ਕਵਾਡ ਬੈਠਕ ''ਚ ਬੋਲੇ ਜੈਸ਼ੰਕਰ -ਅਸੀਂ ਹਰ ਵਿਵਾਦ ਨੂੰ ਸ਼ਾਂਤੀਪੂਰਨ ਹੱਲ ਕਰਨ ਲਈ ਵਚਨਬੱਧ
Wednesday, Oct 07, 2020 - 06:29 PM (IST)
ਟੋਕੀਓ/ਨਵੀਂ ਦਿੱਲੀ (ਬਿਊਰੋ): ਭਾਰਤ, ਅਮਰੀਕਾ ਜਾਪਾਨ ਅਤੇ ਆਸਟ੍ਰੇਲੀਆ ਨੇ ਹਿੰਦ ਪ੍ਰਸ਼ਾਂਤ ਖੇਤਰ ਵਿਚ ਖੇਤਰੀ ਸਥਿਰਤਾ ਅਤੇ ਖੁਸ਼ਹਾਲੀ ਲਈ ਕਨੈਕਟੀਵਿਟੀ ਅਤੇ ਢਾਂਚਾਗਤ ਵਿਕਾਸ ਨੂੰ ਬਲ ਦੇਣ ਅਤੇ ਅੱਤਵਾਦ, ਸਾਈਬਰ ਤੇ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ 'ਤੇ ਵਿਚਾਰ ਵਟਾਂਦਰਾ ਕਰਨ ਲਈ ਦੂਜੇ ਪੱਧਰ ਦੀ ਬੈਠਕ ਕੀਤੀ। ਜਾਪਾਨ ਦੀ ਰਾਜਧਾਨੀ ਟੋਕੀਓ ਵਿਚ ਆਯੋਜਿਤ ਕਵਾਡੀਲੇਟਰਲ ਰਣਨੀਤਕ ਗੱਲਬਾਤ ਮਤਲਬ ਕਵਾਡ ਦੀ ਦੂਜੀ ਬੈਠਕ ਵਿਚ ਵਿਦੇਸ਼ ਮੰਤਰੀ ਐਂਸ. ਜੈਸ਼ੰਕਰ, ਜਾਪਾਨ ਦੇ ਵਿਦੇਸ਼ ਮੰਤਰੀ ਤੋਸ਼ੀਮਿਤਸੁ ਮੋਤੇਗੀ, ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਅਤੇ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮੋਰਿਸ ਪਾਯਨੇ ਨੇ ਹਿੱਸਾ ਲਿਆ।
ਬੈਠਕ ਵਿਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਗਲੋਬਲ ਮਹਾਮਾਰੀ ਦੇ ਵਿਚ ਇਸ ਬੈਠਕ ਦਾ ਆਯੋਜਨ ਇਸ ਮੁਸ਼ਕਲ ਸਮੇਂ ਵਿਚ ਸਾਡੇ ਦੇਸਾਂ ਦੇ ਵਿਚ ਵਿਚਾਰ ਵਟਾਂਦਰੇ ਦੀ ਮਹੱਤਤਾ ਨੂੰ ਰੇਖਾਂਕਿਤ ਕਰਦਾ ਹੈ। ਸਾਡੀ ਪਿਛਲੀ ਬੈਠਕ ਸਤਬੰਰ 2019 ਵਿਚ ਨਿਊਯਾਰਕ ਵਿਚ ਹੋਈ ਸੀ। ਉਦੋਂ ਤੋਂ ਹੁਣ ਤੱਕ ਦੁਨੀਆ ਬਹੁਤ ਬਦਲ ਗਈ ਹੈ। ਕੋਵਿਡ-19 ਮਹਾਮਾਰੀ ਨੇ ਜ਼ਬਰਦਸਤ ਗਲੋਬਲ ਤਬਦੀਲੀ ਲਿਆਂਦੀ ਹੈ। ਇਸ ਸਾਲ ਦੀਆਂ ਘਟਨਾਵਾਂ ਨੇ ਸਾਬਤ ਕੀਤਾ ਹੈ ਕਿ ਮਹਾਮਾਰੀ ਦੇ ਕਾਰਨ ਪੈਦੀ ਹੋਈਆਂ ਚੁਣੌਤੀਆਂ 'ਤੇ ਇਕੋ ਜਿਹੇ ਵਿਚਾਰ ਵਾਲੇ ਦੇਸ਼ਾਂ ਦੇ ਵਿਚ ਤਾਲਮੇਲ ਅਤੇ ਸਮੂਹਿਕ ਪ੍ਰਤੀਕਿਰਿਆ ਦੀ ਲੋੜ ਹੈ। ਇਸ ਮਹਾਮਾਰੀ ਦੇ ਵਿਰੁੱਧ ਪਹਿਲਾਂ ਨਾਲੋਂ ਵੱਧ ਸਹਿਣਸ਼ੀਲ ਹੋਣਾ ਹੋਵੇਗਾ।
