖੀ ਦੀ ਆਜ਼ਾਦੀ ਅਤੇ ਪਛਾਣ ਨੂੰ ਦਬਾਉਣ ਦੀ ਸਾਜ਼ਿਸ਼ ਨੂੰ ਦਰਸਾਉਂਦੇ ਹਨ। ਖਾਸਕਰ ਤਾਮਿਲਨਾਡੂ ਵਰਗੇ ਰਾਜ ਵਿੱਚ, ਜਿੱਥੇ ਸਿੱਖੀ ਦਾ ਪ੍ਰਚਾਰ ਅਜੇ ਨਵਾਂ-ਨਵਾਂ ਹੈ, ਅਜਿਹੇ ਨਸਲਵਾਦੀ ਅਤੇ ਜਾਤੀਗਤ ਵਿਹਾਰ ਸਿੱਖੀ ਦੇ ਪਸਾਰ ਨੂੰ ਰੋਕਣ ਦੀ ਕੋਸ਼ਿਸ਼ ਵਜੋਂ ਵੇਖੇ ਜਾ ਸਕਦੇ ਹਨ। ਇਹ ਘਟਨਾ “ਫਿਰਕੂ” ਅਤੇ “ਗੈਰ-ਕਾਨੂੰਨੀ” ਕਾਰਵਾਈ ਹੈ।
ਖਾਲਸਾ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਦੋਸ਼ੀ ਸਟਾਫ਼ ਮੈਂਬਰਾਂ, ਮੈਡਮ ਸਤੂਤੀ ਅਤੇ ਮੁਕੇਸ਼, ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਏਅਰ ਇੰਡੀਆ ਨੂੰ ਆਪਣੇ ਸਟਾਫ਼ ਨੂੰ ਸੰਵੇਦਨਸ਼ੀਲਤਾ ਸਿਖਲਾਈ ਦੇਣ ਦੀ ਲੋੜ ਹੈ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਹਵਾਈ ਅੱਡਿਆਂ ਦੇ ਨਿਯਮਾਂ ਵਿੱਚ ਸਪੱਸ਼ਟ ਤੌਰ ’ਤੇ ਕਿਸੇ ਵੀ ਵਿਅਕਤੀ ਦੇ ਧਰਮ, ਜਾਤ, ਰੰਗ ਜਾਂ ਪਛਾਣ ਦੇ ਅਧਾਰ ’ਤੇ ਅਪਮਾਨ ਕਰਨ ਦੀ ਮਨਾਹੀ ਹੈ।ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਅਧਿਕਾਰੀਆਂ ਨੂੰ ਸਜ਼ਾ ਨਾ ਦਿੱਤੀ ਗਈ, ਤਾਂ ਇਹ ਫਿਰਕੂ ਨਫ਼ਰਤ ਨੂੰ ਹੋਰ ਹਵਾ ਦੇਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8