ਹੁਣ ਪ੍ਰਧਾਨ ਮੰਤਰੀ ਦੇ ਕਾਰਡ 'ਤੇ ਲਿਖਿਆ ਗਿਆ 'Prime Minister of Bharat', ਅੱਜ ਜਾਣਗੇ ਇੰਡੋਨੇਸ਼ੀਆ

Wednesday, Sep 06, 2023 - 05:46 AM (IST)

ਹੁਣ ਪ੍ਰਧਾਨ ਮੰਤਰੀ ਦੇ ਕਾਰਡ 'ਤੇ ਲਿਖਿਆ ਗਿਆ 'Prime Minister of Bharat', ਅੱਜ ਜਾਣਗੇ ਇੰਡੋਨੇਸ਼ੀਆ

ਨੈਸ਼ਨਲ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸੀਆਨ-ਭਾਰਤ ਸੰਮੇਲਨ 'ਚ ਹਿੱਸਾ ਲੈਣ ਲਈ ਅੱਜ ਸਵੇਰੇ ਇੰਡੋਨੇਸ਼ੀਆ ਲਈ ਰਵਾਨਾ ਹੋਣਗੇ। ਇਸ ਤੋਂ ਪਹਿਲਾਂ ਪੀ.ਐੱਮ. ਮੋਦੀ ਦੇ ਦੌਰੇ ਨਾਲ ਜੁੜਿਆ ਇਕ ਕਾਰਡ ਸਾਹਮਣੇ ਆਇਆ ਹੈ, ਜਿਸ ਵਿਚ 'Prime Minister of Bharat' ਲਿਖਿਆ ਹੋਇਆ ਹੈ। ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਜਦੋਂ ਦੱਖਣੀ ਅਫਰੀਕਾ ਅਤੇ ਗ੍ਰੀਸ ਦੇ ਦੌਰੇ 'ਤੇ ਸਨ ਤਾਂ ਵੀ 'ਪ੍ਰਾਈਮ ਮਿਨਿਸਟਰ ਆਫ ਭਾਰਤ' ਹੀ ਲਿਖਿਆ ਹੋਇਆ ਸੀ। ਇਸ ਦੇ ਨਾਲ ਹੀ ਜੀ-20 ਲਈ ਅਧਿਕਾਰੀਆਂ ਦੇ ਕਾਰਡ ਵੀ ਬਦਲੇ ਗਏ ਹਨ। ਹੁਣ ਅਫਸਰਾਂ ਦੇ ਕਾਰਡਾਂ 'ਤੇ ਭਾਰਤ ਆਫੀਸ਼ੀਅਲ ਲਿਖਿਆ ਜਾਵੇਗਾ।

PunjabKesari

ਦੱਸ ਦੇਈਏ ਕਿ ਰਾਜਧਾਨੀ ਦਿੱਲੀ ਵਿਚ 8 ਸਤੰਬਰ ਤੋਂ 10 ਸਤੰਬਰ ਤੱਕ ਜੀ-20 ਸੰਮੇਲਨ ਦਾ ਆਯੋਜਨ ਹੋਣ ਜਾ ਰਿਹਾ ਹੈ। ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜੀ-20 ਮਹਿਮਾਨ ਆਉਣੇ ਸ਼ੁਰੂ ਹੋ ਗਏ ਹਨ। ਜੀ-20 ਦਾ ਆਯੋਜਨ ਪ੍ਰਗਤੀ ਮੈਦਾਨ ਦੇ ਭਾਰਤ ਮੰਡਪਮ 'ਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 20ਵੇਂ ਆਸੀਆਨ-ਭਾਰਤ ਸੰਮੇਲਨ 'ਚ ਹਿੱਸਾ ਲੈਣ ਲਈ ਇੰਡੋਨੇਸ਼ੀਆ ਜਾਣਗੇ।

ਤੂਲ ਫੜਦਾ ਜਾ ਰਿਹੈ 'ਇੰਡੀਆ' ਬਨਾਮ 'ਭਾਰਤ' ਦਾ ਮੁੱਦਾ

ਇਕ ਮਹੱਤਵਪੂਰਨ ਘਟਨਾਕ੍ਰਮ ’ਚ ਜੀ-20 ਦੇ ਮੌਕੇ ’ਤੇ ਰਾਸ਼ਟਰਪਤੀ ਭਵਨ ਵਲੋਂ ਆਯੋਜਿਤ ਰਾਤਰੀ ਭੋਜ ਦੇ ਅੰਗ੍ਰੇਜ਼ੀ ਦੇ ਸੱਦਾ ਪੱਤਰ ’ਚ ‘ਇੰਡੀਆ’ ਨਾਂ ਹਟਾ ਕੇ ‘ਭਾਰਤ’ ਲਿਖਿਆ ਗਿਆ ਹੈ, ਜਿਸ ਨੂੰ ਲੈ ਕੇ ਵਿਰੋਧੀ ਧਿਰ ਤੇ ਸੱਤਾ ਧਿਰ ’ਚ ਵਿਵਾਦ ਸ਼ੁਰੂ ਹੋ ਗਿਆ ਹੈ।

