ਹਿਮਾਚਲ ''ਚ ਨਾਜਾਇਜ਼ ਮਸਜਿਦ ਦੀ ਉਸਾਰੀ ਨੂੰ ਲੈ ਕੇ ਹੰਗਾਮਾ, ਸੜਕਾਂ ''ਤੇ ਉਤਰੇ ਲੋਕ
Friday, Sep 06, 2024 - 09:52 AM (IST)
ਸ਼ਿਮਲਾ (ਅੰਬਾ ਦੱਤ)– ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਸੰਜੌਲੀ ਵਿਚ ਮਸਜਿਦ ਦੀ ਨਾਜਾਇਜ਼ ਉਸਾਰੀ ਨੂੰ ਡੇਗਣ ਦੀ ਮੰਗ ਨੂੰ ਲੈ ਕੇ ਸਥਾਨਕ ਲੋਕ ਸੜਕਾਂ ’ਤੇ ਉਤਰ ਆਏ। ਵਿਰੋਧ ਪ੍ਰਦਰਸ਼ਨ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਹਿੰਦੂ ਸੰਗਠਨਾਂ ਦੇ ਲੋਕਾਂ ਨੇ ਹਿੱਸਾ ਲਿਆ। ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾ ਨੇ ਸੰਜੌਲੀ ਚੌਕ ਤੋਂ ਲੈ ਕੇ ਢਲੀ ਟਨਲ ਤੱਕ ਰੈਲੀ ਕੱਢੀ। ਇਸ ਦੌਰਾਨ ਵਿਖਾਵਾਕਾਰੀ ਸੰਜੌਲੀ ਚੌਕ ਦੀ ਸੜਕ ’ਤੇ ਬੈਠ ਗਏ ਅਤੇ ਨਾਅਰੇਬਾਜ਼ੀ ਕੀਤੀ। ਵਿਖਾਵੇ ਵਿਚ ਵੱਡੀ ਗਿਣਤੀ ਵਿਚ ਔਰਤਾਂ ਵੀ ਸ਼ਾਮਲ ਹੋਈਆਂ। ਲੋਕਾਂ ਨੇ ਨਾਜਾਇਜ਼ ਉਸਾਰੀ ਡਿਗਾਉਣ ਲਈ 2 ਦਿਨ ਦਾ ਅਲਟੀਮੇਟਮ ਦਿੱਤਾ ਹੈ।
ਹਿਮਾਚਲ ਪ੍ਰਦੇਸ਼ ਵਿਚ ਮੁਹੱਬਤ ਹੈ, ਇਥੇ ਕਿਸੇ ਲਈ ਨਫਰਤ ਨਹੀਂ : ਵਿਕਰਮਾਦਿਤਿਆ
ਲੋਕ ਨਿਰਮਾਣ ਮੰਤਰੀ ਵਿਕਰਮਾਦਿਤਿਆ ਸਿੰਘ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਮੁਹੱਬਤ ਹੈ, ਇਥੇ ਕਿਸੇ ਲਈ ਨਫਰਤ ਨਹੀਂ ਹੈ। ਨਾਜਾਇਜ਼ ਉਸਾਰੀ ਦੇ ਮਾਮਲੇ ਵਿਚ ਸਰਕਾਰ ਨੇ ਨੋਟਿਸ ਲਿਆ ਹੈ ਅਤੇ ਨਾਜਾਇਜ਼ ਉਸਾਰੀ ਨੂੰ ਬਰਦਾਸ਼ਤ ਨਹੀਂ ਕਰੇਗੀ।
ਸੂਬੇ ’ਚ ਸਾਰੇ ਧਰਮਾਂ ਦਾ ਸਨਮਾਨ : ਸੁੱਖੂ
ਸੂਬੇ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਸੂਬੇ ਵਿਚ ਸਾਰੇ ਨਾਗਰਿਕ ਬਰਾਬਰ ਹਨ। ਸੂਬੇ ਵਿਚ ਸਾਰੇ ਧਰਮਾਂ ਦਾ ਸਨਮਾਨ ਹੈ, ਜੋ ਵੀ ਕਾਨੂੰਨ ਵਿਵਸਥਾ ਨੂੰ ਹੱਥ ਵਿਚ ਲਵੇਗਾ, ਉਸ ’ਤੇ ਕਾਰਵਾਈ ਹੋਵੇਗੀ। ਹਿਮਾਚਲ ਪ੍ਰਦੇਸ਼ ਵਿਚ ਹਰ ਵਿਅਕਤੀ ਕਾਨੂੰਨ ਨਾਲ ਬੱਝਿਆ ਹੈ। ਪ੍ਰਦੇਸ਼ ਵਿਚ ਕਾਨੂੰਨ ਵਿਵਸਥਾ ਤੋੜਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਹੋਵੇਗੀ।
ਨਾਜਾਇਜ਼ ਉਸਾਰੀ ’ਤੇ ਸਰਕਾਰ ਕਰੇ ਢੁੱਕਵੀਂ ਕਾਰਵਾਈ : ਜੈਰਾਮ
ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਮਸਜਿਦ ਦਾ ਮਾਮਲਾ 2010 ਤੋਂ ਚੱਲ ਰਿਹਾ ਹੈ। ਇਸ ’ਤੇ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ। ਸਰਕਾਰ ਇਸ ’ਤੇ ਕਾਰਵਾਈ ਕਰੇ, ਜੋ ਨਾਜਾਇਜ਼ ਉਸਾਰੀ ਹੈ, ਉਸ ਨੂੰ ਤੋੜਿਆ ਜਾਵੇ।