ਅਗਨੀਪਥ ਯੋਜਨਾ ਨੂੰ ਲੈ ਕੇ ਦੇਸ਼ ਦੇ ਕਈ ਹਿੱਸਿਆਂ 'ਚ ਵਿਰੋਧ ਜਾਰੀ, ਜਾਣੋ ਇਸ ਬਾਰੇ ਖਦਸ਼ੇ ਅਤੇ ਦਾਅਵੇ
Friday, Jun 17, 2022 - 03:58 PM (IST)
ਜਲੰਧਰ/ਨਵੀਂ ਦਿੱਲੀ (ਨੈਸ਼ਨਲ ਡੈਸਕ)- ਦੇਸ਼ ਦੀਆਂ ਫੌਜਾਂ ਵਿਚ ਅਗਨੀਪਥ ਯੋਜਨਾ ਤਹਿਤ ਫੌਜੀਆਂ ਦੀ ਭਰਤੀ ਨੂੰ ਲੈ ਕੇ ਕੁਝ ਸੂਬਿਆਂ ਵਿਚ ਹੰਗਾਮਾ ਮਚਿਆ ਹੋਇਆ ਹੈ। ਇਸ ਯੋਜਨਾ ਨੂੰ ਕੈਬਨਿਟ ਕਮੇਟੀ ਨੇ ਮਨਜ਼ੂਰੀ ਦੇ ਦਿੱਤੀ ਹੈ ਅਤੇ ਹੁਣ ਇਸ ਯੋਜਨਾ ਤਹਿਤ ਭਰਤੀ ਹੋਣ ਵਾਲੇ ਫੌਜੀਆਂ ਨੂੰ ਅਗਨੀਵੀਰ ਕਿਹਾ ਜਾਵੇਗਾ। ਇਸ ਯੋਜਨਾ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਇੱਥੋਂ ਤਕ ਕਿ ਸਾਬਕਾ ਫੌਜੀ ਅਧਿਕਾਰੀਆਂ ਦੇ ਵੀ ਇਸ ’ਤੇ ਪ੍ਰਤੀਕਰਮ ਆਉਣ ਲੱਗੇ ਹਨ। ਕਈ ਸਾਬਕਾ ਫ਼ੌਜੀ ਅਫਸਰਾਂ ਨੇ ਇਸ ਯੋਜਨਾ ਨੂੰ ਫੌਜ ਲਈ ਲਾਹੇਵੰਦ ਨਹੀਂ ਦੱਸਿਆ। ਯੋਜਨਾ ਬਾਰੇ ਲੋਕਾਂ ਦੇ ਮਨਾਂ ਵਿਚ ਕਈ ਤਰ੍ਹਾਂ ਦੇ ਖਦਸ਼ੇ ਹਨ ਪਰ ਸਰਕਾਰ ਦਾ ਦਾਅਵਾ ਹੈ ਕਿ ਇਹ ਯੋਜਨਾ ਪਰਖ ਤੋਂ ਬਾਅਦ ਹੀ ਲਾਗੂ ਕੀਤੀ ਗਈ ਹੈ।
ਯੋਗਤਾ ਮਾਪਦੰਡ ਕੀ ਹੈ?
ਨਵੀਂ ਪ੍ਰਣਾਲੀ ਸਿਰਫ ਅਫਸਰ ਰੈਂਕ ਤੋਂ ਹੇਠਲੇ ਕਰਮਚਾਰੀਆਂ ਲਈ ਹੈ, ਜੋ ਫੌਜ ਵਿਚ ਕਮਿਸ਼ਨਡ ਅਫਸਰ ਵਜੋਂ ਸ਼ਾਮਲ ਨਹੀਂ ਹੁੰਦੇ। ਅਗਨੀਪਥ ਯੋਜਨਾ ਤਹਿਤ 17.5 ਸਾਲ ਤੋਂ 21 ਸਾਲ ਦੀ ਉਮਰ ਦੇ ਉਮੀਦਵਾਰ ਅਪਲਾਈ ਕਰਨ ਦੇ ਯੋਗ ਹੋਣਗੇ। ਭਰਤੀ ਦੇ ਨਿਯਮ ਪਹਿਲਾਂ ਵਾਲੇ ਹੀ ਰਹਿਣਗੇ ਅਤੇ ਸਾਲ ਵਿਚ 2 ਵਾਰ ਭਰਤੀ ਰੈਲੀਆਂ ਰਾਹੀਂ ਭਰਤੀ ਕੀਤੀ ਜਾਵੇਗੀ।
ਚੋਣ ਤੋਂ ਬਾਅਦ ਕੀ ਹੋਵੇਗਾ?