ਕਾਂਗਰਸ ਦੇ ਨੇਤਾ ਸ਼ਸ਼ੀ ਥਰੂਰ ਨੇ ਕਿਹਾ,‘ਹਾਲਾਂਕਿ ਭਾਰਤ ਨੂੰ ‘ਭਾਰਤ’ ਕਹਿਣ ’ਚ ਕੋਈ ਸੰਵਿਧਾਨਕ ਇਤਰਾਜ਼ ਨਹੀਂ ਹੈ, ਜੋ ਦੇਸ਼ ਦੇ 2 ਅਧਿਕਾਰਕ ਨਾਵਾਂ ’ਚੋਂ ਇਕ ਹੈ, ਮੈਨੂੰ ਉਮੀਦ ਹੈ ਕਿ ਸਰਕਾਰ ਇੰਨੀ ਮੂਰਖ ਨਹੀਂ ਹੋਵੇਗੀ ਕਿ ‘ਇੰਡੀਆ’ ਤੋਂ ਪੂਰੀ ਤਰ੍ਹਾਂ ਨਾਲ ਛੁਟਕਾਰਾ ਪਾ ਲਏ, ਜਿਸ ਦੀ ਸਦੀਆਂ ਤੋਂ ਬਣੀ ਬਹੁਤ ਵੱਡੀ ਬ੍ਰਾਂਡ ਵੈਲਿਊ ਹੈ। ਸਾਨੂੰ ਇਤਿਹਾਸ ਦੇ ਉਸ ਨਾਂ ’ਤੇ ਆਪਣਾ ਦਾਅਵਾ ਛੱਡਣ ਦੀ ਬਜਾਏ ਦੋਵੇਂ ਸ਼ਬਦਾਂ ਦੀ ਵਰਤੋਂ ਜਾਰੀ ਰੱਖਣੀ ਚਾਹੀਦੀ, ਇਕ ਅਜਿਹਾ ਨਾਂ ਜਿਸ ਨੂੰ ਪੂਰੀ ਦੁਨੀਆ ’ਚ ਮਾਨਤਾ ਹਾਸਲ ਹੈ।’

ਇਹ ਖ਼ਬਰ ਵੀ ਪੜ੍ਹੋ - ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਮਾਮਲੇ 'ਚ ED ਦੀ ਵੱਡੀ ਕਾਰਵਾਈ: ਕਰੋੜਾਂ ਦਾ ਸੋਨਾ ਤੇ ਗਹਿਣੇ ਜ਼ਬਤ

ਕਾਂਗਰਸ ਨੇ ਮੰਗਲਵਾਰ ਨੂੰ ਇਸ ’ਤੇ ਇਤਰਾਜ਼ ਜਤਾਇਆ ਕਿ ਜੀ-20 ਡਿਨਰ ਦੇ ਸੱਦੇ ਵਿਚ ਰਾਸ਼ਟਰਪਤੀ ਨੂੰ ‘ਪ੍ਰੈਜ਼ੀਡੈਂਟ ਆਫ ਇੰਡੀਆ’ ਦੀ ਬਜਾਏ ‘ਪ੍ਰੈਜ਼ੀਡੈਂਟ ਆਫ ਭਾਰਤ’ ਕਹਿ ਗਿਆ ਹੈ। ਉਸ ਨੇ ਦਾਅਵਾ ਕੀਤਾ ਕਿ ਵਿਰੋਧੀ ਗਠਜੋੜ ਇੰਡੀਆ’ ਦੇ ਡਰ ਅਤੇ ਨਫਰਤ ਕਾਰਨ ਸਰਕਾਰ ਨੇ ਦੇਸ਼ ਦਾ ਨਾਂ ਬਦਲਣਾ ਸ਼ੁਰੂ ਕਰ ਦਿੱਤਾ ਹੈ।

ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੋਸ਼ਲ ਨੈੱਟਵਰਕਿੰਗ ਸਾਈਟ ‘ਐਕਸ’ ’ਤੇ ਇਕ ਪੋਸਟ 'ਚ ਕਿਹਾ ਇਹ ਖਬਰ ਵਾਕਈ ਸੱਚ ਹੈ। ਰਾਸ਼ਟਰਪਤੀ ਭਵਨ ਨੇ 9 ਸਤੰਬਰ ਨੂੰ ਹੋਣ ਵਾਲੇ ਜੀ-20 ਸੰਮੇਲਨ ਲਈ ਸੱਦਾ ਪੱਤਰ ‘ਪ੍ਰੈਜ਼ੀਡੈਂਟ ਆਫ ਇੰਡੀਆ’ ਦੀ ਬਜਾਏ ‘ਪ੍ਰੈਜ਼ੀਡੈਂਟ ਆਫ ਭਾਰਤ’ ਦੇ ਨਾਂ ’ਤੇ ਭੇਜਿਆ ਹੈ। ਸੰਵਿਧਾਨ ਦੀ ਧਾਰਾ ਇੱਕ ’ਚ ਲਿਖਿਆ ਹੈ ਇੰਡੀਆ ਭਾਵ ਭਾਰਤ ਸੂਬਿਆਂ ਦਾ ਸੰਘ ਹੋਵੇਗਾ। ਹੁਣ ਇਹ ‘ਯੂਨੀਅਨ ਆਫ ਸਟੇਟਸ’ ਵੀ ਹਮਲੇ ਦੀ ਮਾਰ ਹੇਠ ਹੈ।

ਇਕ ਹੋਰ ਪੋਸਟ ’ਚ ਰਮੇਸ਼ ਨੇ ਕਿਹਾ ਮੋਦੀ ਇਤਿਹਾਸ ਨੂੰ ਤੋੜ-ਮਰੋੜ ਕੇ ਭਾਰਤ ਨੂੰ ਵੰਡਣਾ ਜਾਰੀ ਰੱਖ ਸਕਦੇ ਹਨ ਪਰ ਅਸੀਂ ਹਿੰਮਤ ਨਹੀਂ ਹਾਰਾਂਗੇ। ਆਖ਼ਰ ‘ਇੰਡੀਆ’ (ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ) ਦੀਆਂ ਪਾਰਟੀਆਂ ਦਾ ਉਦੇਸ਼ ਕੀ ਹੈ? ਇਹ ਇੰਡੀਆ ਹੈ - ਸਦਭਾਵਨਾ, ਤਾਲਮੇਲ, ਸੁਲ੍ਹਾ ਅਤੇ ਵਿਸ਼ਵਾਸ ਲਿਆਉਣ ਵਾਲਾ। ‘ ਇੰਡੀਆ’ ਏਕਤਾ ਕਰੇਗਾ, ਇੰਡੀਆ’ ਦੀ ਜਿੱਤ ਹੋਵੇਗੀ।

ਕਾਂਗਰਸ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨੇ ‘ਐਕਸ’ 'ਤੇ ਪੋਸਟ ਕੀਤਾ ਕਿ ਭਾਜਪਾ ਦਾ ਮਾੜਾ ਦਿਮਾਗ ਹੀ ਸੋਚ ਸਕਦਾ ਹੈ ਕਿ ਲੋਕਾਂ ਨੂੰ ਕਿਵੇਂ ਵੰਡਿਆ ਜਾਵੇ। ਇੱਕ ਵਾਰ ਫਿਰ ‘ ਇੰਡੀਅਨਜ਼’ ਅਤੇ ਭਾਰਤੀਆਂ ਦਰਮਿਆਨ ਫੁੱਟ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਸਾਨੂੰ ਪਤਾ ਸੀ ਕਿ ਉਹ ‘ ਇੰਡੀਆ’ ਤੋਂ ਡਰਦੇ ਹਨ, ਪਰ ਇੰਨੀ ਨਫ਼ਰਤ ਕਿ ਉਹ ਦੇਸ਼ ਦਾ ਨਾਂ ਬਦਲਣ ਲੱਗ ਪੈਣਗੇ, ਇਹ ਕਦੇ ਸੋਚਿਆ ਵੀ ਨਹੀਂ ਸੀ। ਹੁਣ ਇੱਕ ਅਸਫਲ ਤਾਨਾਸ਼ਾਹ ਦੇ ਸੰਘਰਸ਼ ਨੂੰ ਵੇਖ ਕੇ ਤਰਸ ਆਉਂਦਾ ਹੈ ਜੋ ਸੱਤਾ ਗੁਆਉਣ ਵਾਲਾ ਹੈ।

