ਕਾਂਗਰਸ ’ਚ ਨਵਾਂ ਸੱਤਾ ਕੇਂਦਰ ਅਤੇ ਸੰਕਟ ਮੋਚਨ ਬਣੀ ਪ੍ਰਿਯੰਕਾ

07/28/2021 10:56:03 AM

ਨਵੀਂ ਦਿੱਲੀ– ਪ੍ਰਿਯੰਕਾ ਗਾਂਧੀ ਵਢੇਰਾ ਕਿਸੇ ਸਮੇਂ ਆਪਣੇ ਆਪ ਨੂੰ ਸਿਰਫ ਉੱਤਰ ਪ੍ਰਦੇਸ਼ ਤੱਕ ਹੀ ਸੀਮਤ ਰੱਖਦੀ ਸੀ ਪਰ ਹੁਣ ਉਹ ਦਿਨ ਬੀਤੇ ਸਮੇਂ ਗੱਲ ਬਣ ਗਏ ਹਨ। ਪ੍ਰਿਯੰਕਾ ਨੇ ਇਹ ਯਕੀਨੀ ਕੀਤਾ ਹੈ ਕਿ ਲੋਕਾਂ ’ਚ ਅਜਿਹੀ ਧਾਰਨਾ ਨਾ ਬਣ ਸਕੇ ਕਿ ਉਨ੍ਹਾਂ ਆਪਣੇ ਆਭਾ ਮੰਡਲ ’ਚੋਂ ਆਪਣੇ ਭਰਾ ਰਾਹੁਲ ਗਾਂਧੀ ਨੂੰ ਪ੍ਰਭਾਵਹੀਨ ਕਰ ਦਿੱਤਾ ਹੈ।

ਹੁਣ ਤਿੰਨ ਸਾਲ ਬਾਅਦ ਪ੍ਰਿਯੰਕਾ ਇਕ ਹੋਰ ਸੱਤਾ ਕੇਂਦਰ ਵਜੋਂ ਉਭਰ ਰਹੀ ਹੈ। ਉਹ ਪਾਰਟੀ ਦੀ ਪ੍ਰਮੁੱਖ ਸੰਕਟ ਮੋਚਨ ਬਣ ਗਈ ਹੈ। ਉਹ ਸੂਬਿਆਂ ਦੇ ਪਾਰਟੀ ਆਗੂਆਂ ਨਾਲ ਨਿਯਮਤ ਤੌਰ ’ਤੇ ਬੈਠਕਾਂ ਕਰ ਰਹੀ ਹੈ। ਨਾਲ ਹੀ ਗਾਂਧੀ ਪਰਿਵਾਰ ਵਲੋਂ ਲਏ ਜਾਣ ਵਾਲੇ ਅਹਿਮ ਫੈਸਲਿਆਂ ’ਚ ਹਿੱਸਾ ਬਣ ਰਹੀ ਹੈ। ਕਾਂਗਰਸ ਨੂੰ ਲੈ ਕੇ ਹਰ ਜ਼ਰੂਰੀ ਮੁੱਦੇ ’ਤੇ ਸੋਨੀਆ, ਰਾਹੁਲ ਅਤੇ ਪ੍ਰਿਯੰਕਾ ਵਲੋਂ ਮਿਲ ਕੇ ਹੀ ਸਾਰੇ ਫੈਸਲੇ ਲਏ ਜਾਂਦੇ ਹਨ। ਬਾਕੀ ਸੀਨੀਅਰ ਆਗੂਆਂ ਕੋਲੋਂ ਬਾਅਦ ਵਿਚ ਰਾਏ ਪੁੱਛ ਲਈ ਜਾਂਦੀ ਹੈ। ਪੰਜਾਬ ਦੇ ਅਮਰਿੰਦਰ-ਸਿੱਧੂ ਮਾਮਲੇ ’ਚ ਪ੍ਰਿਯੰਕਾ ਦੀ ਸੀਨੀਆਰਿਟੀ ਸਪੱਸ਼ਟ ਰੂਪ ਨਾਲ ਸਥਾਪਤ ਹੋ ਗਈ ਹੈ।

