ਭਾਰਤੀ ਹਵਾਈ ਫੌਜ ਹੋਵੇਗੀ ਹੋਰ ਸ਼ਕਤੀਸ਼ਾਲੀ: 114 ਹੋਰ ਰਾਫੇਲ ਜੈੱਟਾਂ ਦੀ ਖਰੀਦ ਨੂੰ ਮਿਲੀ ਹਰੀ ਝੰਡੀ

Friday, Jan 16, 2026 - 10:48 PM (IST)

ਭਾਰਤੀ ਹਵਾਈ ਫੌਜ ਹੋਵੇਗੀ ਹੋਰ ਸ਼ਕਤੀਸ਼ਾਲੀ: 114 ਹੋਰ ਰਾਫੇਲ ਜੈੱਟਾਂ ਦੀ ਖਰੀਦ ਨੂੰ ਮਿਲੀ ਹਰੀ ਝੰਡੀ

ਨਵੀਂ ਦਿੱਲੀ : ਭਾਰਤੀ ਹਵਾਈ ਫੌਜ (IAF) ਦੀ ਤਾਕਤ ਵਿੱਚ ਵੱਡਾ ਵਾਧਾ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਪ੍ਰਗਤੀ ਹੋਈ ਹੈ। ਡਿਫੈਂਸ ਪ੍ਰੋਕਿਊਰਮੈਂਟ ਬੋਰਡ (DPB) ਨੇ ਫਰਾਂਸ ਤੋਂ 114 ਵਾਧੂ ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ,। ਇਹ ਪ੍ਰਸਤਾਵ ਹੁਣ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਾਲੀ ਡਿਫੈਂਸ ਐਕਵਿਜ਼ੀਸ਼ਨ ਕੌਂਸਲ (DAC) ਕੋਲ ਜਾਵੇਗਾ ਅਤੇ ਅੰਤਿਮ ਮੋਹਰ ਕੈਬਨਿਟ ਕਮੇਟੀ ਆਨ ਸਕਿਓਰਿਟੀ (CCS) ਵੱਲੋਂ ਲਗਾਈ ਜਾਵੇਗੀ।

ਫਰਵਰੀ ਵਿੱਚ ਹੋ ਸਕਦਾ ਹੈ ਅੰਤਿਮ ਸਮਝੌਤਾ
ਭਾਰਤ ਅਤੇ ਫਰਾਂਸ ਫਰਵਰੀ 2026 ਵਿੱਚ ਪ੍ਰਸਤਾਵਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਮੁਲਾਕਾਤ ਦੌਰਾਨ ਇਸ ਰੱਖਿਆ ਸੌਦੇ ਨੂੰ ਅੰਤਿਮ ਰੂਪ ਦੇ ਸਕਦੇ ਹਨ। ਜੇਕਰ ਇਹ ਸੌਦਾ ਤੈਅ ਯੋਜਨਾ ਮੁਤਾਬਕ ਹੁੰਦਾ ਹੈ, ਤਾਂ ਇਹ ਭਾਰਤ ਦੀ ਹਵਾਈ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਇੱਕ ਵੱਡਾ ਕਦਮ ਹੋਵੇਗਾ।