ਇਕ ਵਾਰ ਚੁਣੇ ਜਾਣ ਤੋਂ ਬਾਅਦ ਉਮੀਦਵਾਰਾਂ ਨੂੰ 6 ਮਹੀਨਿਆਂ ਲਈ ਸਿਖਲਾਈ ਦਿੱਤੀ ਜਾਵੇਗੀ ਅਤੇ ਫਿਰ ਸਾਢੇ 3 ਸਾਲਾਂ ਲਈ ਤਾਇਨਾਤ ਕੀਤਾ ਜਾਵੇਗਾ। ਇਸ ਮਿਆਦ ਦੌਰਾਨ ਉਨ੍ਹਾਂ ਨੂੰ ਵਾਧੂ ਲਾਭ ਦੇ ਨਾਲ 30,000 ਰੁਪਏ ਦੀ ਸ਼ੁਰੂਆਤੀ ਤਨਖਾਹ ਮਿਲੇਗੀ, ਜੋ 4 ਸਾਲਾਂ ਦੀ ਸੇਵਾ ਦੇ ਅੰਤ ਤਕ ਵਧ ਕੇ 40,000 ਰੁਪਏ ਹੋ ਜਾਵੇਗੀ। ਅਹਿਮ ਗੱਲ ਇਹ ਹੈ ਕਿ ਇਸ ਮਿਆਦ ਦੌਰਾਨ ਉਨ੍ਹਾਂ ਦੀ ਤਨਖਾਹ ਦਾ 30 ਫੀਸਦੀ ਹਿੱਸਾ ਇਕ ਸੇਵਾ ਫੰਡ ਪ੍ਰੋਗਰਾਮ ਤਹਿਤ ਵੱਖ ਰੱਖਿਆ ਜਾਵੇਗਾ ਅਤੇ ਸਰਕਾਰ ਹਰ ਮਹੀਨੇ ਬਰਾਬਰ ਰਕਮ ਦਾ ਯੋਗਦਾਨ ਪਾਏਗੀ, ਜਿਸ ’ਤੇ ਵਿਆਜ ਵੀ ਲੱਗੇਗਾ। ਹਾਲਾਂਕਿ 4 ਸਾਲ ਬਾਅਦ ਬੈਚ ਦੇ ਸਿਰਫ 25 ਫੀਸਦੀ ਲੋਕਾਂ ਨੂੰ 15 ਸਾਲ ਦੀ ਮਿਆਦ ਲਈ ਉਨ੍ਹਾਂ ਦੀਆਂ ਸਬੰਧਤ ਸੇਵਾਵਾਂ ਵਿਚ ਵਾਪਸ ਭਰਤੀ ਕੀਤਾ ਜਾਵੇਗਾ।
ਕੀ ਅਗਨੀਵੀਰਾਂ ਦਾ ਭਵਿੱਖ ਅਸੁਰੱਖਿਅਤ ਹੈ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਫੌਜ ਵਿਚ ਭਰਤੀ ਹੋਣ ਦੇ ਚਾਹਵਾਨਾਂ ਨੂੰ ਵਿੱਤੀ ਪੈਕੇਜ ਅਤੇ ਬੈਂਕ ਲੋਨ ਸਕੀਮ ਮਿਲੇਗੀ। ਅੱਗੇ ਦੀ ਪੜ੍ਹਾਈ ਕਰਨ ਦੇ ਚਾਹਵਾਨਾਂ ਨੂੰ 12ਵੀਂ ਦੇ ਬਰਾਬਰ ਸਰਟੀਫਿਕੇਟ ਅਤੇ ਬ੍ਰਿਜਿੰਗ ਕੋਰਸ ਦਿੱਤਾ ਜਾਵੇਗਾ। ਉਨ੍ਹਾਂ ਨੂੰ ਸੀ. ਆਰ. ਪੀ. ਐੱਫ. ਤੇ ਸੂਬਾ ਪੁਲਸ ਵਿਚ ਪਹਿਲ ਦਿੱਤੀ ਜਾਵੇਗੀ। ਹੋਰ ਖੇਤਰਾਂ ਵਿਚ ਵੀ ਉਨ੍ਹਾਂ ਲਈ ਕਈ ਰਸਤੇ ਖੋਲ੍ਹੇ ਜਾ ਰਹੇ ਹਨ। ਨੌਜਵਾਨਾਂ ਲਈ ਹਥਿਆਰਬੰਦ ਫੋਰਸਾਂ ਵਿਚ ਸੇਵਾ ਕਰਨ ਦੇ ਮੌਕੇ ਵਧਣਗੇ। ਆਉਣ ਵਾਲੇ ਸਾਲਾਂ ਵਿਚ ਅਗਨੀਵੀਰਾਂ ਦੀ ਭਰਤੀ ਹਥਿਆਰਬੰਦ ਫੋਰਸਾਂ ਵਿਚ ਮੌਜੂਦਾ ਭਰਤੀ ਨਾਲੋਂ ਲਗਭਗ ਤਿੰਨ ਗੁਣਾ ਹੋ ਜਾਵੇਗੀ।
ਕੀ ਰੈਜੀਮੈਂਟਲ ਬੌਂਡਿੰਗ ਪ੍ਰਭਾਵਿਤ ਹੋਵੇਗੀ?
ਰੈਜੀਮੈਂਟਲ ਸਿਸਟਮ ਵਿਚ ਕੋਈ ਬਦਲਾਅ ਨਹੀਂ ਕੀਤਾ ਜਾ ਰਿਹਾ। ਅਸਲ ’ਚ ਇਸ ਪਾਸੇ ਹੋਰ ਜ਼ਿਆਦਾ ਜ਼ੋਰ ਦਿੱਤਾ ਜਾਵੇਗਾ ਕਿਉਂਕਿ ਸਰਵਉੱਤਮ ਅਗਨੀਵੀਰਾਂ ਦੀ ਚੋਣ ਕੀਤੀ ਜਾਵੇਗੀ, ਜੋ ਯੂਨਿਟ ਦੀ ਇਕਜੁੱਟਤਾ ਨੂੰ ਹੋਰ ਹੁਲਾਰਾ ਦੇਵੇਗੀ।
ਇਸ ਨਾਲ ਹਥਿਆਰਬੰਦ ਫੋਰਸਾਂ ’ਤੇ ਕੀ ਫਰਕ ਪਵੇਗਾ?
