103 ਬਹਾਦਰੀ ਪੁਰਸਕਾਰਾਂ ਦਾ ਐਲਾਨ, ਸ਼ਹੀਦ ਕਰਨਲ ਮਨਪ੍ਰੀਤ ਸਿੰਘ ਤੇ DSP ਹੁਮਾਯੂ ਭੱਟ ਨੂੰ ਕੀਰਤੀ ਚੱਕਰ

Wednesday, Aug 14, 2024 - 11:21 PM (IST)

ਨੈਸ਼ਨਲ ਡੈਸਕ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੁਤੰਤਰਤਾ ਦਿਵਸ ਤੋਂ ਪਹਿਲੀ ਸ਼ਾਮ ਹਥਿਆਰਬੰਦ ਬਲਾਂ ਅਤੇ ਕੇਂਦਰੀ ਹਥਿਆਰਬੰਦ ਪੁਲਸ ਬਲਾਂ ਦੇ ਕਰਮਚਾਰੀਆਂ ਲਈ 103 ਬਹਾਦਰੀ ਪੁਰਸਕਾਰਾਂ ਨੂੰ ਮਨਜ਼ੂਰੀ ਦਿੱਤੀ। ਇਹਨਾਂ ਵਿੱਚ 4 ਕੀਰਤੀ ਚੱਕਰ (ਤਿੰਨ ਮਰਨ ਉਪਰੰਤ); 18 ਸ਼ੌਰਿਆ ਚੱਕਰ (ਚਾਰ ਮਰਨ ਉਪਰੰਤ); 1 ਸੈਨਾ ਮੈਡਲ (ਬਹਾਦਰੀ), 63 ਸੈਨਾ ਮੈਡਲ (ਦੋ ਮਰਨ ਉਪਰੰਤ); 11 ਨੇਵੀ ਮੈਡਲ (ਬਹਾਦਰੀ); ਅਤੇ 6 ਵਾਯੂ ਸੈਨਾ ਮੈਡਲ (ਬਹਾਦਰੀ) ਸ਼ਾਮਲ ਹਨ। ਰਾਸ਼ਟਰਪਤੀ ਨੇ ਵੱਖ-ਵੱਖ ਫੌਜੀ ਕਾਰਵਾਈਆਂ ਵਿੱਚ ਮਹੱਤਵਪੂਰਨ ਯੋਗਦਾਨ ਲਈ ਆਰਮੀ ਡਾਗ ਕੈਂਟ (ਮਰਣ ਉਪਰੰਤ) ਸਮੇਤ 39 ਮੈਂਸ਼ਨ-ਇਨ-ਡਿਸਪੈਚ ਨੂੰ ਵੀ ਪ੍ਰਵਾਨਗੀ ਦਿੱਤੀ। ਇਨ੍ਹਾਂ ਆਪਰੇਸ਼ਨਾਂ ਵਿੱਚ ਆਪ੍ਰੇਸ਼ਨ ਰਕਸ਼ਕ, ਆਪ੍ਰੇਸ਼ਨ ਸਨੋ ਲੀਓਪਾਰਡ, ਆਪ੍ਰੇਸ਼ਨ ਸਹਾਯਤਾ, ਆਪਰੇਸ਼ਨ ਹਿਫਾਜ਼ਤ, ਆਪ੍ਰੇਸ਼ਨ ਆਰਚਿਡ ਅਤੇ ਆਪ੍ਰੇਸ਼ਨ ਕੱਛਲ ਸ਼ਾਮਲ ਹਨ।