ਹੁਣ ਤੱਕ ਦਾ ਸਭ ਤੋਂ ਵੱਡਾ ਰੱਖਿਆ ਸੌਦਾ
ਇਸ ਪ੍ਰਸਤਾਵਿਤ ਰਾਫੇਲ ਡੀਲ ਦੀ ਕੁੱਲ ਲਾਗਤ ਲਗਭਗ 3.25 ਲੱਖ ਕਰੋੜ ਰੁਪਏ (ਕਰੀਬ 36 ਅਰਬ ਡਾਲਰ) ਦੱਸੀ ਜਾ ਰਹੀ ਹੈ, ਜੋ ਇਸਨੂੰ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਰੱਖਿਆ ਸੌਦਾ ਬਣਾਉਂਦਾ ਹੈ।
• ਸੌਦੇ ਤਹਿਤ ਕੁੱਲ 114 ਰਾਫੇਲ ਜਹਾਜ਼ ਖਰੀਦੇ ਜਾਣਗੇ।
• ਇਨ੍ਹਾਂ ਵਿੱਚੋਂ 12 ਤੋਂ 18 ਜਹਾਜ਼ ਸਿੱਧੇ ਫਰਾਂਸ ਤੋਂ ਤਿਆਰ ਹਾਲਤ ਵਿੱਚ ਭਾਰਤ ਆਉਣਗੇ।
• ਬਾਕੀ ਜਹਾਜ਼ਾਂ ਦਾ ਨਿਰਮਾਣ 'ਮੇਕ ਇਨ ਇੰਡੀਆ' ਤਹਿਤ ਭਾਰਤ ਵਿੱਚ ਹੀ ਕੀਤਾ ਜਾਵੇਗਾ।

60 ਪ੍ਰਤੀਸ਼ਤ ਤੱਕ ਹੋਵੇਗੀ ਸਵਦੇਸ਼ੀ ਸਮੱਗਰੀ 
ਇਨ੍ਹਾਂ ਜਹਾਜ਼ਾਂ ਦੇ ਨਿਰਮਾਣ ਵਿੱਚ ਸ਼ੁਰੂਆਤੀ ਪੜਾਅ 'ਤੇ 30 ਪ੍ਰਤੀਸ਼ਤ ਸਵਦੇਸ਼ੀ ਉਪਕਰਨਾਂ ਦੀ ਵਰਤੋਂ ਕੀਤੀ ਜਾਵੇਗੀ, ਜਿਸ ਨੂੰ ਬਾਅਦ ਵਿੱਚ 60 ਪ੍ਰਤੀਸ਼ਤ ਤੱਕ ਵਧਾਉਣ ਦੀ ਯੋਜਨਾ ਹੈ। ਭਾਰਤ ਚਾਹੁੰਦਾ ਹੈ ਕਿ ਇਨ੍ਹਾਂ ਜਹਾਜ਼ਾਂ ਵਿੱਚ ਭਾਰਤੀ ਹਥਿਆਰ ਅਤੇ ਸਿਸਟਮ ਲਗਾਏ ਜਾ ਸਕਣ, ਹਾਲਾਂਕਿ ਜਹਾਜ਼ਾਂ ਦਾ ਸੌਫਟਵੇਅਰ ਸੋਰਸ ਕੋਡ ਫਰਾਂਸ ਕੋਲ ਹੀ ਰਹੇਗਾ।

ਭਾਰਤ ਕੋਲ ਹੋ ਜਾਣਗੇ ਕੁੱਲ 176 ਰਾਫੇਲ 
ਜੇਕਰ ਇਹ ਸੌਦਾ ਸਿਰੇ ਚੜ੍ਹਦਾ ਹੈ, ਤਾਂ ਭਾਰਤ ਕੋਲ ਰਾਫੇਲ ਜੈੱਟਾਂ ਦੀ ਕੁੱਲ ਗਿਣਤੀ 176 ਹੋ ਜਾਵੇਗੀ। ਵਰਤਮਾਨ ਵਿੱਚ ਭਾਰਤੀ ਹਵਾਈ ਫੌਜ ਕੋਲ 36 ਰਾਫੇਲ ਹਨ ਅਤੇ 26 ਜਹਾਜ਼ਾਂ ਦਾ ਆਰਡਰ ਭਾਰਤੀ ਨੌਸੈਨਾ ਵੱਲੋਂ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ। ਇਹ ਵਾਧਾ ਗੁਆਂਢੀ ਮੁਲਕਾਂ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਭਾਰਤ ਲਈ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।


author

Inder Prajapati

Content Editor

Related News