ਜਦੋਂ ਕਾਂਗਰਸ ਦੀ ਲੀਡਰਸ਼ਿਪ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਸਿਆਸੀ ਵਿਰੋਧੀ ਨਵਜੋਤ ਸਿੰਘ ਸਿੱਧੂ ਦੇ ਝਗੜੇ ਨੂੰ ਹੱਲ ਕਰਨ ’ਚ ਜੁਟੀ ਹੋਈ ਸੀ ਤਾਂ ਪ੍ਰਿਯੰਕਾ ਪੂਰੀ ਮਜ਼ਬੂਤੀ ਨਾਲ ਸਿੱਧੂ ਦੇ ਪਿੱਛੇ ਖੜ੍ਹੀ ਹੋ ਗਈ ਸੀ। ਉਹ ਪ੍ਰਿਯੰਕਾ ਹੀ ਸੀ ਜਿਸ ਨੇ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੁਗੋਪਾਲ ਨੂੰ ਐਤਵਾਰ ਰਾਤ ਫੋਨ ਕੀਤਾ ਸੀ ਅਤੇ ਉਨ੍ਹਾਂ ਨੂੰ ਸਿੱਧੂ ਦੀ ਨਿਯੁਕਤੀ ਦੇ ਐਲਾਨ ਵਾਲਾ ਪ੍ਰੈੱਸ ਬਿਆਨ ਜਾਰੀ ਕਰਨ ਲਈ ਕਿਹਾ ਸੀ। ਉਂਝ ਇਹ ਐਲਾਨ ਅਗਲੇ ਦਿਨ ਲਈ ਨਿਰਧਾਰਤ ਕੀਤਾ ਗਿਆ ਸੀ।

ਪ੍ਰਿਯੰਕਾ ਨੇ ਇਹ ਐਲਾਨ ਇਸ ਲਈ ਵੀ ਇੰਨੀ ਜਲਦੀ ਕਰਵਾਇਆ ਕਿਉਂਕਿ ਉਨ੍ਹਾਂ ਨੂੰ ਖਬਰ ਮਿਲੀ ਸੀ ਕਿ ਅਮਰਿੰਦਰ ਸਿੰਘ ਸ਼ਕਤੀ ਪ੍ਰਦਰਸ਼ਨ ਦੀ ਯੋਜਨਾ ਬਣਾ ਰਹੇ ਹਨ। ਰਾਜਸਥਾਨ ਦੀ ਗੱਲ ਕਰੀਏ ਤਾਂ ਇਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਕਿ ਪ੍ਰਿਯੰਕਾ ਸਚਿਨ ਪਾਇਲਟ ਨਾਲ ਲਗਾਤਾਰ ਸੰਪਰਕ ’ਚ ਹੈ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਪੂਰਾ ਜ਼ੋਰ ਲਾ ਰਹੀ ਹੈ। ਪ੍ਰਸ਼ਾਂਤ ਕਿਸ਼ੋਰ ਨਾਲ ਵੀ ਸੰਪਰਕ ਬਣਾਉਣ ’ਚ ਪ੍ਰਿਯੰਕਾ ਨੇ ਪ੍ਰਮੁੱਖ ਭੂਮਿਕਾ ਨਿਭਾਈ। ਪ੍ਰਿਯੰਕਾ ਨੇ ਇਹ ਗੱਲ ਯਕੀਨੀ ਬਣਾਈ ਕਿ ਪ੍ਰਸ਼ਾਂਤ ਸੋਨੀਆ ਨਾਲ ਜ਼ਰੂਰ ਮੁਲਾਕਾਤ ਕਰਨ। ਉਸ ਮੁਲਾਕਾਤ ਵਿਚ ਕੀ ਗੱਲ ਹੋਈ ਅਤੇ ਉਸ ਦਾ ਕੀ ਸਿੱਟਾ ਨਿਕਲੇਗਾ, ਇਹ ਅਜੇ ਕਹਿਣਾ ਔਖਾ ਹੈ ਪਰ ਪ੍ਰਸ਼ਾਂਤ ਕਿਸ਼ੋਰ ਚਾਹੁੰਦੇ ਹਨ ਕਿ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਕਰੇ।


Rakesh

Content Editor

Related News