ਕੇਂਦਰ ਦੀ ਲਾਪਰਵਾਹੀ ਕਾਰਨ ਆਕਸੀਜਨ ਦਾ ਸੰਕਟ ਪੈਦਾ ਹੋਇਆ ਅਤੇ ਲੋਕਾਂ ਦੀ ਮੌਤ ਹੋਈ : ਪ੍ਰਿਯੰਕਾ
Saturday, May 29, 2021 - 12:50 PM (IST)
ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੋਰੋਨਾ ਵਾਇਰਸ ਸੰਕਰਮਣ ਦੀ ਦੂਜੀ ਲਹਿਰ 'ਚ ਆਕਸੀਜਨ ਦੀ ਕਮੀ ਲਈ ਕੇਂਦਰ ਸਰਕਾਰ ਦੀ 'ਲਾਪਰਵਾਹੀ' ਨੂੰ ਜ਼ਿੰਮੇਵਾਰ ਠਹਿਰਾਇਆ। ਪ੍ਰਿਯੰਕਾ ਨੇ ਸ਼ਨੀਵਾਰ ਨੂੰ ਕਿਹਾ ਕਿ ਜੇਕਰ ਕੇਂਦਰ ਨੇ ਪਹਿਲੀ ਅਤੇ ਦੂਜੀ ਲਹਿਰ ਦਰਮਿਆਨ ਮਿਲੇ ਸਮੇਂ 'ਚ ਯੋਜਨਾਬੱਧ ਢੰਗ ਨਾਲ ਤਿਆਰੀ ਕੀਤੀ ਹੁੰਦੀ ਤਾਂ ਇਸ ਸੰਕਟ ਨੂੰ ਟਾਲਿਆ ਜਾ ਸਕਦਾ ਹੈ। ਸਰਕਾਰ ਤੋਂ ਪ੍ਰਸ਼ਨ ਪੁੱਛਦੇ ਹੋਏ 'ਜ਼ਿੰਮੇਵਾਰ ਕੌਣ' ਦੇ ਅਧੀਨ ਉਨ੍ਹਾਂ ਨੇ ਫੇਸਬੁੱਕ ਪੋਸਟ ਰਾਹੀਂ ਇਹ ਸਵਾਲ ਕੀਤਾ ਕਿ ਕੇਂਦਰ ਨੇ ਮਹਾਮਾਰੀ ਵਾਲੇ ਸਾਲ 2020 'ਚ ਆਕਸੀਜਨ ਦਾ ਨਿਰਯਾਤ 700 ਫੀਸਦੀ ਤੱਕ ਕਿਉਂ ਵਧਾ ਦਿੱਤਾ? ਉਨ੍ਹਾਂ ਨੇ ਇਹ ਵੀ ਪੁੱਛਿਆ ਕਿ ਮੋਦੀ ਸਰਕਾਰ ਨੇ ਆਪਣੇ ਹੀ ਵਿਸ਼ੇਸ਼ ਅਧਿਕਾਰ ਪ੍ਰਾਪਤ ਸਮੂਹ ਦੀ ਆਕਸੀਜਨ ਸੰਕਟ ਦੀ ਸਲਾਹ ਨੂੰ ਦਰਕਿਨਾਰ ਕਿਉਂ ਕੀਤਾ?
