ਪੁਸ਼ਕਰ ਸਿੰਘ ਧਾਮੀ ਨੇ ਮੁੱਖ ਮੰਤਰੀ ਅਹੁਦੇ ਦੀ ਚੁਕੀ ਸਹੁੰ, ਪ੍ਰਧਾਨ ਮੰਤਰੀ ਸਮੇਤ ਕਈ ਹਸਤੀਆਂ ਰਹੀਆਂ ਮੌਜੂਦ
Wednesday, Mar 23, 2022 - 03:45 PM (IST)

ਦੇਹਰਾਦੂਨ (ਭਾਸ਼ਾ)- ਉਤਰਾਖੰਡ ਵਿਧਾਨ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਜਿੱਤ ਦਿਵਾਉਣ ਵਾਲੇ ਪੁਸ਼ਕਰ ਸਿੰਘ ਧਾਮੀ ਨੇ ਬੁੱਧਵਾਰ ਨੂੰ ਲਗਾਤਾਰ ਦੂਜੀ ਵਾਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁਕੀ, ਜਿਸ ਦੇ ਗਵਾਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਕੇਂਦਰੀ ਮੰਤਰੀ ਅਤੇ ਕਈ ਸੂਬਿਆਂ ਦੇ ਮੁੱਖ ਮੰਤਰੀ ਬਣੇ। ਦੇਹਰਾਦੂਨ ਦੇ ਪਰੇਡ ਗਰਾਊਂਡ 'ਚ ਆਯੋਜਿਤ ਇਕ ਸ਼ਾਨਦਾਰ ਸਮਾਰੋਹ 'ਚ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਨੇ 46 ਸਾਲਾ ਧਾਮੀ ਨੂੰ ਅਹੁਦੇ ਦੀ ਸਹੁੰ ਚੁਕਾਈ। ਧਾਮੀ ਦੇ ਨਾਲ 8 ਹੋਰ ਕੈਬਨਿਟ ਮੰਤਰੀਆਂ ਨੇ ਵੀ ਅਹੁਦੇ ਦੀ ਸਹੁੰ ਚੁਕੀ, ਜਿਨ੍ਹਾਂ 'ਚੋਂ 5- ਸੱਤਪਾਲ ਮਹਾਰਾਜ, ਗਣੇਸ਼ ਜੋਸ਼ੀ, ਧਨਸਿੰਘ ਰਾਵਤ, ਸੁਬੋਧ ਓਨਿਆਲ ਅਤੇ ਰੇਖਾ ਆਰੀਆ ਭਾਜਪਾ ਦੀ ਅਗਵਾਈ ਵਾਲੀਆਂ ਸਾਬਕਾ ਸਰਕਾਰਾਂ ਦਾ ਵੀ ਹਿੱਸਾ ਰਹੇ ਹਨ। ਧਾਮੀ ਮੰਤਰੀ ਮੰਡਲ 'ਚ ਸਾਬਕਾ ਵਿਧਾਨ ਸਭਾ ਸਪੀਕਰ ਪ੍ਰੇਮਚੰਦਰ ਅਗਰਵਾਲ ਸਮੇਤ ਤਿੰਨ ਨਵੇਂ ਚਿਹਰਿਆਂ ਨੂੰ ਵੀ ਜਗ੍ਹਾ ਦਿੱਤੀ ਗਈ ਹੈ। ਮੰਤਰੀ ਮੰਡਲ 'ਚ ਸਥਾਨ ਪਾਉਣ ਵਾਲੇ 2 ਹੋਰ ਨਵੇਂ ਚਿਹਰੇ ਸੌਰਭ ਬਹੁਗੁਣਾ ਅਤੇ ਚੰਦਨ ਰਾਮਦਾਸ ਹਨ। ਸੌਰਭ ਸਾਬਕਾ ਮੁੱਖ ਮੰਤਰੀ ਵਿਜੇ ਬਹੁਗੁਣਾ ਦੇ ਬੇਟੇ ਹਨ। ਉਤਰਾਖੰਡ ਦੀ 70 ਮੈਂਬਰੀ ਵਿਧਾਨ ਸਭਾ ਚੋਣਾਂ ਲਈ 10 ਮਾਰਚ ਨੂੰ ਐਲਾਨ ਨਤੀਜਿਆਂ 'ਚ ਭਾਜਪਾ ਨੇ 47 ਸੀਟਾਂ 'ਤੇ ਜਿੱਤ ਹਾਸਲ ਕਰ ਕੇ ਦੋ ਤਿਹਾਈ ਤੋਂ ਵਧ ਬਹੁਮਤ ਨਾਲ ਪ੍ਰਦੇਸ਼ 'ਚ ਲਗਾਤਾਰ ਦੂਜੀ ਵਾਰ ਸੱਤਾ 'ਚ ਆਉਣ ਦਾ ਇਤਿਹਾਸ ਰਚਿਆ ਹੈ।
ਹਾਲਾਂਕਿ 'ਉਤਰਾਖੰਡ ਫਿਰ ਮਾਂਗੇ, ਮੋਦੀ-ਧਾਮੀ ਦੀ ਸਰਕਾਰ' ਨਾਅਰੇ ਨਾਲ ਵਿਧਾਨ ਸਭਾ ਚੋਣਾਂ ਲੜਨ ਵਾਲੀ ਭਾਜਪਾ ਦੀ ਅਗਵਾਈ ਕਰਨ ਵਾਲੇ ਧਾਮੀ ਖੁਦ ਆਪਣੀ ਰਵਾਇਤੀ ਸੀਟ ਖਟੀਮਾ ਤੋਂ ਹਾਰ ਗਏ ਹਨ। ਇਸ ਦੇ ਬਾਵਜੂਦ ਪਾਰਟੀ ਦੇ ਕੇਂਦਰੀ ਲੀਡਰਸ਼ਿਪ ਨੇ ਸੂਬੇ 'ਚ ਸੱਤਾ ਦੀ ਵਾਗਡੋਰ ਉਨ੍ਹਾਂ ਨੂੰ ਫੜਾ ਕੇ ਭਰੋਸਾ ਜਤਾਇਆ ਹੈ। ਪ੍ਰਦੇਸ਼ 'ਚ ਲਗਾਤਾਰ ਦੂਜੀ ਵਾਰ ਸੱਤਾ 'ਚ ਆਈ ਭਾਜਪਾ ਨਾਲ ਹੀ ਧਾਮੀ ਨੇ ਵੀ ਲਗਾਤਾਰ ਦੂਜੇ ਕਾਰਜਕਾਲ ਦੀ ਵਾਗਡੋਰ ਸੰਭਾਲ ਕੇ ਇਤਿਹਾਸ ਰਚਿਆ ਹੈ। ਪ੍ਰਦੇਸ਼ ਦੇ ਗਠਨ ਦੇ 2 ਦਹਾਕਿਆਂ ਤੋਂ ਵਧ ਸਮੇਂ 'ਚ ਪਹਿਲੀ ਵਾਰ ਅਜਿਹਾ ਹੋਇਆ ਹੈ, ਜਦੋਂ ਕਿਸੇ ਮੁੱਖ ਮੰਤਰੀ ਨੇ ਲਗਾਤਾਰ ਦੂਜੀ ਵਾਰ ਅਹੁਦੇ ਦੀ ਸਹੁੰ ਚੁਕੀ ਹੈ। ਇਸ ਤੋਂ ਪਹਿਲਾਂ, ਭਾਜਪਾ ਦੇ ਮੇਜਰ ਜਨਰਲ (ਸੇਵਾਮੁਕਤ) ਭੁਵਨ ਚੰਦਰ ਖੰਡੂਰੀ ਨੇ ਵੀ 2 ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕੀ ਸੀ ਪਰ ਉਨ੍ਹਾਂ ਦੇ 2 ਦਫ਼ਤਰਾਂ ਦਰਮਿਆਨ ਸਾਬਕਾ ਕੇਂਦਰੀ ਮੰਤਰੀ ਰਮੇਸ਼ ਪੋਖਿਰਿਆਲ ਨਿਸ਼ੰਕ ਮੁੱਖ ਮੰਤਰੀ ਰਹੇ ਸਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