ਇਹ ਖ਼ਬਰ ਵੀ ਪੜ੍ਹੋ - Part Time Job ਦੀ ਭਾਲ 'ਚ ਹੋ ਤਾਂ ਹੋ ਜਾਓ ਸਾਵਧਾਨ, ਕਿਤੇ ਕਰ ਨਾ ਬੈਠੀਓ ਅਜਿਹੀ ਗਲਤੀ

ਭਾਜਪਾ ਨੇ ਵੀ ਕੀਤਾ ਪਲਟਵਾਰ

ਵਿਰੋਧੀ ਧਿਰ ’ਤੇ ਪਲਟਵਾਰ ਕਰਦੇ ਹੋਏ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਸਵਾਲ ਕੀਤਾ ਕਿ ‘ਪ੍ਰੈਜ਼ੀਡੈਂਟ ਆਫ ਭਾਰਤ’ ਸ਼ਬਦ ਦੀ ਵਰਤੋਂ ਕਰਨ ’ਚ ਕੀ ਮੁਸ਼ਕਿਲ ਹੈ ਕਿਉਂਕਿ ਦੇਸ਼ ਦਾ ਨਾਂ ਤਾਂ ਭਾਰਤ ਹੀ ਹੈ। ਉਨ੍ਹਾਂ ਕਿਹਾ,‘ਕਾਂਗਰਸ ਹਰ ਚੀਜ਼ ਨੂੰ ਭਿਆਨਕ ਕੀਤੇ ਜਾਣ ਦੇ ਤੌਰ ’ਤੇ ਦੇਖਦੀ ਹੈ। ਕਦੀ ਉਹ ‘ਸਨਾਤਨ ਧਰਮ’ ਨੂੰ ਖਤਮ ਕਰਨ ਦੀ ਗੱਲ ਕਰਦੇ ਹਨ। ਮੈਨੂੰ ਨਹੀਂ ਲੱਗਦਾ ਕਿ ਇਸ ’ਚ (ਭਾਰਤ ਸ਼ਬਦ ਦੀ ਵਰਤੋਂ ’ਚ) ਕੋਈ ਸਮੱਸਿਆ ਹੈ।

ਉੱਧਰ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਆਪਣੇ ਟਵਿਟਰ ਹੈਂਡਲ ’ਚ ਆਪਣਾ ਪਰਿਚੈ ਮੁੱਖ ਮੰਤਰੀ ਆਸਾਮ, ਭਾਰਤ ਲਿਖ ਲਿਆ ਹੈ। ਸਰਮਾ ਨੇ ਕਾਂਗਰਸ ਨੇਤਾ ਜੈਰਾਮ ਰਮੇਸ਼ ਦੇ ਟਵੀਟ ਦੇ ਜਵਾਬ ’ਚ ਲਿਖਿਆ,‘ਹੁਣ ਮੇਰਾ ਖਦਸ਼ਾ ਸੱਚ ਸਾਬਿਤ ਹੋ ਗਿਆ ਹੈ। ਅਜਿਹਾ ਲੱਗਦਾ ਹੈ ਕਿ ਕਾਂਗਰਸ ਪਾਰਟੀ ਨੂੰ ਭਾਰਤ ਦੇ ਪ੍ਰਤੀ ਸਖਤ ਨਫਰਤ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ‘ਇੰਡੀਆ ਗੱਠਜੋੜ’ ਨਾਂ ਜਾਣਬੁੱਝ ਕੇ ਭਾਰਤ ਨੂੰ ਹਰਾਉਣ ਦੇ ਮਕਸਦ ਨਾਲ ਚੁਣਿਆ ਗਿਆ ਸੀ।

ਆਓ ਇੰਡੀਆ ਸ਼ਬਦ ਨੂੰ ਭੁੱਲ ਜਾਈਏ : ਵੀ. ਐੱਚ. ਪੀ.

ਵਿਸ਼ਵ ਹਿੰਦੂ ਪ੍ਰੀਸ਼ਦ (ਵੀ. ਐੱਚ. ਪੀ.) ਦੇ ਰਾਸ਼ਟਰੀ ਬੁਲਾਰੇ ਵਿਨੋਦ ਬੰਸਲ ਨੇ ਕਿਹਾ,‘ਸਾਨੂੰ ਆਪਣੇ ‘ਭਾਰਤ ਦੇ ਰਾਸ਼ਟਰਪਤੀ’- ਰਾਸ਼ਟਰਪਤੀ ਭਵਨ ’ਤੇ ਮਾਣ ਹੈ। ਆਓ ਇੰਡੀਆ ਸ਼ਬਦ ਨੂੰ ਭੁੱਲ ਜਾਈਏ।’

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News