ਰਾਸ਼ਟਰਪਤੀ ਦਾ ਚੀਨ ਨੂੰ ਸਖਤ ਸੰਦੇਸ਼, ਕੋਈ ਅਸ਼ਾਂਤੀ ਪੈਦਾ ਕਰੇਗਾ ਤਾਂ ਮਿਲੇਗਾ ਮੂੰਹ-ਤੋੜ ਜਵਾਬ
Friday, Aug 14, 2020 - 10:23 PM (IST)

ਨਵੀਂ ਦਿੱਲੀ- ਸੁਤੰਤਰਤਾ ਦਿਵਸ ਤੋਂ ਪਹਿਲੀ ਸ਼ਾਮ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਦੇਸ਼ ਵਾਸੀਆਂ ਨੂੰ 74ਵੇਂ ਸੁਤੰਤਰਤਾ ਦਿਵਸ ਦੀਆਂ ਸ਼ੁੱਭਕਾਮਨਾਵਾਂ ਤੇ ਵਧਾਈਆਂ ਦਿੱਤੀਆਂ।
ਉਨ੍ਹਾਂ ਨੇ ਕਿਹਾ ਕਿ 15 ਅਗਸਤ ਨੂੰ ਅਸੀਂ ਸਾਰੇ ਤਿਰੰਗੇ ਨੂੰ ਲਹਿਰਾਉਂਦੇ ਹੋਏ ਆਜ਼ਾਦੀ ਦਿਵਸ ਸਮਾਗਮ ਵਿਚ ਹਿੱਸਾ ਲੈ ਕੇ ਤੇ ਦੇਸ਼ਭਗਤੀ ਨਾਲ ਭਰੇ ਗੀਤ ਸੁਣਕੇ ਉਤਸ਼ਾਹ ਨਾਲ ਭਰ ਜਾਂਦੇ ਹਾਂ। ਸਾਡੇ ਨੌਜਵਾਨਾਂ ਦੇ ਲਈ ਇਹ ਆਜ਼ਾਦੀ ਦੇ ਮਾਣ ਨੂੰ ਮਹਿਸੂਸ ਕਰਨ ਦਾ ਦਿਨ ਹੈ। ਇਸ ਮੌਕੇ 'ਤੇ ਅਸੀਂ ਆਪਣੇ ਆਜ਼ਾਦੀ ਘੁਲਾਟੀਆਂ ਦੇ ਬਲਿਦਾਨ ਨੂੰ ਸ਼ੁਕਰਗੁਜ਼ਾਰੀ ਦੇ ਨਾਲ ਯਾਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਸੀ ਖੁਸ਼ਕਿਸਮਤ ਹਾਂ ਕਿ ਮਹਾਤਮਾ ਗਾਂਧੀ ਸਾਡੇ ਸੁਤੰਤਰਤਾ ਅੰਦੋਲਨ ਦੇ ਮਾਰਗਦਰਸ਼ਕ ਰਹੇ। ਉਨ੍ਹਾਂ ਦੀ ਸ਼ਖਸੀਅਤ ਵਿਚ ਇਕ ਸੰਤ ਤੇ ਰਾਜਨੇਤਾ ਦਾ ਜੋ ਤਾਲਮੇਲ ਦਿਖਾਈ ਦਿੰਦਾ ਹੈ, ਉਹ ਭਾਰਤ ਦੀ ਮਿੱਟੀ ਵਿਚ ਹੀ ਦਿਖਾਈ ਦਿੰਦਾ ਹੈ।
ਰਾਸ਼ਟਰਪਤੀ ਕੋਵਿੰਦ ਨੇ ਰਾਸ਼ਟਰ ਦੇ ਨਾਮ ਸੰਬੋਧਨ ਵਿਚ ਚੀਨ ਦਾ ਨਾਮ ਲਏ ਬਿਨਾਂ ਕਿਹਾ ਕਿ ਜਦੋਂ ਕੋਰੋਨਾ ਵਰਗੀ ਮਹਾਮਾਰੀ ਨਾਲ ਵਿਸ਼ਵ ਭਾਈਚਾਰੇ ਨਾਲ ਨਿਪਟਣ ਦੀ ਲੋੜ ਹੈ, ਉਦੋਂ ਗੁਆਂਢੀ ਦੇਸ਼ ਨੇ ਆਪਣੀਆਂ ਵਿਸਥਾਰਵਾਦੀ ਗਤੀਵਿਧੀਆਂ ਨੂੰ ਚਾਲਾਕੀ ਨਾਲ ਅੰਜਾਮ ਦੇਣ ਦੀ ਹਿਮਾਕਤ ਕੀਤੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਪੂਰਾ ਦੇਸ਼ ਗਲਵਾਨ ਘਾਟੀ ਦੇ ਬਲਿਦਾਨੀਆਂ ਨੂੰ ਨਮਨ ਕਰਦਾ ਹੈ। ਹਰ ਭਾਰਤਵਾਸੀ ਦੇ ਦਿਲ ਵਿਚ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਪ੍ਰਤੀ ਸ਼ੁਕਰਗੁਜ਼ਾਰੀ ਦਾ ਭਾਵ ਹੈ। ਉਨ੍ਹਾਂ ਦੀ ਬਹਾਦਰੀ ਨੇ ਇਹ ਦਿਖਾ ਦਿੱਤਾ ਹੈ ਕਿ ਫਿਲਹਾਲ ਸਾਡੀ ਆਸਥਾ ਸਾਂਤੀ ਵਿਚ ਹੈ, ਫਿਰ ਵੀ ਜੇਕਰ ਕੋਈ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਮੂੰਹਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਅਸਥਾਈ ਮੈਂਬਰਤਾ ਦੇ ਲਈ ਹਾਲ ਵਿਚ ਹੋਈਆਂ ਚੋਣਾਂ ਵਿਚ ਮਿਲਿਆ ਭਾਰੀ ਸਮਰਥਨ ਭਾਰਤ ਦੇ ਪ੍ਰਤੀ ਵਿਆਪਕ ਅੰਤਰਰਾਸ਼ਟਰੀ ਸਦਭਾਵਨਾ ਦਾ ਪ੍ਰਮਾਣ ਹੈ। ਭਾਰਤ ਪੂਰੇ ਵਿਸ਼ਵ ਦੇ ਕਲਿਆਣ ਦੀ ਭਾਵਨਾ ਦੇ ਨਾਲ ਕੰਮ ਕਰਦਾ ਹੈ।
ਰਾਸ਼ਟਰਪਤੀ ਨੇ ਦੇਸ਼ ਵਿਚ ਕੋਰੋਨਾ ਦੇ ਕਹਿਰ 'ਤੇ ਚਿੰਤਾ ਵਿਅਕਤ ਕਰਦੇ ਹੋਏ ਕਿਹਾ ਕਿ ਇਸ ਦਾ ਵਾਰ ਗਰੀਬਾਂ 'ਤੇ ਹੋਇਆ ਹੈ ਤੇ ਸਰਕਾਰ ਨੇ ਇਸ ਦੇ ਅਸਰ ਤੋਂ ਉਨ੍ਹਾਂ ਨੂੰ ਉਭਾਰਣ ਦੇ ਲਈ ਕਈ ਕਲਿਆਣਕਾਰੀ ਕਦਮ ਚੁੱਕੇ ਹਨ। 'ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ' ਦੀ ਸ਼ੁਰੂਆਤ ਕੀਤੀ ਤਾਂਕਿ ਕਿਸੇ ਵੀ ਪਰਿਵਾਰ ਨੂੰ ਭੁੱਖਾ ਨਾ ਰਹਿਣਾ ਪਵੇ, ਇਸ ਦੇ ਲਈ ਲੋੜਵੰਦਾਂ ਨੂੰ ਮੁਫਤ ਅਨਾਜ ਦਿੱਤਾ ਜਾ ਰਿਹਾ ਹੈ। ਕੋਵਿੰਦ ਨੇ ਕਿਹਾ ਕਿ ਦੁਨੀਆ ਵਿਚ ਕਿਤੇ ਵੀ ਮੂਸੀਬਤ ਵਿਚ ਫਸੇ ਭਾਰਤੀਆਂ ਦੀ ਮਦਦ ਕਰਨ ਦੇ ਲਈ ਵਚਨਬੱਧ ਸਰਕਾਰ ਵਲੋਂ 'ਵੰਦੇ ਭਾਰਤ ਮਿਸ਼ਨ' ਦੇ ਤਹਿਤ 10 ਲੱਖ ਤੋਂ ਵਧੇਰੇ ਲੋਕਾਂ ਨੂੰ ਸਵਦੇਸ਼ ਵਾਪਸ ਲਿਆਂਦਾ ਗਿਆ ਹੈ। ਭਾਰਤੀ ਰੇਲ ਵਲੋਂ ਇਸ ਚੁਣੌਤੀ ਭਰੇ ਸਮੇਂ ਵਿਚ ਟਰੇਨ ਸੇਵਾਵਾਂ ਚਲਾਕੇ, ਵਸਤੂਆਂ ਤੇ ਲੋਕਾਂ ਦੇ ਆਉਣ-ਜਾਣ ਨੂੰ ਮੁਮਕਿਨ ਬਣਾਇਆ ਗਿਆ ਹੈ।