ਕਾਂਗਰਸ ਦੀ ਉੱਤਰ ਪ੍ਰਦੇਸ਼ ਇੰਚਾਰਜ ਨੇ ਕਿਹਾ,''ਮਹਾਮਾਰੀ ਦੀ ਮਾਰ ਦੇ ਪਹਿਲੇ ਤੱਕ ਆਕਸੀਜਨ ਨੂੰ ਪਹਿਲ ਰੂਪ ਨਾਲ ਉਦਯੋਗਿਕ ਉਦੇਸ਼ ਲਈ ਇਸਤੇਮਾਲ ਕੀਤਾ ਜਾਂਦਾ ਸੀ, ਇਸ ਲਈ ਭਾਰਤ ਕੋਲ ਆਕਸੀਜਨ ਟਰਾਂਸਪੋਰਟ 'ਚ ਇਸਤੇਮਾਲ ਹੋਣ ਵਾਲੇ ਵਿਸ਼ੇਸ਼ ਰੂਪ ਨਾਲ ਬਣਾਏ ਗਏ ਕ੍ਰਾਇਓਜੇਨਿਕ ਟੈਂਕਰਾਂ ਦੀ ਗਿਣਤੀ 1200-600 ਸੀ। ਕੋਰੋਨਾ ਦੀ ਪਹਿਲੀ ਲਹਿਰ ਅਤੇ ਦੂਜੀ ਲਹਿਰ ਦਰਮਿਆਨ ਮੋਦੀ ਸਰਕਾਰ ਨੇ ਇਨ੍ਹਾਂ ਟੈਂਕਰਾਂ ਦੀ ਗਿਣਤੀ ਵਧਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।'' ਉਨ੍ਹਾਂ ਨੇ ਦਾਅਵਾ ਕੀਤਾ,''ਭਾਰਤ ਆਕਸੀਜਨ ਦਾ ਸਭ ਤੋਂ ਵੱਡਾ ਆਕਸੀਜਨ ਉਤਪਾਦਕ ਦੇਸ਼ ਹੈ ਪਰ ਕੇਂਦਰ ਸਰਕਾਰ ਦੀ ਲਾਪਰਵਾਹੀ ਕਾਰਨ ਕੋਰੋਨਾ ਦੀ ਦੂਜੀ ਲਹਿਰ ਦੇ ਸਮੇਂ ਆਕਸੀਜਨ ਸੰਕਟ ਖੜ੍ਹਾ ਹੋਇਆ ਅਤੇ ਲੋਕਾਂ ਦੀਆਂ ਜਾਨਾਂ ਗਈਆਂ। ਕੇਂਦਰ ਸਰਕਾਰ ਨੇ 150 ਆਕਸੀਜਨ ਪਲਾਂਟ ਚਾਲੂ ਕਰਨ ਲਈ ਬੋਲੀ ਲਗਾਈ ਸੀ ਪਰ ਉਨ੍ਹਾਂ 'ਚੋਂ ਜ਼ਿਆਦਾਤਰ ਪਲਾਂਟ ਹਾਲੇ ਵੀ ਚਾਲੂ ਨਹੀਂ ਹੋ ਸਕੇ ਹਨ।''
ਪ੍ਰਿਯੰਕਾ ਨੇ ਇਹ ਦੋਸ਼ ਵੀ ਲਗਾਇਆ,''ਇਸ ਸੰਕਟ ਕਾਲ 'ਚ ਵੀ ਮੋਦੀ ਸਰਕਾਰ ਨੇ ਲੋਕਾਂ ਦੀ ਜੇਬ ਕੱਟਣ 'ਚ ਕੋਈ ਕਸਰ ਨਹੀਂ ਛੱਡੀ। ਸੰਸਦ ਦੀ ਸਿਹਤ ਮਾਮਲਿਆਂ ਦੀ ਸਥਾਈ ਕਮੇਟੀ ਨੇ ਸਰਕਾਰ ਨੂੰ ਪਹਿਲੇ ਹੀ ਸੁਝਾਇਆ ਸੀ ਕਿ ਕੇਂਦਰ ਸਰਕਾਰ ਨੂੰ ਆਕਸੀਜਨ ਸਿਲੰਡਰ ਦੀ ਕੀਮਤ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨੀ ਹੋਵੇਗੀ ਪਰ ਆਕਸੀਜਨ ਸਿਲੰਡਰ ਦੀ ਕੀਮਤ ਪਿਛਲੇ ਸਾਲ 4000 ਰੁਪਏ ਸੀ, ਉੱਥੇ ਹੀ ਇਕ ਸਾਲ 'ਚ ਵੱਧ ਕੇ 7 ਹਜ਼ਾਰ ਰੁਪਏ ਹੋ ਗਈ।'' ਉਨ੍ਹਾਂ ਕਿਹਾ,''ਪਿਛਲੇ ਇਕ ਸਾਲ ਦੌਰਾਨ ਕੇਂਦਰ ਸਰਕਾਰ ਨੇ ਕੋਰੋਨਾ 'ਤੇ ਜਿੱਤ ਐਲਾਨ ਕੀਤਾ, ਸੰਸਦ ਦੇ ਅੰਦਰ ਮੰਤਰੀਆਂ ਨੇ ਇਸ ਜਿੱਤ ਲਈ ਪ੍ਰਧਾਨ ਮੰਤਰੀ ਦੀ ਵਡਿਆਈ ਵੀ ਕੀਤੀ। ਦੇਸ਼ ਦੇ ਵਿਗਿਆਨੀਆਂ, ਮਾਹਿਰਾਂ ਨੂੰ ਚਿਤਾਵਨੀ ਦੇ ਬਾਵਜੂਦ ਕੇਂਦਰ ਨੇ ਦੂਜੀ ਲਹਿਰ ਦੇ ਖ਼ਤਰੇ ਨੂੰ ਅਣਦੇਖਾ ਕੀਤਾ।''