ਮੈਂਸ਼ਨ-ਇਨ-ਡਿਸਪੈਚ ਇਕ ਕਿਸਮ ਦਾ ਫੌਜੀ ਦਸਤਾਵੇਜ਼ ਹੈ, ਜਿਸ ਵਿਚ ਦੁਸ਼ਮਣ ਦਾ ਸਾਹਮਣਾ ਕਰਨ ਵਾਲੇ ਸਿਪਾਹੀ ਦੀ ਬਹਾਦਰੀ ਦੀ ਕਹਾਣੀ ਬਿਆਨ ਕੀਤੀ ਗਈ ਹੈ। ਕਰਨਲ ਮਨਪ੍ਰੀਤ ਸਿੰਘ, ਜੋ ਪਿਛਲੇ ਸਾਲ ਸਤੰਬਰ 'ਚ ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਅੱਤਵਾਦ ਵਿਰੋਧੀ ਮੁਹਿੰਮ 'ਚ ਫੌਜ ਦੀ ਟੀਮ ਦੀ ਅਗਵਾਈ ਕਰਦੇ ਹੋਏ ਸ਼ਹੀਦ ਹੋਏ ਸਨ, ਨੂੰ ਮਰਨ ਉਪਰੰਤ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੀਰਤੀ ਚੱਕਰ ਸ਼ਾਂਤੀਕਾਲ ਦੇ ਦੂਜੇ ਸਭ ਤੋਂ ਵੱਡੇ ਬਹਾਦਰੀ ਪੁਰਸਕਾਰਾਂ ਵਿੱਚੋਂ ਇੱਕ ਹੈ। ਦੋ ਹੋਰ ਸਿਪਾਹੀਆਂ - ਰਾਈਫਲਮੈਨ ਰਵੀ ਕੁਮਾਰ (ਮਰਨ ਉਪਰੰਤ) ਅਤੇ ਮੇਜਰ ਮੱਲਾ ਰਾਮ ਗੋਪਾਲ ਨਾਇਡੂ ਤੋਂ ਇਲਾਵਾ, ਜੰਮੂ ਅਤੇ ਕਸ਼ਮੀਰ ਪੁਲਸ ਦੇ ਡਿਪਟੀ ਸੁਪਰਡੈਂਟ ਹਿਮਾਯੂ ਮੁਜ਼ਮਮਿਲ ਭੱਟ ਨੂੰ ਵੀ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਸੀਆਰਪੀਐੱਫ ਨੂੰ 52 ਪੁਲਸ ਬਹਾਦਰੀ ਮੈਡਲ
ਕੇਂਦਰੀ ਰਿਜ਼ਰਵ ਪੁਲਸ ਬਲ (CRPF) ਨੂੰ 78ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਸਭ ਤੋਂ ਵੱਧ 52 ਪੁਲਸ ਬਹਾਦਰੀ ਦੇ ਮੈਡਲ ਪ੍ਰਾਪਤ ਹੋਏ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਪੁਰਸਕਾਰ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ। ਸੀਆਰਪੀਐੱਫ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੁੱਲ ਮੈਡਲਾਂ 'ਚੋਂ 25 ਮੈਡਲ ਜੰਮੂ-ਕਸ਼ਮੀਰ ਵਿੱਚ ਆਪਰੇਸ਼ਨ ਦੌਰਾਨ ਕਾਰਵਾਈਆਂ ਲਈ ਦਿੱਤੇ ਗਏ ਹਨ, ਜਦੋਂ ਕਿ ਖੱਬੇ ਪੱਖੀ ਅੱਤਵਾਦ ਪ੍ਰਭਾਵਿਤ ਰਾਜਾਂ ਵਿੱਚ ਨਕਸਲ ਵਿਰੋਧੀ ਕਾਰਵਾਈਆਂ ਲਈ 27 ਮੈਡਲ ਦਿੱਤੇ ਗਏ ਹਨ। ਸਬ-ਇੰਸਪੈਕਟਰ ਰੋਸ਼ਨ ਕੁਮਾਰ ਵੀ ਐਵਾਰਡ ਹਾਸਲ ਕਰਨ ਵਾਲਿਆਂ ਵਿੱਚ ਸ਼ਾਮਲ ਹਨ। ਫਰਵਰੀ 2019 ਵਿਚ ਬਿਹਾਰ 'ਚ ਮਾਓਵਾਦੀਆਂ ਵਿਰੁੱਧ ਉਸਦੀ ਬਹਾਦਰੀ ਭਰੀ ਕਾਰਵਾਈ ਲਈ ਉਨ੍ਹਾਂ ਨੂੰ ਮਰਨ ਉਪਰੰਤ ਬਹਾਦਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।

ਜੰਮੂ ਤੇ ਕਸ਼ਮੀਰ ਪੁਲਸ ਨੂੰ 31 ਬਹਾਦਰੀ ਮੈਡਲ
ਅਸਿਸਟੈਂਟ ਕਮਾਂਡੈਂਟ ਤੇਜਾ ਰਾਮ ਚੌਧਰੀ ਨੂੰ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਖਿਲਾਫ ਵੱਖ-ਵੱਖ ਮੁਹਿੰਮਾਂ 'ਚ ਦਲੇਰੀ ਦਿਖਾਉਣ ਲਈ ਇਸ ਵਾਰ ਦੋ ਬਹਾਦਰੀ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ। CRPF ਤੋਂ ਬਾਅਦ ਜੰਮੂ-ਕਸ਼ਮੀਰ ਪੁਲਸ ਦਾ ਨੰਬਰ ਆਉਂਦਾ ਹੈ, ਜਿਸ ਨੇ 31 ਬਹਾਦਰੀ ਮੈਡਲ ਪ੍ਰਾਪਤ ਕੀਤੇ ਹਨ, ਜਦਕਿ ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਪੁਲਿਸ ਨੂੰ 17-17 ਬਹਾਦਰੀ ਮੈਡਲ ਮਿਲੇ ਹਨ।


Baljit Singh

Content Editor

Related News