ਰਾਸ਼ਟਰਪਤੀ ਮੁਰਮੂ ਨੂੰ ਸਰਵਉੱਚ ਨਾਗਰਿਕ ਸਨਮਾਨ ਮਿਲਣਾ ਦੇਸ਼ ਲਈ ਮਾਣ ਦਾ ਪਲ: PM ਮੋਦੀ
Sunday, Aug 11, 2024 - 12:24 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਤਿਮੋਰ-ਲੇਸਟੇ ਦੇ ਸਰਵਉੱਚ ਨਾਗਰਿਕ ਸਨਮਾਨ 'ਗ੍ਰੈਂਡ-ਕਾਲਰ ਆਫ਼ ਦਿ ਆਰਡਰ ਆਫ਼ ਟਿਮੋਰ-ਲੇਸਟੇ' ਨਾਲ ਸਨਮਾਨਿਤ ਕੀਤੇ ਜਾਣ ਨੂੰ ਦੇਸ਼ ਲਈ 'ਮਾਣ ਵਾਲਾ ਪਲ' ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਦੋਵੇਂ ਦੇਸ਼ਾਂ ਦਰਮਿਆਨ ਮਜ਼ਬੂਤ ਸਬੰਧਾਂ ਅਤੇ ਆਪਸੀ ਸਨਮਾਨ ਨੂੰ ਦਰਸਾਉਂਦਾ ਹੈ। 66 ਸਾਲਾ ਮੁਰਮੂ ਨੂੰ ਸ਼ਨੀਵਾਰ ਨੂੰ ਤਿਮੋਰ-ਲੇਸਟੇ ਦੇ ਰਾਸ਼ਟਰਪਤੀ ਜੋਸ ਰਾਮੋਸ-ਹੋਰਤਾ ਵਲੋਂ ਸਮਾਜ ਸੇਵਾ ਅਤੇ ਸਿੱਖਿਆ, ਸਮਾਜ ਭਲਾਈ ਅਤੇ ਮਹਿਲਾ ਸਸ਼ਕਤੀਕਰਨ ਪ੍ਰਤੀ ਉਨ੍ਹਾਂ ਦੇ ਸਮਰਪਣ ਲਈ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ, ਗ੍ਰੈਂਡ-ਕਾਲਰ ਆਫ਼ ਦਿ ਆਰਡਰ ਆਫ਼ ਦਿ ਤਿਮੋਰ-ਲੇਸਟੇ ਨਾਲ ਸਨਮਾਨਤ ਕੀਤਾ ਗਿਆ।
ਪ੍ਰਧਾਨ ਮੰਤਰੀ ਮੋਦੀ ਨੇ 'ਐਕਸ' 'ਤੇ ਇਕ ਪੋਸਟ ਵਿਚ ਕਿਹਾ ਕਿ ਰਾਸ਼ਟਰਪਤੀ ਨੂੰ ਤਿਮੋਰ-ਲੇਸਟੇ ਦੇ ਸਰਵਉੱਚ ਨਾਗਰਿਕ ਸਨਮਾਨ ਗ੍ਰੈਂਡ-ਕਾਲਰ ਆਫ਼ ਦਿ ਆਰਡਰ ਆਫ਼ ਤਿਮੋਰ-ਲੇਸਟੇ ਨਾਲ ਸਨਮਾਨਤ ਹੁੰਦੇ ਦੇਖਣਾ ਸਾਡੇ ਲਈ ਇਕ ਮਾਣ ਵਾਲਾ ਪਲ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਜ਼ਬੂਤ ਸਬੰਧਾਂ ਅਤੇ ਆਪਸੀ ਸਨਮਾਨ ਨੂੰ ਦਰਸਾਉਂਦਾ ਹੈ। ਇਹ ਕਈ ਸਾਲਾਂ ਤੋਂ ਜਨਤਕ ਜੀਵਨ 'ਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਦੀ ਮਾਨਤਾ ਵਜੋਂ ਵੀ ਹੈ। ਮੁਰਮੂ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਦੇ ਹਿੱਸੇ ਵਜੋਂ ਸ਼ਨੀਵਾਰ ਨੂੰ ਦੱਖਣੀ ਏਸ਼ੀਆਈ ਦੇਸ਼ ਤਿਮੋਰ-ਲੇਸਟੇ ਦੀ ਰਾਜਧਾਨੀ ਦਿਲੀ ਵਿਚ ਸਨ। ਇਸ ਤੋਂ ਪਹਿਲਾਂ ਉਹ ਨਿਊਜ਼ੀਲੈਂਡ ਅਤੇ ਫਿਜੀ ਦੀ ਯਾਤਰਾ ਕਰ ਚੁੱਕੇ ਹਨ। ਮੁਰਮੂ ਤਿਮੋਰ-ਲੇਸਟੇ ਦਾ ਦੌਰਾ ਕਰਨ ਵਾਲੀ ਭਾਰਤ ਦੀ ਪਹਿਲੀ ਰਾਸ਼ਟਰਪਤੀ ਹਨ।