ਯੋਜਨਾ ਬਾਰੇ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਸ ਤਰ੍ਹਾਂ ਦੀ ਥੋੜ੍ਹੇ ਸਮੇਂ ਦੀ ਭਰਤੀ ਪ੍ਰਣਾਲੀ ਜ਼ਿਆਦਾਤਰ ਦੇਸ਼ਾਂ ਵਿਚ ਮੌਜੂਦ ਹੈ। ਇਸ ਲਈ ਪਹਿਲਾਂ ਤੋਂ ਹੀ ਇਸ ਦੀ ਪਰਖ ਕੀਤੀ ਜਾ ਚੁੱਕੀ ਹੈ ਅਤੇ ਇਸ ਨੂੰ ਨੌਜਵਾਨ ਤੇ ਚੁਸਤ ਫੌਜ ਲਈ ਸਭ ਤੋਂ ਵਧੀਆ ਅਭਿਆਸ ਮੰਨਿਆ ਗਿਆ ਹੈ। ਪਹਿਲੇ ਸਾਲ ’ਚ ਭਰਤੀ ਕੀਤੇ ਜਾਣ ਵਾਲੇ ਅਗਨੀਵੀਰਾਂ ਦੀ ਗਿਣਤੀ ਹਥਿਆਰਬੰਦ ਫੋਰਸਾਂ ਦਾ ਸਿਰਫ਼ 3 ਫੀਸਦੀ ਹੋਵੇਗੀ। ਨਾਲ ਹੀ 4 ਸਾਲ ਬਾਅਦ ਹਥਿਆਰਬੰਦ ਫੋਰਸਾਂ ਵਿਚ ਮੁੜ ਸ਼ਾਮਲ ਹੋਣ ਤੋਂ ਪਹਿਲਾਂ ਅਗਨੀਵੀਰਾਂ ਦੀ ਕਾਰਗੁਜ਼ਾਰੀ ਦੀ ਜਾਂਚ ਕੀਤੀ ਜਾਵੇਗੀ।
ਕੀ 21 ਸਾਲ ਦੀ ਉਮਰ ਦੇ ਨੌਜਵਾਨ ਅਪਰਿਪੱਕ ਤੇ ਗੈਰ-ਭਰੋਸੇਯੋਗ ਹਨ?
ਦੁਨੀਆ ਭਰ ਦੀਆਂ ਜ਼ਿਆਦਾਤਰ ਫੌਜਾਂ ਆਪਣੇ ਨੌਜਵਾਨਾਂ ’ਤੇ ਨਿਰਭਰ ਕਰਦੀਆਂ ਹਨ। ਕਿਸੇ ਵੀ ਸਮੇਂ ਤਜਰਬੇਕਾਰ ਲੋਕਾਂ ਤੋਂ ਵੱਧ ਨੌਜਵਾਨ ਨਹੀਂ ਹੋਣਗੇ। ਮੌਜੂਦਾ ਯੋਜਨਾ ਨੌਜਵਾਨਾਂ ਤੇ ਤਜਰਬੇਕਾਰ ਸੁਪਰਵਾਈਜ਼ਰੀ ਰੈਂਕਾਂ ਦਾ ਸਿਰਫ਼ 50%-50% ਦਾ ਸਹੀ ਮਿਸ਼ਰਣ ਹੈ।
ਕੀ ਅਗਨੀਵੀਰ ਸਮਾਜ ਲਈ ਖ਼ਤਰਾ ਹੋਣਗੇ?
ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ 4 ਸਾਲ ਤਕ ਵਰਦੀ ਪਹਿਨਣ ਵਾਲੇ ਜਵਾਨ ਸਾਰੀ ਉਮਰ ਦੇਸ਼ ਲਈ ਵਚਨਬੱਧ ਰਹਿਣਗੇ। ਅਜੇ ਵੀ ਹਜ਼ਾਰਾਂ ਜਵਾਨ ਹਥਿਆਰਬੰਦ ਫੋਰਸਾਂ ਤੋਂ ਸੇਵਾਮੁਕਤ ਹੋ ਗਏ ਹਨ ਪਰ ਉਨ੍ਹਾਂ ਦੇ ਦੇਸ਼-ਵਿਰੋਧੀ ਤਾਕਤਾਂ ਵਿਚ ਸ਼ਾਮਲ ਹੋਣ ਦੀ ਕੋਈ ਉਦਾਹਰਣ ਨਹੀਂ ਹੈ।
ਅਗਨੀਪਥ ਯੋਜਨਾ ਕੀ ਹੈ?
ਇਸ ਯੋਜਨਾ ਤਹਿਤ ਹਰ ਸਾਲ ਲਗਭਗ 45,000 ਤੋਂ 50,000 ਫੌਜੀਆਂ ਦੀ ਭਰਤੀ ਕੀਤੀ ਜਾਵੇਗੀ। ਕੁਲ ਸਾਲਾਨਾ ਭਰਤੀਆਂ ਵਿਚੋਂ ਸਿਰਫ਼ 25 ਫ਼ੀਸਦੀ ਹੀ ਸਥਾਈ ਕਮਿਸ਼ਨ ਤਹਿਤ ਅਗਲੇ 15 ਸਾਲਾਂ ਤਕ ਫ਼ੌਜ ਵਿਚ ਆਪਣੀਆਂ ਸੇਵਾਵਾਂ ਜਾਰੀ ਰੱਖ ਸਕਣਗੇ। ਇਸ ਕਦਮ ਨਾਲ ਦੇਸ਼ ਵਿਚ 13 ਲੱਖ ਤੋਂ ਵੱਧ ਮਜ਼ਬੂਤ ਹਥਿਆਰਬੰਦ ਫੋਰਸਾਂ ਲਈ ਸਥਾਈ ਫੋਰਸ ਦੇ ਲੈਵਲ ਵਿਚ ਕਾਫੀ ਕਮੀ ਆਵੇਗੀ, ਜਿਸ ਨਾਲ ਡਿਫੈਂਸ ਪੈਨਸ਼ਨ ਬਿੱਲ ’ਚ ਕਾਫੀ ਕਮੀ ਆਵੇਗੀ, ਜੋ ਕਈ ਸਾਲਾਂ ਤੋਂ ਸਰਕਾਰਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਭਰਤੀ ਕਦੋਂ ਸ਼ੁਰੂ ਹੋਵੇਗੀ?
ਯੋਜਨਾ ਤਹਿਤ ਭਰਤੀ 90 ਦਿਨਾਂ ਅੰਦਰ ਸ਼ੁਰੂ ਹੋ ਜਾਵੇਗੀ, ਜੋ ਕਿ ਪੂਰੇ ਭਾਰਤ ਦੇ ਸਾਰੇ ਵਰਗਾਂ ’ਚੋਂ ਹੋਵੇਗੀ। ਇਹ ਫੌਜ ਲਈ ਖਾਸ ਤੌਰ ’ਤੇ ਅਹਿਮ ਹੈ, ਜਿੱਥੇ ਰੈਜੀਮੈਂਟ ਪ੍ਰਣਾਲੀ ਵਿਚ ਖੇਤਰ ਤੇ ਜਾਤੀ ਦੇ ਆਧਾਰ ਹੁੰਦੇ ਹਨ। ਇਨ੍ਹਾਂ ਨੂੰ ਸਮੇਂ ਦੇ ਨਾਲ ਕਿਸੇ ਵੀ ਜਾਤੀ, ਖੇਤਰ, ਵਰਗ ਜਾਂ ਧਾਰਮਿਕ ਪਿਛੋਕੜ ਵਾਲੇ ਵਿਅਕਤੀ ਨੂੰ ਮੌਜੂਦਾ ਰੈਜੀਮੈਂਟ ਦਾ ਹਿੱਸਾ ਬਣਨ ਦੀ ਇਜਾਜ਼ਤ ਦੇਣ ਲਈ ਖਤਮ ਕਰ ਦਿੱਤਾ ਜਾਵੇਗਾ।
ਰੰਗਰੂਟਾਂ ਨੂੰ ਕਿਵੇਂ ਲਾਭ ਹੋਵੇਗਾ?
