ਪ੍ਰਯੰਕਾ ਗਾਂਧੀ ਨੂੰ ਸਮੁੱਚੇ UP ਦੀ ਮਿਲੀ ਕਮਾਨ-ਵਰਕਰਾਂ ''ਚ ਭਾਰੀ ਉਤਸ਼ਾਹ

Monday, Jul 22, 2019 - 07:31 PM (IST)

ਪ੍ਰਯੰਕਾ ਗਾਂਧੀ ਨੂੰ ਸਮੁੱਚੇ UP ਦੀ ਮਿਲੀ ਕਮਾਨ-ਵਰਕਰਾਂ ''ਚ ਭਾਰੀ ਉਤਸ਼ਾਹ

ਨਵੀਂ ਦਿੱਲੀ— ਕਾਂਗਰਸ ਦਾ ਪ੍ਰਧਾਨ ਕੌਣ ਹੋਵੇਗਾ, ਇਸ ਬਾਰੇ ਹਾਲੇ ਵੀ ਉਲਝਣ ਬਣੀ ਹੋਈ ਹੈ ਜਦਕਿ ਪ੍ਰਿਯੰਕਾ ਗਾਂਧੀ ਨੂੰ ਮਿਲੀ ਤਰੱਕੀ ਨਾਲ ਕਾਂਗਰਸ ਵਰਕਰਾਂ 'ਚ ਖੁਸ਼ੀ ਪਾਈ ਜਾ ਰਹੀ ਹੈ। ਯੂ. ਪੀ. (ਵੈਸਟ) ਦੇ ਇੰਚਾਰਜ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਜਿਓਤਰਦਿਤਿਆ ਵਲੋਂ ਅਸਤੀਫਾ ਦਿੱਤੇ ਜਾਣ 'ਤੇ ਹੁਣ ਸਮੁੱਚੀ ਯੂ. ਪੀ. ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਪ੍ਰਿਯੰਕਾ ਗਾਂਧੀ ਨੂੰ ਸੌਂਪ ਦਿੱਤੀ ਗਈ ਹੈ। ਹੁਣ ਤਕ ਪ੍ਰਿਯੰਕਾ ਗਾਂਧੀ ਕੇਵਲ ਯੂ. ਪੀ. (ਪੂਰਬ) ਦੀ ਆਲ ਇੰਡੀਆ ਕਾਂਗਰਸ ਕਮੇਟੀ ਜਨਰਲ ਸਕੱਤਰ ਬਤੌਰ ਇੰਚਾਰਜ ਚਲੀ ਆ ਰਹੀ ਸੀ ਪਰ ਸਿੰਧੀਆ ਦੇ ਅਸਤੀਫੇ ਉਪਰੰਤ ਪ੍ਰਿਯੰਕਾ ਗਾਂਧੀ ਨੂੰ ਸਮੁੱਚੇ ਯੂ. ਪੀ. ਦੀ ਦੇਖ-ਭਾਲ ਵਾਸਤੇ ਭਾਵੇਂ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਰਸਮੀ ਹੁਕਮ ਜਾਰੀ ਨਹੀਂ ਹੋਏ ਪਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਮਰੀਕਾ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਨੂੰ ਸਮੁੱਚੇ ਯੂ. ਪੀ. ਦੀ ਦੇਖ-ਭਾਲ ਵਾਸਤੇ ਕਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਰਾਹੁਲ ਗਾਂਧੀ ਜਦੋਂ ਅਗਲੇ ਹਫਤੇ ਅਮਰੀਕਾ ਤੋਂ ਪਰਤਣਗੇ ਤਦ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਵੇਗੀ। ਮੀਡੀਆ 'ਚ ਇਹ ਜ਼ੋਰਦਾਰ ਚਰਚਾ ਹੋ ਰਹੀ ਹੈ ਕਿ ਹੋ ਸਕਦਾ ਹੈ ਕਿ ਪ੍ਰਿਯੰਕਾ ਗਾਂਧੀ ਆਪਣੇ ਭਰਾ ਦੀ ਥਾਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਸਕਦੀ ਹੈ। ਪਾਰਟੀ 'ਚ ਇਹ ਮੰਗ ਜ਼ੋਰਦਾਰ ਉੱਠ ਰਹੀ ਹੈ ਕਿ ਪ੍ਰਿਯੰਕਾ ਨੂੰ ਹੀ ਪ੍ਰਧਾਨ ਬਣਾ ਦਿੱਤਾ ਜਾਵੇ ਕਿਉਂਕਿ ਪਾਰਟੀ ਨੂੰ ਪੁਨਰ ਸੁਰਜੀਤ ਕੇਵਲ ਗਾਂਧੀ ਪਰਿਵਾਰ ਦਾ ਹੀ ਮੈਂਬਰ ਕਰ ਸਕਦਾ ਹੈ। ਅਸਲ ਗੱਲ ਇਹ ਹੈ ਕਿ ਪਾਰਟੀ ਦੇ ਬਹੁਤ ਸਾਰੇ ਸੀਨੀਅਰ ਨੇਤਾ ਮਹਿਸੂਸ ਕਰਦੇ ਹਨ ਕਿ ਮਲਿਕਾਰੁਜਨ ਖੜਗੇ, ਮੁਕੁਲ ਵਸਨੀਕ ਜਾਂ ਸ਼ੈਲਜਾ ਵਰਗਿਆਂ ਨੂੰ ਅੰਤ੍ਰਿਮ ਪ੍ਰਧਾਨ ਥਾਪਣ ਨਾਲ ਪਾਰਟੀ ਨੂੰ ਪੁਨਰ ਸੁਰਜੀਤ ਕਰਨ 'ਚ ਦੇਰੀ ਹੋ ਸਕਦੀ ਹੈ। ਨੇਤਾਵਾਂ ਦਾ ਕਹਿਣਾ ਹੈ ਕਿ ਗਾਂਧੀਆਂ ਅਧੀਨ ਮਈ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ 11 ਕਰੋੜ ਤੋਂ ਵਧੇਰੇ ਵੋਟਾਂ ਹਾਸਲ ਹੋਈਆਂ ਸਨ ਅਤੇ ਜੇਕਰ ਪ੍ਰਿਯੰਕਾ ਗਾਂਧੀ ਨੂੰ ਪਾਰਟੀ ਦਾ ਪ੍ਰਧਾਨ ਥਾਪ ਦਿੱਤਾ ਜਾਵੇ ਤਾਂ ਵੋਟਰਾਂ ਦੀ ਗਿਣਤੀ 'ਚ ਹੋਰ ਵੀ ਵਧੇਰੇ ਵਾਧਾ ਹੋ ਸਕਦਾ ਹੈ। ਰਾਹੁਲ ਗਾਂਧੀ ਮੁੜ ਪ੍ਰਧਾਨ ਬਣਨ ਤੋਂ ਇਨਕਾਰ ਕਰਨ 'ਚ ਅੜੇ ਹੋਏ ਹਨ। ਸੂਤਰਾਂ ਨੇ ਕਿਹਾ ਹੈ ਕਿ ਕੇਵਲ ਪ੍ਰਿਯੰਕਾ ਗਾਂਧੀ ਵਰਗੀ ਸ਼ਖਸੀਅਤ ਹੀ ਪਾਰਟੀ 'ਚ ਨਵੀਂ ਰੂਹ ਫੂਕ ਸਕਦੀ ਹੈ ਪਰ ਪ੍ਰਿਯੰਕਾ ਗਾਂਧੀ ਨੇ ਚੁੱਪੀ ਧਾਰੀ ਹੋਈ ਹੈ ਤੇ ਉਨ੍ਹਾਂ ਨੇ ਖਾਮੋਸ਼ੀ ਨਾਲ ਸਮੁੱਚੇ ਯੂ. ਪੀ. ਦਾ ਚਾਰਜ ਲੈ ਲਿਆ ਹੈ ਅਤੇ ਯੂ. ਪੀ. ਕਾਂਗਰਸ ਦੇ ਜ਼ਿਲਿਆਂ ਦੇ ਪ੍ਰਧਾਨਾਂ ਨਾਲ ਇਕ ਲੰਬੀ ਬੈਠਕ ਕੀਤੀ ਹੈ। ਉਨ੍ਹਾਂ ਨੇ ਹਾਲ ਹੀ 'ਚ ਆਪਣੀ ਸੂਝ-ਬੂਝ ਸਬੰਧੀ ਵੱਡੀ ਛਾਪ ਛੱਡੀ ਹੈ। ਉਨ੍ਹਾਂ ਯੋਗੀ ਸਰਕਾਰ ਨੂੰ ਬੜੀ ਸਫਲਤਾ ਨਾਲ ਨਜਿੱਠਿਆ ਅਤੇ ਧਰਨੇ 'ਤੇ ਬੈਠ ਕੇ ਭਾਰਤੀ ਜਨਤਾ ਪਾਰਟੀ ਸਰਕਾਰ ਨੂੰ ਮਜਬੂਰਨ ਉਨ੍ਹਾਂ (ਪ੍ਰਿਯੰਕਾ) ਨੂੰ ਪੀੜਤਾਂ ਨਾਲ ਮੁਲਾਕਾਤ ਕਰਨ ਦੀ ਆਗਿਆ ਦੇਣੀ ਪਈ ਸੀ।


author

satpal klair

Content Editor

Related News