ਪੜ੍ਹੋ ਇਹ ਅਹਿਮ ਖਬਰ- ਵਿਦੇਸ਼ ਮੰਤਰੀ ਜੈਸ਼ੰਕਰ ਨੇ ਆਸਟ੍ਰੇਲੀਆਈ ਹਮਰੁਤਬਾ ਨਾਲ ਕੀਤੀ ਮੀਟਿੰਗ
ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਅਗਲੇ ਸਾਲ ਸੁਰੱਖਿਆ ਪਰੀਸ਼ਦ ਵਿਚ ਮੈਂਬਰਸ਼ਿਪ ਗ੍ਰਹਿਣ ਕਰ ਰਿਹਾ ਹੈ। ਅਸੀਂ ਮਹਾਮਾਰੀ ਤੋਂ ਉਭਰਨ ਅਤੇ ਬਹੁਪੱਖੀ ਸੰਸਥਾਵਾਂ ਵਿਚ ਸੁਧਾਰ ਜਿਹੀ ਗਲੋਬਲ ਚੁਣੌਤੀਆਂ ਨਾਲ ਨਜਿੱਠਣ ਲਈ ਸਮੂਹਿਕ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ। ਜੀਵੰਤ ਅਤੇ ਬਹੁਲਤਾਵਾਦੀ ਲੋਕਤੰਤਰੀ ਵਿਵਸਥਾਵਾਂ ਹੋਣ ਦੇ ਕਾਰਨ ਸਾਡੇ ਮੁੱਲ ਸਮਾਨ ਹਨ ਅਤੇ ਅਸੀਂ ਇਕ ਸਮਾਵੇਸ਼ੀ ਹਿੰਦ ਪ੍ਰਸ਼ਾਂਤ ਖੇਤਰ ਵਿਚ ਸੁਤੰਤਰ ਅਤੇ ਮੁਕਤ ਸ਼ਿਪਿੰਗ ਨੂੰ ਲੈ ਕੇ ਵਚਨਬੱਧ ਹਾਂ। ਅਸੀਂ ਨਿਯਮ ਆਧਾਰਿਤ ਅੰਤਰਰਾਸ਼ਟਰੀ ਸਮੁੰਦਰੀ ਸ਼ਿਪਿੰਗ ਦੀ ਸੁਤੰਤਰਤਾ, ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦੇ ਸਨਮਾਨ ਅਤੇ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਲਈ ਵਚਨਬੱਧ ਹਾਂ। ਜੈਸ਼ੰਕਰ ਨੇ ਕਿਹਾ ਕਿ ਸਾਡਾ ਉਦੇਸ਼ ਇਸ ਖੇਤਰ ਵਿਚ ਸਾਰੇ ਦੇਸ਼ਾਂ ਦੇ ਵਿਧਾਨਿਕ ਅਤੇ ਮਹੱਤਵਪੂਰਨ ਆਰਥਿਕ ਹਿੱਤਾਂ ਤੇ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ। ਇਹ ਸੰਤੋਸ਼ ਦਾ ਵਿਸ਼ਾ ਹੈ ਕਿ ਹਿੰਦ ਪ੍ਰਸ਼ਾਂਤ ਦੀ ਧਾਰਨਾ ਨੂੰ ਵਿਆਪਕ ਸਮਰਥਨ ਮਿਲ ਰਿਹਾ ਹੈ। ਇਸ ਬੈਠਕ ਵਿਚ ਹਿੰਦ ਪ੍ਰਸ਼ਾਂਤ ਖੇਤਰ ਵਿਚ ਖੇਤਰੀ ਸਥਿਰਤਾ ਅਤੇ ਖੁਸ਼ਹਾਲੀ ਦੇ ਲਈ ਕਨੈਕਟੀਵਿਟੀ ਅਤੇ ਢਾਂਚਾਗਤ ਵਿਕਾਸ ਨੂੰ ਬਲ ਦੇਣ ਅਤੇ ਅੱਤਵਾਦ, ਸਾਈਬਰ ਅਤੇ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ 'ਤੇ ਸਾਰਥਕ ਵਿਚਾਰ ਹੋਣ ਦੀ ਆਸ ਹੈ।