ਬ੍ਰਿਕਸ ਦੇ ਮੰਚ ਤੋਂ ਪੁਤਿਨ ਨੇ G7 ਦਾ ਉਡਾਇਆ ਮਜ਼ਾਕ; ਕਿਹਾ- ''ਅਸੀਂ 40% ਹਾਂ, ਉਹ ਸਾਡੇ ਤੋਂ ਘੱਟ''
Friday, Sep 11, 2026 - 07:33 PM (IST)
ਨਵੀਂ ਦਿੱਲੀ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬ੍ਰਿਕਸ ਬਿਜ਼ਨਸ ਫੋਰਮ ਦੇ ਲੀਡਰਜ਼ ਸੈਸ਼ਨ ਦੌਰਾਨ G7 ਦੇਸ਼ਾਂ (ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਬ੍ਰਿਟੇਨ ਅਤੇ ਅਮਰੀਕਾ) 'ਤੇ ਤੰਜ ਕੱਸਦਿਆਂ ਕਿਹਾ ਕਿ ਬ੍ਰਿਕਸ ਦੇਸ਼ਾਂ ਦੀ ਵਪਾਰਕ ਹਿੱਸੇਦਾਰੀ 40 ਫੀਸਦੀ ਹੈ, ਜਦਕਿ G7 ਦੇਸ਼ ਇਸ ਤੋਂ ਘੱਟ ਹਨ। ਪੁਤਿਨ ਨੇ ਕਿਹਾ ਕਿ ਦੁਨੀਆ ਵਿੱਚ ਵਿਕਾਸ ਦੇ ਨਵੇਂ ਇੰਜਣ ਪੈਦਾ ਹੋ ਰਹੇ ਹਨ ਅਤੇ ਪਿਛਲੇ 5 ਸਾਲਾਂ ਦੀ ਅਸਲੀਅਤ ਇਹ ਹੈ ਕਿ ਦੁਨੀਆ ਲਗਾਤਾਰ ਬਦਲ ਰਹੀ ਹੈ। ਉਨ੍ਹਾਂ ਅਨੁਸਾਰ ਇਹ ਬਦਲਾਅ ਮਨੁੱਖਤਾ ਅਤੇ ਅਰਥਵਿਵਸਥਾ ਦੋਵਾਂ ਲਈ ਬਹੁਤ ਜ਼ਰੂਰੀ ਹਨ।
ਰਾਸ਼ਟਰਪਤੀ ਪੁਤਿਨ ਨੇ ਦੱਸਿਆ ਕਿ ਬ੍ਰਿਕਸ ਦੇਸ਼ ਦੁਨੀਆ ਦੀ ਅੱਧੀ ਆਬਾਦੀ ਦੀ ਨੁਮਾਇੰਦਗੀ ਕਰਦੇ ਹਨ ਅਤੇ ਜ਼ਿਆਦਾਤਰ ਵਾਧਾ ਬ੍ਰਿਕਸ ਦੇਸ਼ਾਂ ਤੋਂ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ 40 ਫੀਸਦੀ ਵਪਾਰ ਬ੍ਰਿਕਸ ਦੇਸ਼ਾਂ ਵਿੱਚ ਹੋ ਰਿਹਾ ਹੈ ਅਤੇ ਇੱਥੋਂ ਦੇ ਬਾਜ਼ਾਰ ਬਹੁਤ ਵੱਡੇ ਹਨ। ਇਸ ਤੋਂ ਇਲਾਵਾ, ਪਰਮਾਣੂ ਊਰਜਾ ਦੇ ਖੇਤਰ ਵਿੱਚ ਰੂਸ ਦੀ ਕੰਪਨੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੈ ਅਤੇ ਰੂਸ ਨੂੰ ਵੱਡੇ ਪੱਧਰ 'ਤੇ ਮੁਕਾਬਲੇਬਾਜ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਰਾਨ ਦੇ ਮੁੱਦੇ 'ਤੇ ਅਮਰੀਕਾ 'ਤੇ ਨਿਸ਼ਾਨਾ ਸਾਧਦਿਆਂ ਪੁਤਿਨ ਨੇ ਕਿਹਾ ਕਿ ਪਾਈਪਲਾਈਨਾਂ ਤੇ ਜਹਾਜ਼ਾਂ 'ਤੇ ਹਮਲੇ ਕੀਤੇ ਜਾਂਦੇ ਹਨ ਅਤੇ ਆਪਣੇ ਹਿੱਤਾਂ ਦੀ ਸੁਰੱਖਿਆ ਲਈ ਸੈਕੰਡਰੀ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜਿਨ੍ਹਾਂ ਦੇਸ਼ਾਂ ਨੇ ਪਾਬੰਦੀਆਂ ਲਗਾਈਆਂ ਹਨ, ਉਹ ਖੁਦ ਉਦਯੋਗਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਉਨ੍ਹਾਂ ਦੇ ਆਪਣੇ ਅੰਕੜਿਆਂ ਅਨੁਸਾਰ ਕੁਝ ਦੇਸ਼ਾਂ ਦੀ ਅਰਥਵਿਵਸਥਾ ਵਿੱਚ 8 ਫੀਸਦੀ ਤੱਕ ਦੀ ਗਿਰਾਵਟ ਆਈ ਹੈ।
ਰੂਸੀ ਰਾਸ਼ਟਰਪਤੀ ਨੇ ਸਪੱਸ਼ਟ ਕੀਤਾ ਕਿ ਬ੍ਰਿਕਸ ਕਿਸੇ ਦੇ ਖਿਲਾਫ ਨਹੀਂ ਹੈ, ਬਲਕਿ ਇਹ ਆਪਣੇ ਹਿੱਤਾਂ ਲਈ ਕੰਮ ਕਰਦਾ ਹੈ ਅਤੇ ਵਪਾਰ ਨੂੰ ਵਧਾਉਣ ਲਈ ਇੱਕ ਬਿਹਤਰ ਪਲੇਟਫਾਰਮ ਦਿੰਦਾ ਹੈ। ਇਸੇ ਮੰਚ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਭਾਰਤ ਦੀ ਤਾਕਤ ਦਿਖਾਉਂਦਿਆਂ ਕਿਹਾ ਕਿ ਵਿਸ਼ਵ ਦੇ ਸਾਹਮਣੇ ਵਪਾਰਕ ਰੁਕਾਵਟਾਂ (ਟ੍ਰੇਡ ਬੈਰੀਅਰਜ਼) ਹਨ, ਜਦਕਿ ਅਸੀਂ ਆਰਥਿਕ ਪੁਲ (ਇਕੋਨੋਮਿਕ ਬ੍ਰਿਜ) ਬਣਾ ਰਹੇ ਹਾਂ।
