PM ਮੋਦੀ ਕੋਲ ਭਾਰਤ ਲਈ ਅਗਲੇ 1,000 ਸਾਲਾਂ ਦਾ ਵਿਜ਼ਨ : ਅਵਧੇਸ਼ਾਨੰਦ ਗਿਰੀ

Monday, Mar 31, 2025 - 07:54 PM (IST)

PM ਮੋਦੀ ਕੋਲ ਭਾਰਤ ਲਈ ਅਗਲੇ 1,000 ਸਾਲਾਂ ਦਾ ਵਿਜ਼ਨ : ਅਵਧੇਸ਼ਾਨੰਦ ਗਿਰੀ

ਨਾਗਪੁਰ, (ਅਨਸ)– ਜੂਨਾ ਅਖਾੜੇ ਦੇ ਮਹਾਮੰਡਲੇਸ਼ਵਰ ਸਵਾਮੀ ਅਵਧੇਸ਼ਾਨੰਦ ਗਿਰੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਾਗਪੁਰ ਸਥਿਤ ਆਰ. ਐੱਸ. ਐੱਸ. ਹੈੱਡਕੁਆਰਟਰ ਦੇ ਕੀਤੇ ਗਏ ਦੌਰੇ ਦੌਰਾਨ ਹੋਏ ਘਟਨਾਚੱਕਰਾਂ ’ਤੇ ਚਾਨਣਾ ਪਾਇਆ ਅਤੇ ਕਿਹਾ ਕਿ ਅਗਲੇ 1,000 ਸਾਲਾਂ ਤਕ ਭਾਰਤ ਦੀ ਤਰੱਕੀ ਤੇ ਖੁਸ਼ਹਾਲੀ ਲਈ ਪੀ. ਐੱਮ. ਮੋਦੀ ਕੋਲ ਪੂਰਾ ਵਿਜ਼ਨ ਹੈ।

ਉਨ੍ਹਾਂ ਦੇਸ਼ ਦੇ ਵੀਰਾਂ ਤੇ ਇਤਿਹਾਸਕ ਸ਼ਖਸੀਅਤਾਂ ਦਾ ਅਪਮਾਨ ਕਰਨ ’ਤੇ ਵਿਰੋਧੀ ਧਿਰ ਦੀ ਵੀ ਆਲੋਚਨਾ ਕੀਤੀ। ਮੋਦੀ ਨੇ ਐਤਵਾਰ ਨੂੰ ਗੁੜੀ ਪੜਵਾ ਦੇ ਮੌਕੇ ’ਤੇ ਆਰ. ਐੱਸ. ਐੱਸ. ਹੈੱਡਕੁਆਰਟਰ ’ਚ ਆਯੋਜਿਤ ਇਕ ਪ੍ਰੋਗਰਾਮ ਵਿਚ ਹਿੱਸਾ ਲਿਆ।

ਪ੍ਰੋਗਰਾਮ ਵਿਚ ਮੋਦੀ ਅਤੇ ਸੰਘ ਮੁਖੀ ਮੋਹਨ ਭਾਗਵਤ ਤੋਂ ਇਲਾਵਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਸਵਾਮੀ ਅਵਧੇਸ਼ਾਨੰਦ ਗਿਰੀ ਮਹਾਰਾਜ ਵੀ ਮੌਜੂਦ ਸਨ। ਵਰਣਨਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਦਾ ਇਸ ਅਹੁਦੇ ’ਤੇ ਰਹਿੰਦੇ ਹੋਏ ਸੰਘ ਹੈੱਡਕੁਆਰਟਰ ਦਾ ਇਹ ਪਹਿਲਾ ਦੌਰਾ ਸੀ। ਅਟਲ ਬਿਹਾਰੀ ਵਾਜਪਾਈ ਤੋਂ ਬਾਅਦ ਉਹ ਉੱਥੇ ਜਾਣ ਵਾਲੇ ਦੂਜੇ ਪ੍ਰਧਾਨ ਮੰਤਰੀ ਹਨ।

ਸਵਾਮੀ ਅਵਧੇਸ਼ਾਨੰਦ ਗਿਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਭਾਰਤ ਨੂੰ ਅਗਲੇ 1,000 ਸਾਲਾਂ ਲਈ ਤਿਆਰ ਕਰਨ ਦੀ ਗੱਲ ਕਹੀ ਤਾਂ ਜੋ ਇਸ ਦੀ ਮਜ਼ਬੂਤੀ ਤੇ ਖੁਸ਼ਹਾਲੀ ਯਕੀਨੀ ਬਣ ਸਕੇ। ਉਨ੍ਹਾਂ ਭਾਰਤ ਦੀਆਂ ਸੱਭਿਆਚਾਰਕ ਕਦਰਾਂ-ਕੀਮਤਾਂ, ਖਾਸ ਤੌਰ ’ਤੇ ਵਸੂਧੈਵ ਕੁਟੁੰਬਕਮ ਦੇ ਦਰਸ਼ਨ–‘ਵਿਸ਼ਵ ਇਕ ਪਰਿਵਾਰ ਹੈ’ ਦੇ ਵਿਚਾਰ ’ਤੇ ਪੀ. ਐੱਮ. ਮੋਦੀ ਦੇ ਜ਼ੋਰ ਵੱਲ ਧਿਆਨ ਦਿਵਾਇਆ।

ਸਵਾਮੀ ਅਵਧੇਸ਼ਾਨੰਦ ਨੇ ਕਿਹਾ ਕਿ ਮੋਦੀ ਨੇ ਭਾਰਤੀ ਸੱਭਿਆਚਾਰ ਦੇ ਲੋਕ ਕਲਿਆਣਕਾਰੀ ਪਹਿਲੂਆਂ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸਦੀਆਂ ਤੋਂ ਇਸ ਨੇ ਮਨੁੱਖਤਾ ਨੂੰ ਭਲਾਈ ਵੱਲ ਅੱਗੇ ਵਧਾਇਆ ਹੈ।


author

Rakesh

Content Editor

Related News