ਯੋਜਨਾ ਅਨੁਸਾਰ ਅੱਜ ਫੋਰਸਾਂ ਵਿਚ ਔਸਤ ਉਮਰ 32 ਸਾਲ ਹੈ, ਜੋ 6 ਤੋਂ 7 ਸਾਲਾਂ ਵਿਚ ਘਟ ਕੇ 26 ਰਹਿ ਜਾਵੇਗੀ। ਲੈਫਟੀਨੈਂਟ ਜਨਰਲ ਪੁਰੀ ਨੇ ਕਿਹਾ ਕਿ ਸਰਕਾਰ 4 ਸਾਲ ਬਾਅਦ ਸੇਵਾ ਛੱਡਣ ਵਾਲੇ ਸੈਨਿਕਾਂ ਦੇ ਮੁੜ-ਵਸੇਬੇ ਵਿਚ ਮਦਦ ਕਰੇਗੀ। ਉਨ੍ਹਾਂ ਨੂੰ ਸਕਿਲ ਸਰਟੀਫਿਕੇਟ ਅਤੇ ਬ੍ਰਿਜ ਕੋਰਸ ਪ੍ਰਦਾਨ ਕੀਤੇ ਜਾਣਗੇ। 4 ਸਾਲ ਦੀ ਮਿਆਦ ਦੇ ਅਖੀਰ ’ਚ ਹਰੇਕ ਫੌਜੀ ਨੂੰ ਇਕਮੁਸ਼ਤ ਰਕਮ ਵਜੋਂ 11.71 ਲੱਖ ਰੁਪਏ ਮਿਲਣਗੇ ਜੋ ਟੈਕਸ-ਮੁਕਤ ਹੋਣਗੇ। ਉਨ੍ਹਾਂ ਨੂੰ 4 ਸਾਲ ਲਈ 48 ਲੱਖ ਰੁਪਏ ਦਾ ਜੀਵਨ ਬੀਮਾ ਕਵਰ ਵੀ ਮਿਲੇਗਾ, ਜੋ ਕਿ ਮੌਤ ਦੀ ਸਥਿਤੀ ’ਚ ਭੁਗਤਾਨ ਨਾ ਕੀਤੇ ਗਏ ਕਾਰਜਕਾਲ ਲਈ ਤਨਖਾਹ ਸਮੇਤ 1 ਕਰੋੜ ਰੁਪਏ ਤੋਂ ਵੱਧ ਹੋਵੇਗਾ।
4 ਸਾਲ ਬਾਅਦ
11.71 ਲੱਖ ਰੁਪਏ ਸੇਵਾ ਫੰਡ ਪੈਕੇਜ ਦੇ ਰੂਪ ’ਚ ਮਿਲਣਗੇ (ਲਾਗੂ ਦਰ ਅਨੁਸਾਰ ਉਪਰੋਕਤ ’ਤੇ ਕਮਾਏ ਵਿਆਜ ਸਮੇਤ)
ਹੋਰ ਲਾਭ
ਜੀਵਨ ਬੀਮਾ 48 ਲੱਖ
ਸੇਵਾ ਦੌਰਾਨ ਦਿਵਿਆਂਗਤਾ
15 ਲੱਖ ਤੋਂ 44 ਲੱਖ ਦੀ ਐਕਸ-ਗ੍ਰੇਸ਼ੀਆ
ਸੇਵਾ ਦੌਰਾਨ ਮੌਤ
44 ਲੱਖ ਐਕਸ-ਗ੍ਰੇਸ਼ੀਆ ਰਕਮ ਪਲੱਸ ਤਨਖਾਹ
ਭੁਗਤਾਨ ਤੇ ਫਾਇਦੇ (ਅਗਨੀਵੀਰ ਨੂੰ ਕੀ ਮਿਲੇਗਾ)
ਸਾਲ | ਹਰ ਮਹੀਨੇ ਭੱਤਾ | ਹੱਥ ’ਚ ਕੀ ਆਏਗਾ | ਫੌਜੀ ਦਾ ਯੋਗਦਾਨ (30 ਫੀਸਦੀ) | ਸੇਵਾ ਫੰਡ ’ਚ ਸਰਕਾਰ ਦਾ ਯੋਗਦਾਨ |
1 | 30,000 | 21,000 | 9,000 | 9,000 |
2 | 33,000 | 23,100 | 99,00 | 9,000 |
3 | 36,500 | 25,580 | 10,950 | 10,950 |
4 | 40,000 | 28,000 | 12,000 | 12,000 |